ਮੰਤਰੀ ਹਰਜੋਤ ਬੈਂਸ ਵੱਲੋਂ ਨੰਗਲ ਫਲਾਈਓਵਰ ਦਾ ਕਾਰਜ 2 ਸ਼ਿਫਟਾਂ ''ਚ ਕਰਨ ਦੇ ਹੁਕਮ

Wednesday, Jun 14, 2023 - 05:12 PM (IST)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਕਾਰਜ ਨੂੰ ਦੋ ਸ਼ਿਫਟਾਂ 'ਚ ਚਲਾਉਣ ਦੇ ਹੁਕਮ ਦਿੱਤੇ ਹਨ। ਹਰਜੋਤ ਬੈਂਸ ਅੱਜ ਇੱਥੇ ਪੰਜਾਬ ਸਿਵਲ ਸਕਤਰੇਤ ਵਿਖੇ ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਹਫ਼ਤਾਵਾਰੀ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

ਮੀਟਿੰਗ ਦੌਰਾਨ ਪੰਜਾਬ ਰਾਜ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵੱਲੋਂ ਨੰਗਲ ਫਲਾਈਓਵਰ ਦੀ ਉਸਾਰੀ ਸਬੰਧੀ ਕੰਪਨੀ ਵੱਲੋਂ ਅਪਣਾਈ ਗਈ ਢਿੱਲੀ-ਮੱਠੀ ਕਾਰਗੁਜ਼ਾਰੀ ਅਤੇ ਅਧਿਕਾਰੀਆਂ ਦੀ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕਰਦਿਆਂ ਕੰਪਨੀ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਜੇਕਰ ਹੁਣ ਮਿੱਥੀ ਸਮਾਂ ਸੀਮਾ 'ਚ ਫਲਾਈਓਵਰ ਦੀ ਉਸਾਰੀ ਦਾ ਕਾਰਜ ਮੁਕੰਮਲ ਨਹੀਂ ਹੋਇਆ ਤਾਂ ਕੰਪਨੀ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕੰਪਨੀ ਨੂੰ ਭਵਿੱਖ ਵਿੱਚ ਕੋਈ ਟੈਂਡਰ ਨਹੀਂ ਦਿੱਤਾ ਜਾਵੇਗਾ।

ਹਰਭਜਨ ਸਿੰਘ ਈ. ਟੀ. ਓ. ਨੇ ਇਸ ਫਲਾਈਓਵਰ ਦੀ ਉਸਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ 23 ਜੂਨ, 2023 ਨੂੰ ਆਪਣੇ ਦਫ਼ਤਰ ਵਿੱਚ ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ ਮੁੜ ਰੱਖੀ ਗਈ ਹੈ। ਕੈਬਨਿਟ ਮੰਤਰੀ ਬੈਂਸ ਨੇ ਮੀਟਿੰਗ 'ਚ ਹਾਜ਼ਰ ਐੱਸ. ਡੀ. ਐੱਮ. ਮਨੀਸ਼ਾ ਰਾਣਾ ਨੂੰ ਨਿਰਦੇਸ਼ ਦਿੱਤੇ ਕਿ ਨੰਗਲ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦੇ ਕਾਰਜ 'ਚ ਵੀ ਤੇਜੀ ਲਿਆਂਦੀ ਜਾਵੇ। ਇਸ ਮੀਟਿੰਗ 'ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ, ਪੀ. ਡਬਲਿਯੂ. ਡੀ. ਅਤੇ ਉਸਾਰੀ ਕੰਪਨੀ ਦੇ ਅਧਿਕਾਰੀ ਹਾਜ਼ਰ ਸਨ।


Babita

Content Editor

Related News