ਕਿਲਾ ਰਾਏਪੁਰ ''ਚ ਮੁੜ ਹੋਣਗੀਆਂ ਬੈਲ-ਗੱਡੀਆਂ ਦੀਆਂ ''ਦੌੜਾਂ''
Thursday, Jan 31, 2019 - 11:40 AM (IST)

ਲੁਧਿਆਣਾ : ਪੰਜਾਬ ਸਰਕਾਰ ਵਲੋਂ ਇਕ ਵਾਰ ਫਿਰ ਕਿਲਾ ਰਾਏਪੁਰ ਦੇ ਖੇਡ ਮੇਲੇ ਦੌਰਾਨ ਬੈਲ-ਗੱਡੀਆਂ, ਕੁੱਤਿਆਂ ਤੇ ਖਰਗੋਸ਼ਾਂ ਦੀਆਂ ਦੌੜਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਕਿਸਾਨਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਜਿਹੜੇ ਬੈਲ-ਗੱਡੀਆਂ ਦੀਆਂ ਦੌੜਾਂ 'ਤੇ ਪਾਬੰਦੀ ਲਾਏ ਜਾਣ ਤੋਂ ਡਾਹਢੇ ਦੁਖੀ ਸਨ। ਇਹ ਖੇਡਾਂ 'ਮਿੰਨੀ ਓਲੰਪਿਕਸ' ਜਾਂ 'ਪੇਂਡੂ ਓਲੰਪਿਕਸ' ਦੇ ਨਾਂ ਨਾਲ ਵੀ ਜਾਣੀਆਂ ਜਾਂਦੀਆਂ ਹਨ, ਜੋ ਕਿ ਪਿਛਲੇ 83 ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹਨ। ਦੱਸ ਦੇਈਏ ਕਿ ਇਸ ਸਾਲ ਇਹ ਖੇਡ ਮੇਲਾ 22 ਤੋਂ 24 ਫਰਵਰੀ ਤੱਕ ਚੱਲੇਗਾ ਅਤੇ ਕਿਸਾਨਾਂ ਨੇ ਇਸ ਮੇਲੇ 'ਚ ਹਿੱਸਾ ਲੈਣ ਲਈ ਹੁਣ ਤੋਂ ਹੀ ਆਪਣੇ ਬਲਦਾਂ ਨੂੰ ਨੁਹਾਉਣਾ ਅਤੇ ਉਨ੍ਹਾਂ ਦੀ ਮਾਲਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਲਈ ਬੰਦ ਹੋਈਆਂ ਸੀ 'ਦੌੜਾਂ'
ਗਊ ਰੱਖਿਆ ਦਲ ਨੇ ਜਾਨਵਰਾਂ 'ਤੇ ਤਸ਼ੱਦਦ ਦੇ ਮੁੱਦੇ ਨੂੰ ਲੈ ਕੇ ਸਾਲ 2012 ਦੌਰਾਨ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਸੀ। ਉਸ ਪਟੀਸ਼ਨ ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਸਾਲ 2014 ਦੌਰਾਨ ਬੈਲਗੱਡੀਆਂ ਦੀ ਦੌੜ 'ਤੇ ਮੁਕੰਮਲ ਰੋਕ ਲਾ ਦਿੱਤੀ ਸੀ। ਉਸ ਸਮੇਂ ਤੋਂ ਲੈ ਕੇ ਇਹ ਦੌੜ ਪੂਰੀ ਤਰ੍ਹਾਂ ਬੰਦ ਹੋ ਗਈ ਸੀ ਪਰ ਪੰਜਾਬ ਸਰਕਾਰ ਦੇ ਤਾਜ਼ਾ ਫੈਸਲੈ ਮੁਤਾਬਕ ਸੂਬੇ 'ਚ ਬੈਲ-ਗੱਡੀਆਂ ਦੀਆਂ ਦੌੜਾਂ ਦਾ ਸਮਾਰੋਹ ਹੋਣ ਦੀ ਆਸ ਬਣ ਗਈ ਹੈ ਪਰ ਹੁਣ ਅਜਿਹੀਆਂ ਦੌੜਾਂ ਦੌਰਾਨ 'ਭਾਰਤੀ ਪਸ਼ੂ ਬੋਰਡ' ਦੀ ਟੀਮ ਜ਼ਰੂਰ ਮੌਜੂਦ ਰਿਹਾ ਕਰੇਗੀ, ਜੋ ਕਿ ਯਕੀਨੀ ਬਣਾਵੇਗੀ ਕਿ ਜਾਨਵਰਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਨਾ ਢਾਹਿਆ ਜਾਵੇ।