ਕੈਨੇਡਾ ਦੀ ਤਰਜ਼ ''ਤੇ ਪੰਜਾਬ ''ਚ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਦਵਾਈਆਂ : ਸਿਹਤ ਮੰਤਰੀ

Monday, Jun 29, 2020 - 06:16 PM (IST)

ਕੈਨੇਡਾ ਦੀ ਤਰਜ਼ ''ਤੇ ਪੰਜਾਬ ''ਚ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਮੁਫ਼ਤ ਦਵਾਈਆਂ : ਸਿਹਤ ਮੰਤਰੀ

ਰਾਜਪੁਰਾ (ਚਾਵਲਾ, ਨਿਰਦੋਸ਼, ਮਸਤਾਨਾ) : ਸਿਵਲ ਹਸਪਤਾਲ ਰਾਜਪੁਰਾ 'ਚ ਜੱਚਾ ਔਰਤ ਬੱਚਾ ਕੇਂਦਰ ਬਣਨ ਨਾਲ ਜਨੇਪੇ ਤੋਂ ਬਾਅਦ ਮਾਤਾ ਤੇ ਉਸ ਦੇ ਬੱਚੇ ਨੂੰ ਹੋਣ ਵਾਲੀ ਇਨਫੈਕਸ਼ਨ ਦਾ ਖ਼ਤਰਾ ਬਹੁਤ ਘੱਟ ਹੋਵੇਗਾ। ਹਰ ਕਮਰੇ 'ਚ ਬਿਜਲੀ, ਪਾਣੀ ਅਤੇ ਆਕਸੀਜਨ ਵਰਗੀ ਸਾਰੀਆਂ ਸਹੂਲਤਾਂ ਹਰ ਸਮੇਂ ਉਪਲੱਬਧ ਹੋਣਗੀਆਂ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਬ-ਡਵੀਜ਼ਨ ਰਾਜਪੁਰਾ ਦੇ ਸਿਵਲ ਹਸਪਤਾਲ 'ਚ 6 ਕਰੋੜ ਦੀ ਲਾਗਤ ਨਾਲ ਬਣਾਈ 3 ਮੰਜ਼ਿਲਾ ਇਮਾਰਤ ਦੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਸਿਹਤ ਕੇਂਦਰ ਦੇ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਇਸ ਸਿਹਤ ਕੇਂਦਰ ਨੂੰ ਜਨਤਾ ਨੂੰ ਸਮਰਪਤ ਕਰਦੇ ਹੋਏ ਇਸ ਨੂੰ ਰਾਜਪੁਰਾ ਵਿਧਾਇਕ ਹਰਦਿਆਲ ਕੰਬੋਜ ਦੀਆਂ ਅਣਥੱਕ ਯਤਨਾਂ ਦਾ ਨਤੀਜਾ ਦੱਸਿਆ।

ਸਿਹਤ ਮੰਤਰੀ ਨੇ ਕਿਹਾ ਕਿ ਜਿਵੇਂ ਕੈਨੇਡਾ ਦੇ ਹਸਪਤਾਲਾਂ 'ਚ ਕੰਪਿਊਟਰ ਸਿਸਟਮ ਰਾਹੀਂ ਓ. ਪੀ. ਡੀ. ਤੋਂ ਬਾਅਦ ਡਾਕਟਰਾਂ ਵਲੋਂ ਦੱਸੀਆਂ ਦਵਾਈਆਂ ਸਿੱਧੇ ਫਾਰਮੇਸੀ ਤੋਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਮੁਫ਼ਤ ਦਿੱਤੀ ਜਾਣ ਵਾਲੀ ਰਿਪੋਰਟ ਐੱਸ. ਐੱਮ. ਓ., ਸੀ. ਐੱਮ. ਓ. ਅਤੇ ਉਨ੍ਹਾਂ ਦੇ ਵਿਭਾਗ ਤੱਕ ਪਹੁੰਚਦੀ ਹੈ, ਉਸੇ ਤਰਜ਼ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਿਹਤ ਸਬੰਧੀ ਪੰਜਾਬ ਦੀ ਜਨਤਾ ਨੂੰ ਮੁਫ਼ਤ ਦਵਾਈਆਂ ਦੇਣ ਦਾ ਵਾਅਦਾ ਜਲਦੀ ਪੂਰਾ ਕੀਤਾ ਜਾਵੇਗਾ।

ਇਸ ਮੌਕੇ ਵਿਧਾਇਕ ਹਰਦਿਆਲ ਕੰਬੋਜ ਨੇ ਆਏ ਲੋਕਾਂ ਸਾਹਮਣੇ ਸਿਹਤ ਮੰਤਰੀ ਦਾ ਰਾਜਪੁਰਾ ਦੇ ਲੋਕਾਂ ਨੂੰ ਜੱਚਾ-ਬੱਚਾ ਕੇਂਦਰ ਦਾ ਤੋਹਫ਼ਾ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਦੋਸਤਾਂ ਅਤੇ ਐੱਨ. ਜੀ. ਓ. ਸੰਸਥਾਵਾਂ ਤੇ ਖਾਸ ਤੌਰ 'ਤੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐੱਸ. ਪੀ. ਸਿੰਘ ਓਬਰਾਏ ਦੀ ਮਦਦ ਨਾਲ ਇਸ ਹਸਪਤਾਲ 'ਚ ਜਿਥੇ ਡਾਇਲਸਿਸ ਮਸ਼ੀਨਾਂ, ਸੇਲ ਕਾਊਂਟਰ, ਆਰ. ਓ. ਸਿਸਟਮ, ਬਿਜਲੀ ਜਨਰੇਟਰ ਸੈੱਟ ਲਗਵਾਏ ਗਏ। ਆਧੁਨਿਕ ਪਾਰਕਿੰਗ ਦੀ ਉਸਾਰੀ ਅਤੇ ਹਸਪਤਾਲ ਦੀ ਚਾਰ ਦੀਵਾਰੀ 'ਤੇ ਤਾਰ ਲਗਵਾਈ ਹੈ। ਇਸ ਦੀ ਬਦੌਲਤ ਇਸ ਹਪਤਾਲ ਨੂੰ ਕੁੱਝ ਸਮਾਂ ਪਹਿਲਾਂ ਪੂਰੇ ਭਾਰਤ 'ਚ ਬਿਹਤਰੀਨ ਹਸਪਤਾਲ ਦਾ ਖਿਤਾਬ ਵੀ ਹਾਸਲ ਹੋਇਆ ਸੀ।


author

Gurminder Singh

Content Editor

Related News