ਮਾਮੂਲੀ ਝਗਡ਼ੇ ਦੌਰਾਨ ਦੇਰ ਰਾਤ ਸ਼ਰੇਆਮ ਚੱਲੀਆਂ ਗੋਲੀਆਂ, 5 ਜ਼ਖਮੀ

Thursday, Jun 25, 2020 - 02:56 AM (IST)

ਮਾਮੂਲੀ ਝਗਡ਼ੇ ਦੌਰਾਨ ਦੇਰ ਰਾਤ ਸ਼ਰੇਆਮ ਚੱਲੀਆਂ ਗੋਲੀਆਂ, 5 ਜ਼ਖਮੀ

ਤਰਨਤਾਰਨ, (ਰਮਨ)- ਬੀਤੀ ਦਿਨੀਂ ਦੋ ਧਿਰਾਂ ’ਚ ਹੋਏ ਮਾਮੂਲੀ ਤਕਰਾਰ ਦੌਰਾਨ ਗੋਲੀਆਂ ਚੱਲਣ ਨਾਲ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤਹਿਤ ਮੌਕੇ ’ਤੇ ਪੁੱਜੀ ਪੁਲਸ ਨੇ 10 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਝਗਡ਼ੇ ਦੌਰਾਨ ਚੱਲੀਆਂ ਸ਼ਰੇਆਮ ਗੋਲੀਆਂ ਨਾਲ ਜਿੱਥੇ ਪੁਲਸ ਦੀ ਕਾਰਜ ਪ੍ਰਣਾਲੀ ਤੇ ਕਈ ਤਰਾਂ ਦੇ ਸਵਾਲ ਖਡ਼ੇ ਹੁੰਦੇ ਹਨ ਉੱਥੇ ਪਿੰਡ ’ਚ ਇਸ ਵਾਰਦਾਤ ਉਪਰੰਤ ਕਾਫੀ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।

ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖੱਖ ਨੇ ਥਾਣਾ ਵੈਰੋਂਵਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਖੇਤੀ ਬਾਡ਼ੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਭਤੀਜਾ ਗੁਰਜੰਟ ਸਿੰਘ ਜੋ ਠੀਕ ਤਰਾਂ ਚੱਲ ਫਿਰ ਨਹੀਂ ਸਕਦਾ ਹੈ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਬਣੇ ਇਕ ਥੱਡ਼ੇ ਜੋ ਗੁਰਸੇਵਕ ਸਿੰਘ ਪੁੱਤਰ ਕੁਲਵੰਤ ਸਿੰਘ ਦੇ ਘਰ ਨਜ਼ਦੀਕ ਮੌਜੂਦ ਹੈ ਵਿਖੇ ਬੈਠ ਜਾਂਦਾ ਸੀ। ਜਿਸ ਨੂੰ ਗੁਰਸੇਵਕ ਸਿੰਘ ਚੰਗਾ ਨਹੀਂ ਸਮਝਦਾ ਸੀ। ਇਸੇ ਤਹਿਤ ਮਿਤੀ 21 ਜੂਨ ਨੂੰ ਗੁਰਸੇਵਕ ਸਿੰਘ ਨੇ ਆਪਣੇ ਭਰਾ ਗੁਰਲਾਲ ਸਿੰਘ ਨਾਲ ਮਿਲ ਕੇ ਗੁਰਜੰਟ ਸਿੰਘ ਨਾਲ ਲਡ਼ਾਈ ਝਗਡ਼ਾ ਕਰਦੇ ਹੋਏ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਇਹ ਸਭ ਜਦੋਂ ਗੁਰਜੰਟ ਸਿੰਘ ਨੇ ਘਰ ਆ ਕੇ ਦੱਸਿਆ ਤਾਂ ਉਹ ਗੁਰਸੇਵਕ ਸਿੰਘ ਦੇ ਘਰ ਸਮਝਾਉਣ ਲਈ ਗਿਆ। ਜਿੱਥੇ ਗੁਰਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਨਾਲ ਕਾਫੀ ਮਾਡ਼ਾ ਚੰਗਾ ਬੋਲਿਆ ਗਿਆ ਜਿਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਗਿਆ।

ਇਸ ਤੋਂ ਬਾਅਦ ਮੰਗਲਵਾਰ ਦੀ ਰਾਤ ਕਰੀਬ 8 ਵਜੇ ਜਦੋਂ ਉਹ ਆਪਣੇ ਭਤੀਜੇ ਗੁਰਜੰਟ ਸਿੰਘ ਅਤੇ ਮਹੇਸ਼ ਨਾਲ ਪਿੰਡ ਤੋਂ ਘਰ ਵਾਪਸ ਆ ਰਿਹਾ ਤਾਂ 3-4 ਮੋਟਰ ਸਾਈਕਲਾਂ ਤੇ ਸਵਾਰ ਵਿਅਕਤੀ ਜਿਨ੍ਹਾਂ ਕੋਲ ਪਿਸਤੌਲ ਰਾਈਫਲਾਂ ਅਤੇ ਹੋਰ ਹਥਿਆਰ ਮੌਜੂਦ ਸਨ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜਿਸ ਨਾਲ ਇਕ ਗੋਲੀ ਉਸ ਦੇ ਪੱਟ ’ਤੇ ਜਾ ਲੱਗੀ ਜਦ ਕਿ ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ, ਹਰਭਿੰਦਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਸਾਰੇ ਨਿਵਾਸੀ ਪਿੰਡ ਖੱਖ ਅਤੇ ਪਰਗਟ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਜਹਾਂਗੀਰ ਗੋਲੀਆਂ ਅਤੇ ਹਥਿਆਰਾਂ ਨਾਲ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੇ ਬਿਆਨਾਂ ਹੇਠ ਗੁਰਸੇਵਕ ਸਿੰਘ, ਗੁਲਾਲ ਸਿੰਘ, ਹਰਮਨ ਸਿੰਘ, ਹੀਰਾ ਸਿੰਘ, ਅੰਮ੍ਰਿਤ ਸਿੰਘ, ਮਲਕੀਤ ਸਿੰਘ, ਅਜੂ, ਜੋਤੀ, ਚੰਦਨ ਸਿੰਘ ਅਤੇ ਗੋਪੀ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


author

Bharat Thapa

Content Editor

Related News