ਕੈਨੇਡਾ ਜਾਣ ਦਾ ਕ੍ਰੇਜ਼, ਜ਼ਮੀਨ ਵੇਚ-ਵੱਟ ਕੈਨੇਡਾ ਕੂਚ ਕਰ ਰਹੇ ਚੋਟੀ ਦੇ ਕਾਰੋਬਾਰੀ

03/02/2020 6:55:30 PM

ਜਲੰਧਰ : ਪੰਜਾਬ 'ਚੋਂ ਜਿੱਥੇ ਇਕ ਲੱਖ ਤੋਂ ਵੱਧ ਵਿਦਿਆਰਥੀ ਹਰ ਵਰ੍ਹੇ ਕੈਨੇਡਾ ਦਾ ਰੁਖ ਕਰ ਰਹੇ ਹਨ, ਉਥੇ ਹੀ ਆਪਣਾ ਕਾਰੋਬਾਰ ਅਤੇ ਪ੍ਰਾਪਰਟੀ ਵੇਚ-ਵੱਟ ਕੇ ਪੰਜਾਬ ਦੇ ਮੰਨੇ-ਪ੍ਰਮੰਨੇ ਲੋਕ ਵੀ ਕੈਨੇਡਾ ਕੂਚ ਕਰ ਰਹੇ ਹਨ। ਪੰਜਾਬ ਦੇ ਮੰਤਰੀਆਂ ਤੋਂ ਲੈ ਕੇ ਕਈ ਵਿਧਾਇਕਾਂ ਅਤੇ ਨਾਮਵਰ ਅਧਿਕਾਰੀਆਂ ਨੇ ਆਪਣੇ ਬੱਚਿਆਂ ਨੂੰ ਕੈਨੇਡਾ 'ਚ ਸੈਟਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਇਕ ਮੁੱਖ ਵਜ੍ਹਾ ਕੈਨੇਡਾ ਦਾ ਤੇਜ਼ੀ ਨਾਲ ਤਰੱਕੀ ਕਰਨਾ ਅਤੇ ਉਥੋਂ ਦੀ ਟਰੂਡੋ ਸਰਕਾਰ ਦੀ ਪੰਜਾਬੀ ਭਾਈਚਾਰੇ ਦੇ ਲੋਕਾਂ ਪ੍ਰਤੀ ਉਦਾਰਤਾ ਹੈ। ਇਹੀ ਵਜ੍ਹਾ ਹੈ ਕਿ ਕੈਨੇਡਾ 'ਚ ਚਾਰ ਪੰਜਾਬੀ ਮੂਲ ਦੇ ਮੰਤਰੀ ਹਨ ਅਤੇ ਇਸ ਦਾ ਪੂਰਾ ਅਸਰ ਪੰਜਾਬ 'ਚ ਹੋ ਰਿਹਾ ਹੈ। 

