ਮੰਡੀ ਫੈਂਟਨਗੰਜ ਵਿਖੇ ਬਣ ਰਹੀ ਹੈ ਬੁਰਜ ਖਲੀਫਾ ਜਿਹੀ ਬਿਲਡਿੰਗ
Thursday, Oct 26, 2017 - 05:55 AM (IST)
ਜਲੰਧਰ(ਖੁਰਾਣਾ)-ਦੁਬਈ ਦੀ ਬੁਰਜ ਖਲੀਫਾ ਬਿਲਡਿੰਗ ਨੂੰ ਵਿਸ਼ਵ ਦੀ ਸਭ ਤੋਂ ਉੱਚੀਆਂ ਬਿਲਡਿੰਗਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ ਅਤੇ ਇਸੇ ਤਰਜ਼ 'ਤੇ ਸਥਾਨਕ ਮੰਡੀ ਫੈਂਟਨਗੰਜ ਵਿਚ ਵੀ ਇਕ ਬਿਲਡਿੰਗ ਤਿਆਰ ਹੋ ਰਹੀ ਹੈ। ਫਰਕ ਸਿਰਫ ਇੰਨਾ ਹੈ ਕਿ ਜਿਥੇ ਬੁਰਜ ਖਲੀਫਾ ਬਿਲਡਿੰਗ ਪੂਰੀ ਤਰ੍ਹਾਂ ਸਰਕਾਰੀ ਨਿਗਰਾਨੀ ਅਤੇ ਜਾਇਜ਼ ਤੌਰ 'ਤੇ ਬਣੀ ਹੋਵੇਗੀ, ਉਥੇ ਮੰਡੀ ਫੈਂਟਨਗੰਜ ਵਿਖੇ ਬਣ ਰਹੀ ਉੱਚੀ ਬਿਲਡਿੰਗ ਸਰਾਸਰ ਨਾਜਾਇਜ਼ ਦਿਸਦੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਸਰਕਾਰੀ ਵਿਭਾਗ ਇਸ ਨਾਜਾਇਜ਼ ਨਿਰਮਾਣ ਨੂੰ ਰੋਕਣ ਜਾਂ ਇਸ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੀ ਨਹੀਂ ਹੈ। ਮੰਡੀ ਫੈਂਟਨਗੰਜ ਦੇ ਇਕ ਕੋਨੇ 'ਤੇ ਦਹਾਕਿਆਂ ਪੁਰਾਣੀ ਬਿਲਡਿੰਗ ਦੇ ਸਟਰੱਕਚਰ ਦੇ ਉਪਰ ਹੀ ਇਕ 'ਤੇ ਇਕ ਲਗਾਤਾਰ 6 ਮੰਜ਼ਿਲਾਂ ਬਣਾ ਦਿੱਤੀਆਂ ਗਈਆਂ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਪਰ ਤੱਕ ਜਾਣ ਦੇ ਲਈ ਪੌੜੀਆਂ ਵੀ ਦੁਕਾਨ ਦੇ ਵਿਚਕਾਰੋਂ ਹੀ ਕੱਢੀਆਂ ਗਈਆਂ ਹਨ।
ਇਸ ਨਿਰਮਾਣ ਬਾਰੇ ਜਦੋਂ ਮਾਰਕੀਟ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਹੁਣ ਇਹ ਮੰਡੀ ਉਨ੍ਹਾਂ ਦੇ ਤਹਿਤ ਨਹੀਂ ਆਉਂਦੀ। ਓਧਰ, ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੰਡੀ ਦਾ ਅੰਦਰੂਨੀ ਖੇਤਰ ਉਨ੍ਹਾਂ ਨੂੰ ਟਰਾਂਸਫਰ ਨਹੀਂ ਹੋਇਆ। ਮੰਡੀ ਦੇ ਬਾਹਰ ਹਰ ਤਰ੍ਹਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।
ਹਵਾ ਦੇ ਤੇਜ਼ ਬੁੱਲੇ ਨਾਲ ਡਿੱਗ ਵੀ ਸਕਦੀ ਹੈ ਬਿਲਡਿੰਗ
ਫਿਲਹਾਲ 6 ਮੰਜ਼ਿਲੀ ਤਿਆਰ ਹੋ ਚੁੱਕੀ ਇਸ ਬਿਲਡਿੰਗ ਨੂੰ ਦੇਖੀਏ ਤਾਂ ਅਜਿਹਾ ਲੱਗੇਗਾ ਕਿ ਜਿਵੇਂ ਇਕ ਦੇ ਉਪਰ ਇਕ ਡੱਬਾ ਰੱਖਿਆ ਹੋਇਆ ਹੋਵੇ। ਦੇਖਣ ਵਾਲਿਆਂ ਨੂੰ ਇਹ ਵੀ ਲੱਗਦਾ ਹੈ ਕਿ ਜੇਕਰ ਕਦੇ ਜ਼ੋਰ ਨਾਲ ਹਨੇਰੀ ਆਈ ਤਾਂ ਬਿਲਡਿੰਗ ਤਹਿਸ-ਨਹਿਸ ਵੀ ਹੋ ਸਕਦੀ ਹੈ। ਅਜਿਹੀ ਸੰਭਾਵਨਾ ਨਾਲ ਹੀ ਆਲੇ-ਦੁਆਲੇ ਦੀਆਂ ਬਿਲਡਿੰਗਾਂ ਦੇ ਮਾਲਕਾਂ ਵਿਚ ਦਹਿਸ਼ਤ ਜਿਹੀ ਪਾਈ ਜਾ ਰਹੀ ਹੈ। ਉਂਝ ਲੋਕ ਬਿਲਡਿੰਗ ਨੂੰ ਤਿਆਰ ਕਰਨ ਵਾਲੇ ਠੇਕੇਦਾਰ ਦੀ ਤਾਰੀਫ ਵੀ ਕਰ ਰਹੇ ਹਨ, ਜੋ ਸ਼ਾਇਦ 6 ਮੰਜ਼ਿਲਾਂ ਦੇ ਉੱਪਰ ਵੀ ਨਿਰਮਾਣ ਕਰਨ ਦੀ ਤਿਆਰੀ ਵਿਚ ਹੈ।
