ਮਾਨਸਾ ਜ਼ਿਮਨੀ ਚੋਣ ''ਚ ਉਤਰ ਸਕਦਾ ਹੈ ਕੈਪਟਨ ਦਾ ''ਰਣਇੰਦਰ''

Wednesday, May 29, 2019 - 06:53 PM (IST)

ਮਾਨਸਾ : ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੌਰਾਨ ਵਿਧਾਇਕ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਭਾਵੇਂ ਅਜੇ ਤੱਕ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ ਪਰ ਇਸ ਇਲਾਕੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਜ਼ਿਮਨੀ ਚੋਣ ਲੜਨ ਸਬੰਧੀ ਚਰਚਾ ਤੇਜ਼ ਹੈ। ਰਣਇੰਦਰ ਸਿੰਘ 2009 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜੇ ਅਤੇ ਹਾਰ ਗਏ ਸਨ। ਲਿਹਾਜ਼ਾ ਇਸ ਖੇਤਰ ਵਿਚ ਰਣਇੰਦਰ ਰਾਜਨੀਤਕ ਤੌਰ 'ਤੇ ਚੰਗੀ ਪੈੜ ਰੱਖਦੇ ਹਨ। ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀ ਇਹ ਮੰਗ ਕਰਨ ਵਾਲੇ ਕਾਂਗਰਸੀ ਨੇਤਾਵਾਂ ਦੀ ਦਲੀਲ ਹੈ ਕਿ ਲੰਬੇ ਸਮੇਂ ਤੋਂ ਮਾਨਸਾ ਵਰਗੇ ਹਲਕੇ ਨੂੰ ਕਿਸੇ ਵੀ ਪਾਰਟੀ ਦਾ ਕੋਈ ਸਿਰਕੱਢ ਆਗੂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਿਆ ਹੈ, ਜਿਸ ਕਾਰਨ ਇਹ ਇਲਾਕਾ ਵਿਕਾਸ ਵਿਚ ਪੱਛੜ ਗਿਆ ਹੈ। ਹੁਣ ਧੜਿਆਂ ਵਿਚ ਵੰਡੀ ਪਈ ਕਾਂਗਰਸ ਪਾਰਟੀ ਨੂੰ ਇਕਮਿਕ ਕਰਨ ਲਈ ਇਕੋ ਆਵਾਜ਼ ਰਣਇੰਦਰ ਸਿੰਘ ਦੀ ਉੱਠਣ ਲੱਗੀ ਹੈ।

ਮਾਨਸਾ ਹਲਕੇ ਤੋਂ ਮੁੱਖ ਮੰਤਰੀ ਪੁੱਤਰ ਰਣਇੰਦਰ ਸਿੰਘ ਦਾ ਨਾਮ ਹੁਣ ਲਗਾਤਾਰ ਤਿੰਨ-ਚਾਰ ਦਿਨਾਂ ਤੋਂ ਉਸ ਵੇਲੇ ਦਾ ਸੁਰਖੀਆਂ ਵਿਚ ਆਉਣ ਲੱਗਿਆ ਹੈ ਜਦੋਂ ਇਸ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਚੋਣ ਲਈ ਵੱਡੇ ਪੱਧਰ 'ਤੇ ਉਮੀਦ ਕੀਤੀ ਜਾ ਰਹੀ ਲੀਡ ਹਾਸਲ ਨਾ ਹੋ ਸਕੀ। ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ ਬਾਲਾ ਦਾ ਕਹਿਣਾ ਹੈ ਕਿ ਉਹ ਮਾਨਸਾ ਦੇ ਵਿਕਾਸ ਨੂੰ ਮੁੱਖ ਮੰਨਦਿਆਂ ਖੁਦ ਇਥੋਂ ਰਣਇੰਦਰ ਸਿੰਘ ਦੇ ਆਉਣ ਦਾ ਸਵਾਗਤ ਕਰਨਗੇ। ਇਥੋਂ 2012 ਵਿਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਵਾਲੀ ਗੁਰਪ੍ਰੀਤ ਕੌਰ ਗਾਗੋਵਾਲ ਨੇ ਵੀ ਰਣਇੰਦਰ ਸਿੰਘ ਦੇ ਮਾਨਸਾ ਤੋਂ ਚੋਣ ਲੜਨ ਸਬੰਧੀ ਇਕ ਪੱਤਰ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੇਜਿਆ ਹੈ।

ਦੂਜੇ ਪਾਸੇ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਸਤੀਫਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਹੈ, ਜੇਕਰ ਮਾਨਸਾ ਦੇ ਲੋਕਾਂ ਨੂੰ ਰਣਇੰਦਰ ਸਿੰਘ ਰਾਹੀਂ ਆਪਣਾ ਵਿਕਾਸ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।


Gurminder Singh

Content Editor

Related News