Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ ਨਹੀਂ ਬਚਿਆ
Sunday, Jun 22, 2025 - 01:26 PM (IST)

ਜਲੰਧਰ (ਵਰੁਣ)–ਪਿਮਸ ਹਸਪਤਾਲ ਦੇ ਸਾਹਮਣੇ ਸਥਿਤ ਨਵੀਂ ਬਾਰਾਦਰੀ ਫੇਜ਼-2 ਸਥਿਤ ਖਾਲੀ ਪਲਾਟ ਵਿਚ ਭਰਤੀ ਲਈ ਸੁਟਵਾਈ ਜਾ ਰਹੀ ਮਿੱਟੀ ਨੂੰ ਲੈ ਕੇ ਗੋਲ਼ੀ ਚੱਲ ਗਈ। ਇਹ ਗੋਲ਼ੀ ਆਈ. ਏ. ਐੱਸ. ਅਧਿਕਾਰੀ ਬਬੀਤਾ ਕਲੇਰ ਦੇ ਸਰਕਾਰੀ ਗੰਨਮੈਨ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਚਲਾਈ, ਜਿਹੜੀ ਕਾਰੋਬਾਰੀ ਸੁਲੱਖਣ ਸਿੰਘ ਕੰਗ ਦੇ ਮੈਨੇਜਰ ਦੀਆਂ ਲੱਤਾਂ ਵਿਚੋਂ ਆਰ-ਪਾਰ ਹੋ ਗਈ। ਦਰਅਸਲ ਆਈ. ਏ. ਐੱਸ. ਅਧਿਕਾਰੀ ਬਬੀਤਾ ਕਲੇਰ ਦਾ ਪਤੀ ਅਤੇ ਆਮ ਆਦਮੀ ਪਾਰਟੀ ਦਾ ਆਗੂ ਸਟੀਫਨ ਮਿੱਟੀ ਸੁੱਟਣ ਦਾ ਵਿਰੋਧ ਕਰ ਰਿਹਾ ਸੀ। ਉਸ ਦੀ ਕਾਰੋਬਾਰੀ ਕੰਗ ਨਾਲ ਬਹਿਸ ਵੀ ਹੋਈ ਸੀ। ਦੇਰ ਰਾਤ ਥਾਣਾ ਨੰਬਰ 7 ਦੀ ਪੁਲਸ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ
ਆਈ. ਏ. ਐੱਸ. ਬਬੀਤਾ ਕਲੇਰ, 'ਆਪ' ਨੇਤਾ ਸਟੀਫਨ ਕਲੇਰ ਤੇ ਗੰਨਮੈਨ ’ਤੇ ਐੱਫ. ਆਈ. ਆਰ. ਦਰਜ
ਗੋਲੀਕਾਂਡ ਦੇ ਮਾਮਲੇ ਵਿਚ ਦੇਰ 'ਰਾਤ ਥਾਣਾ ਨੰ. 7 ਦੀ ਪੁਲਸ ਨੇ ਮੈਡੀਕਲ ਰਿਪੋਰਟ ਅਤੇ ਸ਼ਿਕਾਇਤਾਂ ਦੇ ਆਧਾਰ ’ਤੇ ਆਈ. ਏ. ਐੱਸ. ਬਬੀਤਾ ਕਲੇਰ, ਆਪ' ਨੇਤਾ ਸਟੀਫਨ ਕਲੇਰ ਤੇ ਗੰਨਮੈਨ ਸੁਖਕਰਨ ਸਿੰਘ ’ਤੇ ਐੱਫ਼. ਆਈ. ਆਰ. ਦਰਜ ਕਰ ਲਈ ਹੈ। ਜਾਣਕਾਰੀ ਦਿੰਦੇ ਸਟੀਫਨ ਕਲੇਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਦੇ ਨਾਲ ਲੱਗਦੇ ਖਾਲੀ ਪਲਾਟ ਵਿਚ 2 ਲੋਕ ਮਿੱਟੀ ਦੀ ਟਰਾਲੀ ਸੁੱਟਣ ਆਏ ਸਨ। ਉਨ੍ਹਾਂ ਕਿਹਾ ਕਿ ਪਲਾਟ ਦਾ ਮਾਲਕ ਨਹੀਂ ਸੀ, ਜਿਸ ਤੋਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਕੋਈ ਪਲਾਟ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਉਕਤ ਲੋਕਾਂ ਨੂੰ ਪਲਾਟ ਦੇ ਮਾਲਕ ਨਾਲ ਗੱਲ ਕਰਵਾਉਣ ਨੂੰ ਕਿਹਾ ਤਾਂ ਫੋਨ ’ਤੇ ਗੱਲ ਕਰਦੇ ਹੋਏ ਖ਼ੁਦ ਨੂੰ ਕੰਗ ਦੱਸ ਰਹੇ ਵਿਅਕਤੀ ਨੇ ਉਨ੍ਹਾਂ ਨਾਲ ਗਲਤ ਢੰਗ ਨਾਲ ਗੱਲ ਕੀਤੀ।
ਇਸੇ ਦੌਰਾਨ ਦੂਜੀ ਵਾਰ ਟਰਾਲੀ ਲਿਆਉਣ ’ਤੇ ਵੀ ਬਹਿਸ ਹੋਈ ਅਤੇ ਉਹ ਖ਼ੁਦ ਨਹਾਉਣ ਲਈ ਘਰ ਦੇ ਅੰਦਰ ਚਲੇ ਗਏ ਅਤੇ ਕੁਝ ਸਮੇਂ ਬਾਅਦ ਗੋਲ਼ੀ ਚੱਲਣ ਦੀ ਆਵਾਜ਼ ਆਈ। ਜਿਉਂ ਹੀ ਉਹ ਬਾਹਰ ਆਏ ਤਾਂ ਉਨ੍ਹਾਂ ਦੀ ਪਤਨੀ ਦੇ ਗੰਨਮੈਨ ਸੁਖਕਰਨ ਸਿੰਘ ਨੇ ਦੱਸਿਆ ਕਿ ਉਕਤ ਲੋਕ ਉਸ ’ਤੇ ਹਮਲਾ ਕਰਨ ਲੱਗੇ ਸਨ, ਜਿਸ ਕਾਰਨ ਉਸ ਨੇ ਸੈਲਫ ਡਿਫੈਂਸ ਵਿਚ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ: ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV ਨੇ ਉਡਾਏ ਹੋਸ਼