PunjabKesari

ਇੰਝ ਸ਼ੁਰੂ ਹੋਇਆ ਕੈਨੇਡਾ ਦਾ ਰੁਝਾਨ
1897 'ਚ ਮਹਾਰਾਣੀ ਵਿਕਟੋਰੀਆ ਨੇ ਬ੍ਰਿਟਿਸ਼ ਭਾਰਤੀ ਸੈਨਿਕਾਂ ਦੀ ਇਕ ਟੁਕੜੀ ਨੂੰ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ 'ਚ ਸ਼ਾਮਲ ਹੋਣ ਲਈ ਲੰਡਨ ਸੱਦਾ ਭੇਜਿਆ ਸੀ। ਰਿਸਾਲੇਦਾਰ ਮੇਜਰ ਕੇਸਰ ਸਿੰਘ, ਉਹ ਕੈਨੇਡਾ 'ਚ ਸ਼ਿਫਟ ਹੋਣ ਵਾਲੇ ਪਹਿਲੇ ਸਿੱਖ ਸਨ। ਉਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਨੂੰ ਆਪਣਾ ਘਰ ਬਣਾਇਆ। ਭਾਰਤ ਵਿਚ ਸਿੱਖਾਂ ਦੇ ਕੈਨੇਡਾ ਜਾਣ ਦਾ ਸਿਲਸਿਲਾ ਇਥੋਂ ਹੀ ਸ਼ੁਰੂ ਹੋਇਆ ਸੀ। ਉਦੋਂ ਕੁਝ ਹੀ ਸਾਲਾਂ ਵਿਚ ਬ੍ਰਿਟਿਸ਼ ਕੋਲੰਬੀਆ 5000 ਭਾਰਤੀ ਪਹੁੰਚ ਗਏ, ਜਿਨ੍ਹਾਂ ਵਿਚੋਂ 90 ਫੀਸਦੀ ਸਿੱਖ ਸਨ। ਸਿੱਖਾਂ ਦਾ ਕੈਨੇਡਾ 'ਚ ਵੱਸਣਾ ਅਤੇ ਵੱਧਣਾ ਇੰਨਾ ਆਸਾਨ ਨਹੀਂ ਰਿਹਾ ਹੈ। ਇਨ੍ਹਾਂ ਦਾ ਆਉਣਾ ਅਤੇ ਨੌਕਰੀ ਲਈ ਜਾਣਾ ਕੈਨੇਡਾ ਦੇ ਲੋਕਾਂ ਨੂੰ ਰਾਸ ਨਹੀਂ ਆਇਆ ਅਤੇ ਵਿਰੋਧ ਸ਼ੁਰੂ ਹੋ ਗਿਆ। 1907 ਤਕ ਆਉਂਦੇ-ਆਉਂਦੇ ਭਾਰਤੀਆਂ ਖਿਲਾਫ ਨਸਲੀ ਹਮਲੇ ਸ਼ੁਰੂ ਹੋ ਗਏ। ਇਸ ਤੋਂ ਕੁਝ ਸਾਲ ਬਾਅਦ ਹੀ ਭਾਰਤ ਵਿਚ ਪ੍ਰਵਾਸੀਆਂ ਦੇ ਆਉਣ 'ਤੇ ਰੋਕ ਲਗਾਉਣ ਲਈ ਕਾਨੂੰਨ ਬਣਾਇਆ ਗਿਆ। ਪਹਿਲਾਂ ਨਿਯਮ ਇਹ ਬਣਾਇਆ ਗਿਆ ਕਿ ਕੈਨੇਡਾ ਆਉਂਦੇ ਸਮੇਂ ਭਾਰਤੀਆਂ ਕੋਲ 200 ਡਾਲਰ ਹੋਣੇ ਚਾਹੀਦੇ ਹਨ। ਹਾਲਾਂਕਿ ਯੂਰਪੀਅਨਾਂ ਲਈ ਇਹ ਰਾਸ਼ੀ ਮਹਿਜ਼ 25 ਡਾਲਰ ਸੀ ਪਰ ਉਦੋਂ ਤਕ ਭਾਰਤੀ ਉਥੇ ਵਸ ਗਏ ਸਨ, ਇਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਸਨ। 

