ਮੁਸਲਮਾਨਾਂ ਨੂੰ ਸੀ. ਏ. ਏ. ''ਚ ਸ਼ਾਮਲ ਕਰਨ ''ਤੇ ਕਾਇਮ ਅਕਾਲੀ ਦਲ

01/23/2020 2:17:21 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਦੁਹਰਾਇਆ ਹੈ ਕਿ ਇਹ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਦਾ ਸਮਰਥਨ ਕਰਦਾ ਹੈ ਪਰ ਇਸ ਐਕਟ 'ਚ ਮੁਸਲਮਾਨਾਂ ਨੂੰ ਸ਼ਾਮਲ ਕਰਨ ਦੇ ਸਟੈਂਡ 'ਤੇ ਵੀ ਕਾਇਮ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਕੋਰ ਕਮੇਟੀ ਦੀ ਸੱਦੀ ਵਿਸ਼ੇਸ਼ ਮੀਟਿੰਗ 'ਚ ਇਸ ਬਾਰੇ ਇਕ ਮਤਾ ਪਾਸ ਕੀਤਾ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੀ. ਏ. ਏ. ਉਪਰ ਆਪਣਾ ਉਲਝਣ ਭਰਿਆ ਸਟੈਂਡ ਸਪੱਸ਼ਟ ਕਰਨ ਅਤੇ ਈਮਾਨਦਾਰੀ ਨਾਲ ਇਹ ਸਪੱਸ਼ਟੀਕਰਨ ਦੇਣ ਲਈ ਆਖਿਆ ਕਿ ਕੀ ਉਹ ਇਸ ਐਕਟ ਅਧੀਨ ਸਿੱਖਾਂ ਨੂੰ ਦਿੱਤੀ ਸੁਰੱਖਿਆ ਦੀ ਹਮਾਇਤ ਕਰਦਾ ਹੈ ਜਾਂ ਵਿਰੋਧ ਕਰਦਾ ਹੈ?

ਕੋਰ ਕਮੇਟੀ ਦੇ ਮਤੇ ਵਿਚ ਕਿਹਾ ਗਿਆ ਕਿ ਜਿਸ ਤਰ੍ਹਾਂ ਹੁਣ ਤਕ ਸਪੱਸ਼ਟ ਹੈ ਕਿ ਮੁੱਖ ਮੰਤਰੀ ਸਿੱਖ ਵਿਰੋਧੀ ਮਾਨਸਿਕਤਾ, ਸਟੈਂਡ ਅਤੇ ਨੀਤੀਆਂ ਰੱਖਣ ਲਈ ਜਾਣੀ ਜਾਂਦੀ ਪਾਰਟੀ ਹਾਈਕਮਾਂਡ ਤੋਂ ਡਰਦਾ ਉਸ ਦੀ ਹਾਂ ਵਿਚ ਹਾਂ ਮਿਲਾ ਰਿਹਾ ਹੈ। ਅਮਰਿੰਦਰ ਨੂੰ ਸਿੱਖਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਸੀ. ਏ. ਏ. ਦੇ ਉਨ੍ਹਾਂ ਕਲਾਜ਼ਾਂ ਦਾ ਸਮਰਥਨ ਕਰਦਾ ਹੈ ਜਾਂ ਵਿਰੋਧ ਕਰਦਾ ਹੈ, ਜਿਹੜੇ ਮਹਾਨ ਸਿੱਖ ਧਰਮ ਦੇ ਮੈਂਬਰਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਕਟ 'ਚ ਸੋਧ ਕਰ ਕੇ ਭੇਦਭਾਵ ਦੂਰ ਕੀਤਾ ਜਾਵੇ। ਇਸ ਮੀਟਿੰਗ 'ਚ ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਜਥੇਦਾਰ ਤੋਤਾ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਹਰੀ ਸਿੰਘ ਜ਼ੀਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ, ਜਗਮੀਤ ਸਿੰਘ ਬਰਾੜ, ਸੁਰਜੀਤ ਸਿੰਘ ਰੱਖੜਾ, ਡਾ. ਦਲਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਸਿਰਸਾ, ਦਰਬਾਰਾ ਸਿੰਘ ਗੁਰੂ ਅਤੇ ਬਲਦੇਵ ਸਿੰਘ ਮਾਨ ਨੇ ਭਾਗ ਲਿਆ।
 


Anuradha

Content Editor

Related News