15 ਸਾਲ ਪਹਿਲਾਂ ਹੋਇਆ ਸੀ ਬਰਲਟਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ, ਮੁੜ ਉਥੇ ਇਕ ਇਟ ਨਹੀਂ ਲੱਗੀ
Saturday, May 20, 2023 - 10:35 AM (IST)

ਜਲੰਧਰ (ਖੁਰਾਣਾ)- ਅੱਜ ਤੋਂ ਲਗਭਗ 15 ਸਾਲ ਪਹਿਲਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਤਤਕਾਲੀ ਮੇਅਰ ਰਾਕੇਸ਼ ਰਾਠੌਰ ਨੇ ਜਦੋਂ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਾਉਣ ਦਾ ਪ੍ਰਾਜੈਕਟ ਐਲਾਨਿਆ ਸੀ, ਉਦੋਂ ਖੇਡ ਪ੍ਰੇਮੀ ਅਤੇ ਸ਼ਹਿਰ ਨਿਵਾਸੀਆਂ ਨੂੰ ਆਸ ਬੱਝੀ ਸੀ ਕਿ ਹੁਣ ਬਰਲਟਨ ਪਾਰਕ ਵਿਚ ਦੁਬਾਰਾ ਪੁਰਾਣੇ ਦਿਨ ਪਰਤਣਗੇ ਅਤੇ ਇਥੇ ਲੋਕਾਂ ਨੂੰ ਆਈ. ਪੀ. ਐੱਲ., ਟੈਸਟ ਮੈਚ, ਵਨਡੇ ਜਾਂ ਟਵੰਟੀ-20 ਵਰਗੇ ਟੂਰਨਾਮੈਂਟ ਦੇਖਣ ਨੂੰ ਮਿਲਣਗੇ। ਲੋਕਾਂ ਨੂੰ ਇਹ ਵੀ ਉਮੀਦ ਸੀ ਕਿ ਸਪੋਰਟਸ ਹੱਬ ਬਣਨ ਨਾਲ ਜਲੰਧਰ ਦੇ ਬਿਜ਼ਨੈੱਸ ਵਿਚ ਕਾਫ਼ੀ ਖੁਸ਼ਹਾਲੀ ਆਵੇਗੀ ਅਤੇ ਸਪੋਰਟਸ ਇੰਡਸਟਰੀ ਨੂੰ ਵੀ ਬੂਮ ਮਿਲੇਗਾ। ਸ਼ਹਿਰ ਦੇ ਲਗਭਗ 15 ਲੱਖ ਲੋਕਾਂ ਦੀ ਉਮੀਦ ਉਸ ਸਮੇਂ ਮਿੱਟੀ ਵਿਚ ਮਿਲ ਗਈ, ਜਦੋਂ ਅੱਜ ਪਤਾ ਲੱਗਾ ਕਿ ਬਰਲਟਨ ਪਾਰਕ ਸਪੋਰਟਸ ਹੱਬ ਦਾ ਟੈਂਡਰ ਲੈ ਕੇ ਕੰਮ ਲਈ ਫੀਲਡ ਵਿਚ ਉਤਰੀ ਕੰਪਨੀ ਨੇ ਪ੍ਰਾਜੈਕਟ ’ਤੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ ਅਤੇ ਹੁਣ ਸਮਾਰਟ ਸਿਟੀ ਅਤੇ ਨਿਗਮ ਦੇ ਅਧਿਕਾਰੀ ਦੋਬਾਰਾ ਇਸੇ ਪ੍ਰਾਜੈਕਟ ਦੇ ਟੈਂਡਰ ਲਾਉਣ ਦੀ ਖਾਨਾਪੂਰਤੀ ਸ਼ੁਰੂ ਕਰਨ ਜਾ ਰਹੇ ਹਨ।
