ਵੱਡੀ ਖ਼ਬਰ: ਮੋਗਾ ਦੇ ਪਿੰਡ 'ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਹੋਈ ਮੌਤ
Friday, Oct 20, 2023 - 09:10 AM (IST)

ਮੋਗਾ (ਗੋਪੀ ਰਾਊਕੇ/ਕਸ਼ਿਸ਼)- ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਖੋਸਾ ਕੋਟਲਾ ਦੇ ਕਾਂਗਰਸੀ ਸਰਪੰਚ ਵੀਰ ਸਿੰਘ (65) ਅਤੇ ਉਸ ਦੇ ਸਾਥੀ ਰਣਜੀਤ ਸਿੰਘ (35) ਦਾ ਅੱਜ ਤੜਕਸਾਰ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਪਿੰਡ ਦੇ ਗਲੋਟੀ ਰੋਡ ’ਤੇ ਸੈਰ ਕਰ ਰਹੇ ਸਨ। ਥਾਣਾ ਕੋਟ ਈਸੇ ਖਾਂ ਦੀ ਪੁਲਸ ਨੇ ਇਸ ਮਾਮਲੇ ’ਤੇ 18 ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕੁਲਵਿੰਦਰ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਗਾਇਆ ਕਿ ਮੇਰਾ ਸਹੁਰਾ ਵੀਰ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਮੇਜਰ ਸਿੰਘ ਆਪਣੇ ਸਾਥੀਆਂ ਤਰਨਜੀਤ ਸਿੰਘ, ਪਿਆਰਾ ਸਿੰਘ, ਦੇਵ ਸਿੰਘ, ਬਲਵਿੰਦਰ ਸਿੰਘ ਅਤੇ ਹੋਰਨਾਂ ਨਾਲ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਜਾ ਰਹੇ ਸਨ ਜਦੋਂ ਉਹ ਪਿੰਡੋਂ ਬਾਹਰ ਥੋੜ੍ਹੀ ਦੂਰ ਗਏ ਤਾਂ ਪੰਚਾਇਤੀ ਤੌਰ ’ਤੇ ਸਾਡਾ ਵਿਰੋਧ ਕਰਦੀ ਦੂਜੀ ਧਿਰ ਦੇ ਗੁਰਚਰਨ ਸਿੰਘ ਉਰਫ ਸੁਖਦੇਵ ਸਿੰਘ ਅਤੇ ਹੋਰਨਾਂ ਨੇ ਰਿਵਾਲਵਰ, ਬੰਦੂਕ ਅਤੇ ਹੋਰ ਹਥਿਆਰਾਂ ਨਾਲ ਮੇਰੇ ਸਹੁਰੇ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੋਲੀਆਂ ਮਾਰ ਕੇ ਸਾਰੇ ਅਲਟੋ, ਮਾਰੂਤੀ ਕਾਰ ਅਤੇ ਮੋਟਰਸਾਈਕਲਾਂ ’ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ਫਿਰ ਕੀਤੀ ਹਾਈਕੋਰਟ ’ਚ ਅਪੀਲ, ਕਿਹਾ- ਸਰਕਾਰ ਕਿਸੇ ਹੋਰ ਮਾਮਲੇ ’ਚ ਫਸਾ ਸਕਦੀ ਹੈ...
ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਰਾਜੂ ਖਾਲਸਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆਂ ਗਰੁੱਪਾਂ ਵਿਚ ਮੇਰੇ ਸਹੁਰੇ ਵਿਰੁੱਧ ਮਾੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਸਨ। ਇਸ ਮੰਦਭਾਗੀ ਘਟਨਾ ਮਗਰੋਂ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਅਤੇ ਜ਼ਿਲ੍ਹਾ ਪੁਲਸ ਮੁਖੀ ਜੇ. ਇਲਚੇਲੀਅਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਾਰੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਨ ਸਿੱਖ ਮੇਅਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8