ਸੀ. ਐੱਮ. ਕੈਂਪ ਅੰਮ੍ਰਿਤਸਰ ''ਚ ਪੁਲਸ ਦੀ ਛਾਪੇਮਾਰੀ
Thursday, Jun 15, 2017 - 01:50 AM (IST)
ਅੰਮ੍ਰਿਤਸਰ, (ਪ੍ਰਵੀਨ ਪੁਰੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਅਤੇ ਮਾਝਾ ਸੀ. ਐੱਮ. ਕੈਂਪ ਅੰਮ੍ਰਿਤਸਰ ਦੇ ਇੰਚਾਰਜ ਬਾਵਾ ਸਿੰਘ ਸੰਧੂ ਦੇ ਦਫਤਰ 'ਚ 2 ਜ਼ਿਲਿਆਂ ਦੀ ਪੁਲਸ ਵੱਲੋਂ ਅਚਾਨਕ ਦਿੱਤੀ ਗਈ ਦਸਤਕ ਦਾ ਕਾਂਗਰਸੀਆਂ ਨੇ ਬੁਰਾ ਮਨਾਇਆ ਹੈ। ਖੁਦ ਬਾਵਾ ਸਿੰਘ ਸੰਧੂ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇ ਪੁਲਸ ਨੂੰ ਕਿਸੇ ਮੁਲਜ਼ਮ ਦੀ ਲੋੜ ਸੀ ਤਾਂ ਦਫਤਰ ਨੂੰ ਸੂਚਿਤ ਕਰ ਕੇ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਜਿਸ ਤਰੀਕੇ ਨਾਲ ਉਨ੍ਹਾਂ ਦੇ ਦਫਤਰ ਵਿਚ ਆ ਕੇ ਪੁੱਛ-ਪੜਤਾਲ ਕੀਤੀ ਹੈ ਉਹ ਗਲਤ ਹੈ, ਇਸ ਦਾ ਨੋਟਿਸ ਲਿਆ ਜਾਵੇਗਾ।
ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ 2 ਐੱਸ. ਐੱਚ. ਓਜ਼ ਦੀ ਅਗਵਾਈ ਹੇਠ ਪੁਲਸ ਰਿਆਲਟੋ ਚੌਕ 'ਚ ਸਥਿਤ ਮੁੱਖ ਮੰਤਰੀ ਕੈਂਪ ਦੇ ਦਫਤਰ ਵਿਚ ਛਾਪੇਮਾਰੀ ਕੀਤੀ ਗਈ ਸੀ। ਇਸ ਸਮੇਂ ਇਕ ਸਾਬਕਾ ਕੈਬਨਿਟ ਮੰਤਰੀ ਦੇ ਅਤਿ-ਨਜ਼ਦੀਕੀਆਂ 'ਚੋਂ ਗਿਣੇ ਜਾਂਦੇ ਅਕਾਲੀ ਕੌਂਸਲਰ ਤੇ ਇਕ ਬੱਸ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ 3 ਹੋਰ ਅਕਾਲੀ ਆਗੂ ਵੀ ਪੁਲਸ ਨਾਲ ਸੀ. ਐੱਮ. ਕੈਂਪ ਵਿਚ ਪਹੁੰਚੇ ਸਨ ਅਤੇ ਉਨ੍ਹਾਂ 2 ਕਮਰਿਆਂ ਦੇ ਅੰਦਰ ਤੱਕ ਦੀ ਤਲਾਸ਼ੀ ਹੀ ਨਹੀਂ ਲਈ ਸਗੋਂ ਉਥੇ ਮੌਜੂਦ ਕੁਝ ਸੀਨੀਅਰ ਕਾਂਗਰਸੀ ਆਗੂਆਂ ਨਾਲ ਤੂੰ-ਤੂੰ, ਮੈਂ-ਮੈਂ ਵੀ ਹੋਈ। ਬਾਵਾ ਸਿੰਘ ਸੰਧੂ ਉਸ ਸਮੇਂ ਦਫਤਰ ਵਿਚ ਮੌਜੂਦ ਨਹੀਂ ਸਨ।
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਅਚਾਨਕ ਉਨ੍ਹਾਂ ਦੇ ਦਫਤਰ ਵਿਚ ਰੇਡ ਕਰ ਕੇ ਜੋ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਲਸ ਨੇ ਇਹ ਕਿਸ ਦੇ ਕਹਿਣ 'ਤੇ ਕੀਤਾ ਹੈ, ਦੀ ਵੀ ਤਹਿ ਤੱਕ ਜਾਂਚ ਕਰਵਾਈ ਜਾਵੇਗੀ। ਪੁਲਸ ਨਾਲ ਮੌਜੂਦ ਅਕਾਲੀ ਆਗੂਆਂ ਦਾ ਕਹਿਣਾ ਸੀ ਕਿ ਕਾਂਗਰਸ ਵੱਲੋਂ ਕੁਝ ਗਲਤ ਆਦਮੀਆਂ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ, ਜਿਨ੍ਹਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਵੀ ਦਰਜ ਹਨ। ਜਿਸ ਸਮੇਂ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੋਨੂੰ ਜਾਫਰ ਵੀ ਮੌਜੂਦ ਸਨ। ਪੁਲਸ ਅਤੇ ਅਕਾਲੀ ਆਗੂਆਂ ਦੀ ਸੋਨੂੰ ਜਾਫਰ ਨਾਲ ਹੋਈ ਝੜਪ ਵਿਚ ਕਿਹਾ ਗਿਆ ਕਿ ਉਹ ਆਪਣੀ ਡਿਊਟੀ ਨਿਭਾਅ ਰਹੇ ਹਨ, ਜਦੋਂ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰਮ ਹੈ ਕਿ ਅਜੇ ਵੀ ਅਕਾਲੀ ਦਲ ਦੀ ਸਰਕਾਰ ਹੈ।
ਕਾਂਗਰਸੀ ਆਗੂਆਂ ਨੇ ਆਪਣਾ ਨਾਂ ਛੁਪਾਉਣ ਦੀ ਸ਼ਰਤ 'ਤੇ ਦੱਸਿਆ ਕਿ ਪਹਿਲਾਂ ਹੀ ਕਾਂਗਰਸੀ ਅਤੇ ਆਮ ਲੋਕਾਂ ਵਿਚ ਇਹ ਸੰਦੇਸ਼ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਪਰ ਹੇਠਲੇ ਪੱਧਰ 'ਤੇ ਅਕਾਲੀਆਂ ਦਾ ਦਬਦਬਾ ਉਂਝ ਹੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਕ ਸੀ. ਐੱਮ. ਦੇ ਕੈਂਪ 'ਤੇ ਪੁਲਸ ਵੱਲੋਂ ਕੀਤੀ ਗਈ ਛਾਪੇਮਾਰੀ ਸਾਬਿਤ ਕਰਦੀ ਹੈ ਕਿ ਉਹ ਮਾਨਸਿਕ ਤੌਰ 'ਤੇ ਅਜੇ ਵੀ ਆਪਣੇ-ਆਪ ਨੂੰ ਕਾਂਗਰਸ ਦੀ ਥਾਂ 'ਤੇ ਅਕਾਲੀ ਸਰਕਾਰ 'ਚ ਲੱਗੇ ਹੋਏ ਮੁਲਾਜ਼ਮ ਹੀ ਸਮਝ ਰਹੇ ਹਨ। ਇਕ ਕਾਂਗਰਸੀ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਉਹ ਵੱਖ-ਵੱਖ ਥਾਣਿਆਂ ਵਿਚ ਅਕਾਲੀ ਸਰਕਾਰ ਸਮੇਂ ਲਗਾਤਾਰ ਐੱਸ. ਐੱਚ. ਓ. ਵੀ ਰਹੇ ਹਨ। ਉਨ੍ਹਾਂ ਮੰਨਿਆ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਰਹਿਣ ਕਾਰਨ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਹਨ, ਜਿਸ ਤੋਂ ਵੱਡੇ-ਵੱਡੇ ਕਾਂਗਰਸੀ ਵੀ ਪ੍ਰੇਸ਼ਾਨ ਹੋ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਮੇਜਰ ਆਪ੍ਰੇਸ਼ਨ ਕਰਨਾ ਪਵੇਗਾ ਤਾਂ ਹੀ ਕਾਂਗਰਸ ਦੀ ਸਰਕਾਰ ਹੋਣ ਦਾ ਅਹਿਸਾਸ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਜਿਨ੍ਹਾਂ ਅਕਾਲੀ ਆਗੂਆਂ ਬਾਰੇ ਇਹ ਕਿਹਾ ਗਿਆ ਸੀ ਕਿ ਸਰਕਾਰ ਆਉਣ 'ਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਜੇਲਾਂ 'ਚ ਸੁੱਟਿਆ ਜਾਵੇਗਾ ਉਹ ਅੱਜ ਵੀ ਪੂਰੇ ਆਤਮ-ਵਿਸ਼ਵਾਸ ਨਾਲ ਸਰਕਾਰੇ-ਦਰਬਾਰੇ ਆਪਣੇ ਕੰਮ ਜਿਉਂ ਦੇ ਤਿਉਂ ਕਰਵਾ ਰਹੇ ਹਨ। ਅੱਜ ਦੀ ਕਾਰਵਾਈ ਨੇ ਕੈਪਟਨ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਇਕ ਹੋਰ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ।