ਇਸ ਨੂੰ ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ, ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਨਾਲ ਜੁੜੇ ਅਫ਼ਸਰਾਂ ਦੀ ਨਾਲਾਇਕੀ ਹੀ ਮੰਨਿਆ ਜਾਵੇਗਾ ਕਿ 15 ਸਾਲ ਪਹਿਲਾਂ ਜਿਸ ਸਪੋਰਟਸ ਹੱਬ ਪ੍ਰਾਜੈਕਟ ’ਤੇ 580 ਕਰੋੜ ਰੁਪਏ ਖਰਚ ਕਰਨ ਦੀ ਗੱਲ ਕਹੀ ਗਈ ਸੀ, ਉਸ ਨੂੰ ਬਾਅਦ ਵਿਚ ਸਿਰਫ਼ 77 ਕਰੋੜ ਰੁਪਏ ਦਾ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਇਹੀ ਅਫ਼ਸਰ ਉਥੇ ਇਕ ਇੱਟ ਤੱਕ ਨਹੀਂ ਲੁਆ ਸਕੇ, ਜਿਸ ਕਾਰਨ ਤੀਜੀ ਵਾਰ ਫਿਰ ਇਹ ਪ੍ਰਾਜੈਕਟ ਰੱਦ ਹੋ ਗਿਆ।
ਇਹ ਵੀ ਪੜ੍ਹੋ - ਡਿਜੀਟਲ ਹੋਣ ਦੀ ਉਡੀਕ 'ਚ 'ਪੰਜਾਬ ਵਿਧਾਨ ਸਭਾ', ਚੌਥੀ ਵਾਰ ਵੀ ਟੈਂਡਰ ਹੋਇਆ ਰੱਦ
1955 ’ਚ ਬਣਿਆ ਸੀ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ
ਬਰਲਟਨ ਪਾਰਕ ਵਿਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨਿਰਮਾਣ 1955 ਵਿਚ ਕੀਤਾ ਗਿਆ ਸੀ ਅਤੇ ਇਹ 2 ਭਾਰਤੀ ਘਰੇਲੂ ਕ੍ਰਿਕਟ ਟੀਮਾਂ ਪੰਜਾਬ ਅਤੇ ਨਾਰਥ ਜ਼ੋਨ ਦੀ ਹੋਮ ਗਰਾਊਂਡ ਹੁੰਦਾ ਸੀ। ਮੋਹਾਲੀ ਤੋਂ ਬਾਅਦ ਬਰਲਟਨ ਪਾਰਕ ਸਟੇਡੀਅਮ ਨੂੰ ਕ੍ਰਿਕਟ ਟੈਸਟ ਮੈਚ ਅਤੇ ਵਨਡੇ ਆਯੋਜਿਤ ਕਰਨ ਦਾ ਮਾਣ ਹਾਸਲ ਹੈ। ਇਸੇ ਸਟੇਡੀਅਮ ਵਿਚ ਭਾਰਤੀ ਬੱਲੇਬਾਜ਼ ਅੰਸ਼ੁਮਨ ਗਾਇਕਵਾੜ ਨੇ 201 ਦੌੜਾਂ ਬਣਾਈਆਂ ਸਨ ਅਤੇ ਵਸੀਮ ਰਾਜਾ ਨੇ ਵੀ 125 ਦੌੜਾਂ ਦਾ ਸਕੋਰ ਕੀਤਾ ਸੀ। ਬਰਲਟਨ ਪਾਰਕ ਦੇ ਕਾਰਨ ਹੀ ਜਲੰਧਰ ਦੇ ਲੋਕਾਂ ਨੂੰ ਗਾਵਸਕਰ, ਸੰਦੀਪ ਪਾਠਕ, ਕਪਿਲ ਦੇਵ, ਮਹਿੰਦਰ ਅਮਰਨਾਥ, ਰੋਜਕ ਬਿੰਨੀ, ਯਸ਼ਪਾਲ ਸ਼ਰਮਾ, ਸਈਦ ਕਿਰਮਾਨੀ, ਜਾਵੇਦ ਮੀਆਂਦਾਦ, ਰਵੀ ਸ਼ਾਸਤਰੀ, ਦਲੀਪ ਵੈਂਗਸਰਕਰ, ਰਿਚੀ ਰਿਚਰਡਸਨ, ਅਮੀਰ ਮਲਿਕ, ਵੈਂਕਟਾਪਤੀ ਰਾਜੂ, ਗ੍ਰਾਹਮ ਗੂਚ ਵਰਗੇ ਅੰਤਰਰਾਸ਼ਟਰੀ ਸਿਤਾਰਿਆਂ ਨੂੰ ਦੇਖਣ ਦਾ ਮੌਕਾ ਮਿਲਿਆ ਸੀ।
