5 ਕਰੋੜ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਹੋ ਰਿਹੈ ਅਣਹੋਂਦ ਦਾ ਸ਼ਿਕਾਰ
Sunday, Apr 01, 2018 - 08:22 AM (IST)

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦਾ 5 ਕਰੋੜ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ ਅਣਹੋਂਦ ਦਾ ਸ਼ਿਕਾਰ ਹੋ ਰਿਹਾ ਹੈ। ਬੱਸ ਸਟੈਂਡ ਦੀ ਸਾਂਭ-ਸੰਭਾਲ ਨਾ ਹੋਣ ਕਰ ਕੇ ਇਸ ਦੀ ਬਾਹਰਲੀ ਦਿਖ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਿਸ ਪਾਸੇ ਮਿੰਨੀ ਬੱਸਾਂ ਵਾਲੇ ਕਾਊਂਟਰ ਹਨ, ਉਸ ਪਾਸੇ ਜੋ ਮੁੱਖ ਗੇਟ ਹੈ, ਉਸ ਗੇਟ ਦੇ ਬਿਲਕੁਲ ਸਾਹਮਣੇ ਇਕ ਟੋਇਆ ਹੈ ਅਤੇ ਹਰੇਕ ਮਿੰਨੀ ਬੱਸ ਅੱਡੇ ਅੰਦਰ ਜਾਣ ਸਮੇਂ ਅਤੇ ਬਾਹਰ ਆਉਣ ਸਮੇਂ ਇਸ ਟੋਏ 'ਚ ਵੱਜਦੀਆਂ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਟੋਏ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਦਕਿ ਇਸ ਥਾਂ 'ਤੇ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਇਸੇ ਤਰ੍ਹਾਂ ਹੀ ਜਿਸ ਗੇਟ ਰਾਹੀਂ ਵੱਡੀਆਂ ਬੱਸਾਂ ਸਟੈਂਡ ਵਿਚ ਆਉਂਦੀਆਂ ਹਨ, ਉਸ ਗੇਟ 'ਤੇ ਦੋ ਸੜਕਾਂ ਬਰਾਬਰ ਬਣਾਈਆਂ ਗਈਆਂ ਸਨ ਪਰ ਇਕ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ ਪਈ ਹੈ ਅਤੇ ਬਿਲਕੁਲ ਬੰਦ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਲੱਖਾਂ-ਕਰੋੜਾਂ ਰੁਪਏ ਖਰਚ ਕੇ ਇਹ ਬੱਸ ਸਟੈਂਡ ਬਣਾਇਆ ਗਿਆ ਹੈ ਤਾਂ ਇਸ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ।