ਬੁਲੇਟ ਮੋਟਰਸਾਈਕਲ ਤੇ ਐਕਟਿਵਾ ਵਿਚਾਲੇ ਜ਼ੋਰਦਾਰ ਟੱਕਰ, ਇਕ ਦੀ ਮੌਤ

Friday, Aug 02, 2024 - 03:32 PM (IST)

ਬੰਗਾ (ਰਾਕੇਸ਼ ਅਰੋੜਾ) : ਬੰਗਾ ਫਗਵਾੜਾ ਮੁੱਖ ਮਾਰਗ 'ਤੇ ਇਕ ਮੋਟਰਸਾਈਕਲ ਅਤੇ ਐਕਟਿਵਾ ਦੀ ਹੋਈ ਟੱਕਰ ਦੌਰਾਨ ਐਕਟਿਵਾਂ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਰਾਹੁਲ ਘਈ ਪੁੱਤਰ ਵਿਜੈ ਘਈ ਉਰਫ ਸ਼ਾਦੀ ਲਾਲ ਘਈ ਨਿਵਾਸੀ ਵਾਲਮੀਕਿ ਮੁਹੱਲਾ ਬੰਗਾ ਜੋ ਸਥਾਨਕ ਬੰਗਾ ਫਗਵਾੜਾ ਰੋਡ 'ਤੇ ਸਥਿਤ ਇਕ ਨਿੱਜੀ ਵਰਕਸ਼ਾਪ ਵਿਚ ਕੰਮ ਕਰਦਾ ਸੀ ਆਪਣੀ ਐਕਟਿਵਾ ਸਕੂਟਰ ਨੰਬਰ ਪੀ ਬੀ 78 1269 'ਤੇ ਸਵਾਰ ਹੋ ਕੇ ਬੰਗਾ ਮੁੱਖ ਮਾਰਗ 'ਤੇ ਬਣੇ ਐਲੀਵੇਟ ਰੋਡ ਹੇਠਾ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਅਣਅਧਿਕਾਰਤ ਤੌਰ 'ਤੇ ਛੱਡੇ ਰਸਤੇ ਅਤੇ ਬਣੀ ਪਾਰਕਿੰਗ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਬੰਗਾ ਬੱਸ ਸਟੈਂਡ ਵੱਲੋਂ ਤੇਜ਼ ਰਫਤਾਰ ਨਾਲ ਆ ਰਿਹਾ ਇਕ ਬੁਲੇਟ ਮੋਟਰਸਾਈਕਲ ਨੰਬਰ ਪੀ. ਬੀ 78 ਬੀ 1119 ਉਸ ਨਾਲ ਟਕਰਾ ਗਿਆ ਜਿਸ ਦੇ ਚੱਲਦੇ ਜਿੱਥੇ ਦੋਵਾਂ ਵਾਹਨਾਂ ਦਾ ਨੁਕਸਾਨ ਹੋਇਆ, ਉੱਥੇ ਹੀ ਉਕਤ ਹਾਦਸੇ ਦੌਰਾਨ ਰਾਹੁਲ ਘਈ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਨਜ਼ਦੀਕੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਪੁਹੰਚਾਇਆ, ਜਿੱਥੇ ਉਹ ਦਮ ਤੋੜ ਗਿਆ ਜਦਕਿ ਬੁਲੇਟ ਮੋਟਰਸਾਈਕਲ ਸਵਾਰ ਰੋਬਿਨ ਉਕਤ ਹਾਦਸੇ ਵਿਚ ਮਾਮੂਲੀ ਜ਼ਖਮੀ ਹੋਇਆ, ਜਿਸ ਨੂੰ ਸਿਵਲ ਹਸਪਤਾਲ ਬੰਗਾ ਪੁਹੰਚਾਇਆ ਗਿਆ। 

ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੁਲੇਟ ਮੋਟਰਸਾਈਕਲ ਨਾਲ ਟਕਰਾਉਣ ਉਪੰਰਤ ਰਾਹੁਲ ਬਹੁਤ ਦੂਰ ਜਾ ਡਿੱਗਾ। ਹਾਦਸੇ ਦੀ ਸੂਚਨਾ ਮਿਲਦੇ ਹੀ ਬੰਗਾ ਸਿਟੀ ਦੇ ਐੱਸ. ਐੱਚ. ਓ ਮੈਡਮ ਮਨਜੀਤ ਕੌਰ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਹਾਦਸੇ ਦੌਰਾਨ ਨੁਕਸਾਨੇ ਵਾਹਨਾਂ ਅਤੇ ਰਾਹੁਲ ਘਈ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕੁਝ ਸ਼ਹਿਰ ਨਿਵਾਸੀਆਂ ਦਾ ਕਹਿਣਾ ਸੀ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਸ਼ਹਿਰ ਅੰਦਰ ਬਣੇ ਐਲੀਵੇਟਡ ਰੋਡ ਹੇਠਾਂ ਆਪਣੇ ਕੁਝ ਕੁ ਚਹੇਤਿਆ ਨੂੰ ਖੁਸ਼ ਕਰਨ ਲਈ ਅਣਅਧਿਆਰਤ ਬਣੇ ਰਸਤੇ ਗਲਤ ਛੱਡੇ ਗਏ ਹਨ ,ਜੋ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਅਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਨੈਸ਼ਨਲ ਹਾਈਵੇਅ ਅਥਾਰਟੀ ਨੇ ਰਸਤੇ ਛੱਡਣੇ ਸੀ ਤਾਂ ਉਹ ਸਹੀ ਢੰਗ ਨਾਲ ਛੱਡਣੇ ਚਾਹੀਦੇ ਸਨ।


Gurminder Singh

Content Editor

Related News