ਇਕ ਟੈਸਟ ਮੈਚ ਅਤੇ 2 ਵਨਡੇ ਇਥੇ ਹੋਏ
ਇੰਟਰਨੈਸ਼ਨਲ ਟੈਸਟ ਮੈਚ
24 ਸਤੰਬਰ 1983
ਭਾਰਤ-ਪਾਕਿਸਤਾਨ
ਪਹਿਲਾ ਵਨਡੇ ਮੈਚ
20 ਦਸੰਬਰ 1981
ਭਾਰਤ-ਇੰਗਲੈਂਡ
ਦੂਜਾ ਵਨਡੇ ਮੈਚ
20 ਫਰਵਰੀ 1994
ਭਾਰਤ-ਸ਼੍ਰੀਲੰਕਾ
ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ
ਟਾਈਮ ਲਾਈਨ : ਇਸ ਤਰ੍ਹਾਂ ਘਿਸੜਦਾ ਚਲਿਆ ਗਿਆ ਬਰਲਟਨ ਪਾਰਕ ਪ੍ਰਾਜੈਕਟ
26 ਸਤੰਬਰ 2008 : ਬਰਲਟਨ ਪਾਰਕ ਵਿਚ ਇੰਟਰਨੈਸ਼ਨਲ ਲੈਵਲ ਦਾ ਸਪੋਰਟਸ ਹੱਬ ਬਣਾਉਣ ਦਾ ਪ੍ਰਸਤਾਵ ਨਗਰ ਨਿਗਮ ਦੇ ਕੌਂਸਲਰ ਹਾਊਸ ਵਿਚ ਪਾਸ ਹੋਇਆ। ਤਤਕਾਲੀ ਮੰਤਰੀ ਮਨੋਰੰਜਨ ਕਾਲੀਆ ਅਤੇ ਮੇਅਰ ਰਾਕੇਸ਼ ਰਾਠੌਰ ਨੇ ਰਸਮੀ ਤੌਰ ’ਤੇ ਇਸ ਸਬੰਧੀ ਐਲਾਨ ਕੀਤਾ।
ਦਸੰਬਰ 2008 : ਬੀ. ਸੀ. ਸੀ. ਆਈ. ਨੇ ਬ੍ਰਿਟਿਸ਼ ਆਰਕੀਟੈਕਟ ਬੁਲਾ ਕੇ ਇਸ ਪ੍ਰਾਜੈਕਟ ਦੇ ਮਾਮਲੇ ਵਿਚ ਸੁਝਾਅ ਆਦਿ ਲੈਣ ਦੀ ਸਲਾਹ ਜਲੰਧਰ ਨਿਗਮ ਨੂੰ ਲਿਖਤੀ ਰੂਪ ਵਿਚ ਦਿੱਤੀ, ਜਿਸ ਤੋਂ ਲੱਗਣ ਲੱਗਾ ਕਿ ਇਹ ਪ੍ਰਾਜੈਕਟ ਬੀ. ਸੀ. ਸੀ. ਆਈ. ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਏਜੰਡੇ ਵਿਚ ਵੀ ਹੈ।
2009 : ਪ੍ਰਾਜੈਕਟ ਕਾਰਨ ਗਰੀਨਰੀ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਇਕ ਵੈੱਲਫੇਅਰ ਸੋਸਾਇਟੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ’ਚ ਚਲੀ ਗਈ ਅਤੇ ਪੀ. ਆਈ. ਐੱਲ. ਦਾਖਲ ਕੀਤੀ ਗਈ, ਜਿਸ ਕਾਰਨ ਪ੍ਰਾਜੈਕਟ ਕੁਝ ਦੇਰ ਲਈ ਰੁਕ ਗਿਆ। ਬਾਅਦ ਵਿਚ ਇਹ ਪਟੀਸ਼ਨ ਖਾਰਿਜ ਹੋ ਗਈ।