PunjabKesari

ਸਿੱਖਾਂ ਨੂੰ ਕੈਨੇਡਾ ਤੋਂ ਜ਼ਬਰਨ ਭਾਰਤ ਵੀ ਭੇਜਿਆ ਗਿਆ। ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨਾਲ ਭਰਿਆ ਜਹਾਜ਼ ਕਾਮਾਗਾਟਾ ਮਾਰੂ 1914 ਵਿਚ ਕੋਲਕਾਤਾ ਦੇ ਬਜ ਘਾਟ ਪਹੁੰਚਿਆ ਸੀ। ਇਨ੍ਹਾਂ ਵਿਚੋਂ ਲਗਭਗ 19 ਲੋਕਾਂ ਦੀ ਮੌਤ ਹੋ ਗਈ ਸੀ। ਭਾਰਤੀਆਂ ਨਾਲ ਭਰੇ ਇਸ ਜਹਾਜ਼ ਨੂੰ ਕੈਨੇਡਾ 'ਚ ਨਹੀਂ ਦਾਖਲ ਹੋਣ ਦਿੱਤਾ ਗਿਆ ਸੀ। 1960 ਦੇ ਦਹਾਕੇ ਵਿਚ ਕੈਨੇਡਾ 'ਚ ਲਿਬਰਲ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਸਿੱਖਾਂ ਲਈ ਵੀ ਇਤਿਹਾਸਕ ਸਾਬਤ ਹੋਈ। ਕੈਨੇਡਾ ਦੀ ਸੰਘੀ ਸਰਕਾਰ ਨੇ ਪ੍ਰਵਾਸੀ ਨਿਯਮਾਂ ਵਿਚ ਬਦਲਾਅ ਕੀਤਾ ਅਤੇ ਵਖਰੇਵੇਂ ਨੂੰ ਸਵਿਕਾਰ ਕਰਦਿਆਂ ਦਰਵਾਜ਼ੇ ਖੋਲ੍ਹ ਦਿੱਤੇ। ਇਸ ਦਾ ਅਸਰ ਇਹ ਹੋਇਆ ਕਿ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਵਿਚ ਤੇਜ਼ੀ ਆਈ। ਭਾਰਤ ਦੇ ਕਈ ਇਲਾਕਿਆਂ 'ਚੋਂ ਲੋਕਾਂ ਨੇ ਕੈਨੇਡਾ ਆਉਣਾ ਸ਼ੁਰੂ ਕਰ ਦਿੱਤਾ। ਇਥੋਂ ਤਕ ਕਿ ਅੱਜ ਵੀ ਭਾਰਤੀਆਂ ਦਾ ਕੈਨੇਡਾ ਜਾਣਾ ਲਗਾਤਾਰ ਜਾਰੀ ਹੈ। ਜਨਗਣਨਾ ਦੇ ਅੰਕੜਿਆਂ ਮੁਤਾਬਕ 2016 ਵਿਚ ਕੈਨੇਡਾ ਦੀ ਕੁੱਲ ਆਬਾਦੀ 'ਚ ਘੱਟ ਗਿਣਤੀ 22.3 ਫੀਸਦੀ ਹੋ ਗਈ। ਜਦਕਿ 1981 ਵਿਚ ਘੱਟ ਗਿਣਤੀਆਂ ਦੀ ਕੁੱਲ ਆਬਾਦੀ ਵਿਚ ਮਹਿਜ਼ 4.7 ਫੀਸਦੀ ਸੀ। ਇਸ ਰਿਪੋਰਟ ਅਨੁਸਾਰ 2036 ਤਕ ਕੈਨੇਡਾ ਦੀ ਕੁੱਲ ਆਬਾਦੀ ਵਿਚ ਘੱਟ ਗਿਣਤੀ 33 ਫੀਸਦੀ ਹੋ ਜਾਣਗੇ। 

PunjabKesari

ਪੀ. ਆਰ. ਲੈਣ ਵਾਲਿਆਂ ਦੀ ਗਿਣਤੀ ਵਧੀ
ਬੀਤੇ ਵਰ੍ਹੇ ਕੈਨੇਡਾ ਨੇ 3.41 ਲੱਖ ਵਿਦੇਸ਼ੀਆਂ ਨੂੰ ਪਰਮਾਨੈਂਟ ਰੈਜੀਡੈਂਸੀ ਦਿੱਤੀ। ਜਿਨ੍ਹਾਂ ਵਿਚ 85, 585 ਭਾਰਤੀ ਸਨ। ਇਹ ਦੂਜੀ ਵਾਰ ਹੋਇਆ ਹੈ ਜਦੋਂ ਕੈਨੇਡਾ ਵਿਚ 3 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਪੀ. ਆਰ. ਦਿੱਤੀ ਗਈ ਹੋਵੇ। ਪੀ. ਆਰ. ਅਮਰੀਕਾ ਦੇ ਗ੍ਰੀਨ ਕਾਰਡ ਦੇ ਬਰਾਬਰ ਹੈ, ਜਿਸ ਦੇ ਆਧਾਰ 'ਤੇ ਕੋਈ ਵਿਅਕਤੀ ਕੈਨੇਡਾ 'ਚ ਕਿਤੇ ਵੀ ਰਹਿਣ, ਕੰਮ ਕਰਨ ਦਾ ਅਧਿਕਾਰ ਪ੍ਰਾਪਤ ਕਰਦਾ ਹੈ। ਕੈਨੇਡਾ ਵਿਚ ਐਕਸਪ੍ਰੈੱਸ ਐਂਟਰੀ ਤੋਂ ਇਲਾਵਾ ਕਈ ਅਜਿਹੇ ਸਰਲ ਨਿਯਮ ਬਣਾ ਦਿੱਤੇ ਗਏ ਹਨ, ਜਿਸ ਦੇ ਤਹਿਤ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਸਿੱਧੀ ਪੀ. ਆਰ. ਲੈ ਸਕਦਾ ਹੈ। ਇਸ ਤੋਂ ਇਲਾਵਾ ਬਿਜਨੈੱਸ ਵੀਜ਼ਾ ਵੀ ਸ਼ੁਰੂ ਕੀਤਾ ਗਿਆ ਹੈ। 

ਇਨਵੈਸਟਮੈਂਟ ਵੀਜ਼ਾ ਦਾ ਚੰਗਾ ਹੁੰਗਾਰਾ ਮਿਲਿਆ ਹੈ। ਕੈਨੇਡਾ ਨੇ ਆਪਣੇ ਕਈ ਪੁਰਾਣੇ ਸ਼ਹਿਰਾਂ ਨੂੰ ਉਪਰ ਚੁੱਕਣ ਲਈ ਉਥੇ ਨਿਵੇਸ਼ ਕਰਨ ਵਾਲਿਆਂ ਨੂੰ ਉਨ੍ਹਾਂ ਸ਼ਹਿਰਾਂ ਦੀ ਨਾਗਰਿਕਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਕਈ ਕਾਰੋਬਾਰੀ ਆਪਣਾ ਕਾਰੋਬਾਰ ਵੇਚ ਵੱਟ ਕੇ ਕੈਨੇਡਾ ਕੂਚ ਕਰਨ ਲੱਗੇ ਹਨ, ਜਿਸ ਕਾਰਨ ਉਥੇ ਨਿਵੇਸ਼ ਹੋਣ ਲੱਗਾ ਹੈ। 

PunjabKesari

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨੂੰ ਪ੍ਰਮੋਟ ਕੀਤਾ
ਪੰਜਾਬੀ ਲੋਕ ਜਸਟਿਨ ਟਰੂਡੋ ਨੂੰ ਟਰੂਡੋ ਸਿੰਘ ਕਹਿ ਕੇ ਬੁਲਾਉਂਦੇ ਹਨ, ਉਨ੍ਹਾਂ ਦਾ ਤਰਕ ਹੈ ਕਿ ਟਰੂਡੋ ਨੇ ਪੰਜਾਬੀ ਮੂਲ ਦੇ ਲੋਕਾਂ ਨੂੰ ਕਾਫੀ ਪਿਆਰ ਦਿੱਤਾ ਹੈ। ਹਾਲਾਂਕਿ ਵਿਦਿਆਰਥੀ ਵੀਜ਼ਾ ਨੂੰ ਕੰਜਰਵੇਟਿਵ ਪਾਰਟੀ ਨੇ ਸ਼ੁਰੂ ਕੀਤਾ ਸੀ ਪਰ ਟਰੂਡੋ ਸਰਕਾਰ ਨੇ ਉਸ ਨੂੰ ਕਾਫੀ ਪ੍ਰਮੋਟ ਕੀਤਾ। ਇਹੋ ਵਜ੍ਹਾ ਹੈ ਕਿ ਜਿਥੇ ਪਹਿਲਾਂ 20-25 ਹਜ਼ਾਰ ਵਿਦਿਆਰਥੀ ਹਰ ਸਾਲ ਕੈਨੇਡਾ ਜਾਂਦੇ ਸਨ, ਹੁਣ ਉਨ੍ਹਾਂ ਦੀ ਗਿਣਤੀ ਵੱਧ ਕੇ ਲੱਖਾਂ 'ਚ ਪਹੁੰਚ ਚੁੱਕੀ ਹੈ ਅਤੇ ਸਟੱਡੀ ਵੀਜ਼ੇ ਦੇ ਨਾਮ 'ਤੇ ਵੀ ਕੈਨੇਡਾ ਕਾਫੀ ਤਰੱਕੀ ਕਰ ਰਿਹਾ ਹੈ। 


Gurminder Singh

Content Editor

Related News