ਦੂਜੇ ਪਾਸੇ ਗੋਲ਼ੀ ਚੱਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਕਾਰੋਬਾਰੀ ਸੁਲੱਖਣ ਸਿੰਘ ਕੰਗ ਨੇ ਦੱਸਿਆ ਕਿ ਉਕਤ ਪਲਾਟ ਪਿਛਲੇ 10 ਸਾਲਾਂ ਤੋਂ ਉਨ੍ਹਾਂ ਕੋਲ ਹੈ। ਉਨ੍ਹਾਂ ਪਲਾਟ ਵਿਚ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ, ਜਿਸ ਕਾਰਨ ਮਿੱਟੀ ਸੁਟਵਾਈ ਜਾ ਰਹੀ ਸੀ। ਇਕ ਟਰਾਲੀ ਆਉਣ ’ਤੇ ਖ਼ੁਦ ਨੂੰ ਆਮ ਆਦਮੀ ਪਾਰਟੀ ਦਾ ਆਗੂ ਕਹਿਣ ਵਾਲੇ ਸਟੀਫਨ ਕਲੇਰ ਨੇ ਪਹਿਲਾਂ ਤਾਂ ਉਨ੍ਹਾਂ ਨਾਲ ਫੋਨ ’ਤੇ ਬਹਿਸ ਕੀਤੀ ਅਤੇ ਬਾਅਦ ਵਿਚ ਜਦੋਂ ਦੂਜੀ ਟਰਾਲੀ ਆਈ ਤਾਂ ਉਦੋਂ ਵੀ ਬਹਿਸ ਤੋਂ ਬਾਅਦ ਗੰਨਮੈਨ ਤੋਂ ਗੋਲ਼ੀ ਚਲਵਾ ਦਿੱਤੀ।
ਗੋਲ਼ੀ ਕਾਰੋਬਾਰੀ ਕੰਗ ਦੇ ਮੈਨੇਜਰ ਹਰਪ੍ਰੀਤ ਸਿੰਘ ਦੀਆਂ ਦੋਵਾਂ ਲੱਤਾਂ ’ਤੇ ਲੱਗੀ। ਹਰਪ੍ਰੀਤ ਨਾਲ ਮਿੱਟੀ ਸੁੱਟਣ ਆਏ ਲਖਬੀਰ ਸਿੰਘ ਦਾਅਵਾ ਹੈ ਕਿ ਜਦੋਂ ਗੋਲ਼ੀ ਚੱਲੀ, ਉਦੋਂ ਸਟੀਫਨ ਕਲੇਰ ਬਾਲਕੋਨੀ ਵਿਚ ਖੜ੍ਹੇ ਸਨ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਗੰਨਮੈਨ ਨੇ ਫਾਇਰ ਕੀਤਾ। ਦੂਜੇ ਪਾਸੇ ਗੋਲ਼ੀ ਚੱਲਣ ਦੀ ਸੂਚਨਾ ਪੁਲਸ ਕੰਟਰੋਲ ਰੂਮ ਵਿਚ ਦਿੱਤੀ ਗਈ, ਜਿਸ ਤੋਂ ਬਾਅਦ ਏ. ਡੀ. ਸੀ. ਪੀ. ਹਰਿੰਦਰ ਸਿੰਘ ਗਿੱਲ, ਏ. ਸੀ. ਪੀ. ਮਾਡਲ ਟਾਊਨ ਰੂਪਦੀਪ ਕੌਰ, ਥਾਣਾ ਨੰਬਰ 7 ਅਤੇ ਥਾਣਾ ਨੰਬਰ 6 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮੌਕੇ ਤੋਂ ਗੋਲ਼ੀ ਦਾ ਖੋਲ ਬਰਾਮਦ ਕਰ ਲਿਆ ਹੈ। ਜ਼ਖ਼ਮੀ ਮੈਨੇਜਰ ਹਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਆਈ. ਏ. ਐੱਸ. ਬਬੀਤਾ ਕਲੇਰ ਦੇ ਗੰਨਮੈਨ ਸੁਖਕਰਨ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਦੂਜੇ ਪਾਸੇ ਏ. ਸੀ. ਪੀ. ਰੂਪਦੀਪ ਕੌਰ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਏ. ਸੀ. ਪੀ. ਨੇ ਕਿਹਾ ਕਿ ਪੁਲਸ ਨੇ ਗੰਨਮੈਨ ਨੂੰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਆਈ. ਏ. ਐੱਸ. ਬਬੀਤਾ ਕਲੇਰ ਅਤੇ 'ਆਪ' ਨੇਤਾ ਸਟੀਫਨ ਕਲੇਰ ਐੱਫ਼. ਆਈ. ਆਰ. ਵਿਚ ਨਾਮਜ਼ਦ ਹਨ ਪਰ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e