ਮਈ 2010 : ਪ੍ਰਾਜੈਕਟ ਦੀ ਡੀ. ਪੀ. ਆਰ. ਬਣਾਉਣ ਲਈ ਚੇਨਈ ਦੇ ਪ੍ਰਸਿੱਧ ਆਰਕੀਟੈਕਟ ਸੀ. ਆਰ. ਨਾਰਾਇਣ ਰਾਓ ਦੀਆਂ ਸੇਵਾਵਾਂ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਪ੍ਰਾਜੈਕਟ ਲਈ ਆਰਕੀਟੈਕਟ ਚੁਣਿਆ ਗਿਆ। ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਫੀਸ ਵੀ ਅਦਾ ਕੀਤੀ ਗਈ।
ਜੂਨ 2012 : ਹੁਡਕੋ ਨੇ ਇਸ ਪ੍ਰਾਜੈਕਟ ਲਈ ਜਲੰਧਰ ਨਗਰ ਨਿਗਮ ਨੂੰ 130 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਐਲਾਨ ਕਰ ਦਿੱਤਾ।
ਅਪ੍ਰੈਲ 2013 : ਨਗਰ ਨਿਗਮ ਨੇ ਇਹ ਪ੍ਰਾਜੈਕਟ ਹੈਦਰਾਬਾਦ ਦੀ ਫਰਮ ਨਾਗਾਰਜੁਨ ਕੰਸਟਰੱਕਸ਼ਨ ਕੰਪਨੀ ਨੂੰ 135 ਕਰੋੜ ਰੁਪਏ ਵਿਚ ਅਲਾਟ ਵੀ ਕਰ ਦਿੱਤਾ ਪਰ ਐਨ ਮੌਕੇ ’ਤੇ ਹੁਡਕੋ ਨੇ ਕਰਜ਼ਾ ਦੇਣ ਦੇ ਮਾਮਲੇ ਵਿਚ ਹੱਥ ਪਿੱਛੇ ਖਿੱਚ ਲਏ, ਜਿਸ ਕਾਰਨ ਪ੍ਰਾਜੈਕਟ ’ਤੇ ਲੰਮੀ ਬ੍ਰੇਕ ਲੱਗ ਗਈ।
ਹੁਣ ਆਰਬੀਟ੍ਰੇਸ਼ਨ ’ਚ ਚਲੀ ਗਈ ਹੈ ਕੰਮ ਲੈਣ ਵਾਲੀ ਕੰਪਨੀ
ਇਸ ਹੱਬ ਨੂੰ ਬਣਾਉਣ ਦਾ ਠੇਕਾ ਲੈਣ ਵਾਲੀ ਕੰਪਨੀ ਨੇ ਜਲੰਧਰ ਨਗਰ ਨਿਗਮ ਅਤੇ ਸਮਾਰਟ ਸਿਟੀ ਦੇ ਅਫਸਰਾਂ ਦੀ ਨਾਲਾਇਕੀ ਤੋਂ ਤੰਗ ਆ ਕੇ ਕਈ ਮਹੀਨੇ ਪਹਿਲਾਂ ਹੀ ਨੋਟਿਸ ਦੇ ਦਿੱਤਾ ਸੀ ਕਿ ਉਹ ਇਨ੍ਹਾਂ ਹਾਲਾਤ ਵਿਚ ਪ੍ਰਾਜੈਕਟ ਦਾ ਕੰਮ ਅੱਗੇ ਨਹੀਂ ਵਧਾ ਸਕੇਗੀ। ਖ਼ਾਸ ਗੱਲ ਇਹ ਹੈ ਕਿ ਜਿਹੜਾ ਪ੍ਰਾਜੈਕਟ ਇਕ ਸਾਲ ਦੇ ਅੰਦਰ ਖ਼ਤਮ ਹੋਣਾ ਸੀ, 2 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉਥੇ ਚਾਰਦੀਵਾਰੀ ਦਾ ਕੰਮ ਵੀ ਪੂਰਾ ਨਹੀਂ ਹੋਇਆ ਅਤੇ ਉਹ ਵੀ ਅਧੂਰਾ ਪਿਆ ਹੋਇਆ ਹੈ। ਹੁਣ ਇਹੀ ਕੰਪਨੀ ਆਰਬੀਟ੍ਰੇਸ਼ਨ ਵਿਚ ਚਲੀ ਗਈ ਹੈ, ਜਿਸ ਕਾਰਨ ਹੁਣ ਸਮਾਰਟ ਸਿਟੀ ਨੂੰ ਲੰਮੀ ਅਦਾਲਤੀ ਪ੍ਰਕਿਰਿਆ ਨਾਲ ਜੂਝਣਾ ਹੋਵੇਗਾ।
ਸਲਾਹਕਾਰ ਕਮੇਟੀ ਬਣਾਉਣ ਦੇ ਨਿਰਦੇਸ਼
ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਅੱਜ ਸਮਾਰਟ ਸਿਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟੈਂਡਰ ਲਾਉਣ ਤੋਂ ਪਹਿਲਾਂ ਪ੍ਰਾਜੈਕਟ ਦਾ ਡਿਜ਼ਾਈਨ ਬਣਾਉਣ ਲਈ ਤਿੰਨ ਮੈਂਬਰੀ ਸਲਾਹਕਾਰ ਕਮੇਟੀ ਗਠਿਤ ਕੀਤੀ ਜਾਵੇ, ਜਿਸ ਵਿਚ ਸਮਾਰਟ ਸਿਟੀ ਦੇ ਆਰਕੀਟੈਕਟ ਤੋਂ ਇਲਾਵਾ ਇਕ ਸਥਾਨਕ ਆਰਕੀਟੈਕਟ ਅਤੇ ਇਕ ਨਾਮੀ ਸਪੋਰਟਸਮੈਨ ਨੂੰ ਲਿਆ ਜਾਵੇ।
ਕਾਂਗਰਸ ਨੂੰ ਚੋਣਾਵੀ ਫਾਇਦਾ ਦਿਵਾਉਣ ਲਈ ਹੋਈ ਵਰਤੋਂ
ਪਿਛਲੇ ਸਾਲ ਫਰਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਨੂੰ ਚੋਣਾਵੀ ਫਾਇਦਾ ਦਿਵਾਉਣ ਲਈ ਇਹ ਪ੍ਰਾਜੈਕਟ ਉਸ ਸਮੇਂ ਵਰਤਿਆ ਗਿਆ, ਜਦੋਂ ਉਸ ਸਮੇਂ ਦੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦਾ ਜਲਦਬਾਜ਼ੀ ਵਿਚ ਉਦਘਾਟਨ ਕਰਵਾ ਲਿਆ, ਜੋ ਚੋਣਾਵੀ ਕੋਡ ਆਫ਼ ਕੰਡਕਟ ਲੱਗਣ ਤੋਂ ਕੁਝ ਹੀ ਘੰਟੇ ਪਹਿਲਾਂ 7 ਜਨਵਰੀ ਨੂੰ ਕੀਤਾ ਗਿਆ। ਬਾਅਦ ਵਿਚ ਸਮਾਰਟ ਸਿਟੀ ਦੇ ਉਨ੍ਹਾਂ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਠੇਕੇਦਾਰ ਨੂੰ ਵਰਕਆਰਡਰ ਜਾਰੀ ਕਰਨ ਤੋਂ ਬਾਅਦ ਉਸਦੀ ਡਰਾਇੰਗ ਵਿਚ ਤਬਦੀਲੀ ਕਰਵਾਉਣ ਦੇ ਯਤਨ ਹੋਣ ਲੱਗੇ। ਸਮਾਰਟ ਸਿਟੀ ਦੇ ਅਧਿਕਾਰੀ ਅੱਜ ਤੱਕ ਇਸਦੀ ਡਰਾਇੰਗ ਨੂੰ ਵੀ ਫਾਈਨਲ ਨਹੀਂ ਕਰ ਸਕੇ ਸਨ।
ਹਰ ਸਿਆਸੀ ਪਾਰਟੀ ਤੋਂ ਨਿਰਾਸ਼ ਹੋਏ ਖੇਡ ਪ੍ਰੇਮੀ
ਜਦੋਂ ਭਾਜਪਾ ਦੇ ਤਤਕਾਲੀ ਮੇਅਰ ਰਾਕੇਸ਼ ਰਾਠੌਰ ਨੇ ਇਸ ਪ੍ਰਾਜੈਕਟ ਦਾ ਸੁਪਨਾ ਲਿਆ ਸੀ ਤਾਂ ਉਨ੍ਹਾਂ ਦੀ ਪਾਰਟੀ ਵਿਚ ਹੀ ਉਨ੍ਹਾਂ ਦੇ ਕੁਝ ਦੁਸ਼ਮਣਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਭਾਜਪਾ ਦੇ ਹੀ ਸੁਨੀਲ ਜੋਤੀ ਮੇਅਰ ਬਣੇ ਪਰ ਉਹ ਵੀ ਇਸ ਪ੍ਰਾਜੈਕਟ ਨੂੰ ਚਲਾ ਨਹੀਂ ਸਕੇ। 5 ਸਾਲ ਸਰਕਾਰ ਵਿਚ ਰਹੇ ਕਾਂਗਰਸੀਆਂ ਨੇ ਵੀ ਖੇਡ ਪ੍ਰੇਮੀਆਂ ਨੂੰ ਨਿਰਾਸ਼ ਹੀ ਕੀਤਾ ਅਤੇ ਜਿਹਡ਼ਾ ਪ੍ਰਾਜੈਕਟ 500 ਕਰੋੜ ਰੁਪਏ ਦਾ ਬਣਿਆ ਸੀ, ਉਹ ਸਿਰਫ 77 ਕਰੋੜ ਰੁਪਏ ਤੱਕ ਸਿਮਟ ਗਿਆ। ਇਸ ਪ੍ਰਾਜੈਕਟ ਤਹਿਤ ਇਕ ਵਾਧੂ ਹਾਕੀ ਮੈਦਾਨ ਦੀ ਟਰਫ ਵਿਛਾਉਣ, ਕ੍ਰਿਕਟ ਸਟੇਡੀਅਮ ਬਣਾਉਣ, ਮਲਟੀਪਰਪਰਜ਼ ਹਾਲ, ਪਾਰਕਿੰਗ ਏਰੀਆ ਅਤੇ ਪਾਰਕਾਂ ਦੇ ਸੁਧਾਰ ਆਦਿ ਲਈ ਦਾਅਵੇ ਕੀਤੇ ਗਏ ਪਰ ਸਾਰੀਆਂ ਸਰਕਾਰਾਂ ਤੋਂ ਕੁਝ ਨਹੀਂ ਹੋ ਸਕਿਆ। ਪਿਛਲੇ 14 ਮਹੀਨਿਆਂ ਤੋਂ ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਸਪੋਰਟਸ ਹੱਬ ਦਾ ਕੰਮ ਚਾਲੂ ਨਹੀਂ ਕਰਵਾ ਸਕੀ। ਇਸ ਲਈ ਸ਼ਹਿਰ ਦੇ ਲੱਖਾਂ ਖੇਡ ਪ੍ਰੇਮੀ ਹਰ ਸਰਕਾਰ ਤੋਂ ਨਿਰਾਸ਼ ਹੀ ਦਿਸ ਰਹੇ ਹਨ।
ਇਹ ਵੀ ਪੜ੍ਹੋ - ਤੇਜ਼ ਹਵਾਵਾਂ ਚੱਲਣ ਮਗਰੋਂ ਪੰਜਾਬ ਦਾ ਮੌਸਮ ਲਵੇਗਾ ਕਰਵਟ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ ਅਪਡੇਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani