ਬੁਢਲਾਡਾ ਦੇ ਐੱਸ.ਡੀ.ਐੱਮ ਸੇਤੀਆ ਨੂੰ ਮੁੱਖ ਮੰਤਰੀ ਨੇ ਲਾਈਵ ਹੋ ਕੇ ਦਿੱਤੀ ਥਾਪਣਾ

08/22/2020 1:47:33 PM

ਬੁਢਲਾਡਾ (ਮਨਜੀਤ): ਬੁਢਲਾਡਾ ਸ਼ਹਿਰ ਦੇ ਵਿਕਾਸ ਕੰਮਾਂ ਦੀ ਗਤੀ ਅਤੇ ਨਵੀਂ ਦਿਖ ਦੇਣ ਤੋਂ ਇਲਾਵਾ ਨਿੱਜੀ ਤੌਰ 'ਤੇ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਯਤਨ ਕਰ ਰਹੇ ਆਈ.ਏ.ਐੱਸ ਨੌਜਵਾਨ ਅਧਿਕਾਰੀ ਸਾਗਰ ਸੇਤੀਆ ਐੱਸ.ਡੀ.ਐੱਮ ਬੁਢਲਾਡਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਈਵ ਹੋ ਕੇ ਪਿੱਠ ਥਾਪੜੀ ਹੈ।ਮੁੱਖ ਮੰਤਰੀ ਨੇ ਆਪਣੀ ਫੇਸਬੁੱਕ ਲਾਈਵ 'ਚ ਬੁਢਲਾਡਾ ਦੇ ਇਸ ਅਧਿਕਾਰੀ ਦੇ ਥੋੜ੍ਹੇ ਸਮੇਂ 'ਚ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਾਗਰ ਸੇਤੀਆ ਦੇ ਕੰਮਾਂ ਤੋਂ ਖੁਸ਼ੀ ਮਿਲੀ ਹੈ ਅਤੇ ਆਸ ਪ੍ਰਗਟ ਕਰਦੇ ਹਾਂ ਕਿ ਉਹ ਬੁਢਲਾਡਾ ਸ਼ਹਿਰ ਅਤੇ ਬੁਢਲਾਡਾ ਵਿਕਾਸ ਕੰਮਾਂ ਦੀ ਰਫਤਾਰ ਨੂੰ ਪੰਜਾਬ ਦੇ ਮੂਹਰਲੇ ਸ਼ਹਿਰਾਂ 'ਚ ਲੈ ਕੇ ਜਾਣਗੇ। 

ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ

ਜ਼ਿਕਰਯੋਗ ਹੈ ਕਿ ਬਤੌਰ ਐੱਸ.ਡੀ.ਐੱਮ ਬੁਢਲਾਡਾ ਵਿਖੇ ਆਈ.ਏ.ਐੱਸ ਅਧਿਕਾਰੀ ਸਾਗਰ ਸੇਤੀਆ ਨੇ ਕੁਝ ਮਹੀਨੇ ਪਹਿਲਾਂ ਹੀ ਬੁਢਲਾਡਾ ਐੱਸ.ਡੀ.ਐੱਮ. ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਆਪਣੇ ਕੰਮ ਨੂੰ ਗਤੀ ਦਿੰਦਿਆਂ ਪਹਿਲਾਂ ਬੁਢਲਾਡਾ ਸ਼ਹਿਰ ਦਾ ਨਿਰੀਖਣ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਹੁਣ ਉਹ ਪੰਜਾਬ ਸਰਕਾਰ ਦੀ ਵਿਕਾਸ ਗ੍ਰਾਂਟ ਤਹਿਤ ਸ਼ਹਿਰ 'ਚ ਸੜਕਾਂ, ਪੀਣ ਵਾਲਾ ਸ਼ੁੱਧ ਪਾਣੀ ਦੇਣਾ, ਸਲੱਮ ਏਰੀਏ 'ਚ ਸਾਫ਼-ਸਫ਼ਾਈ ਕਰਵਾਉਣ ਦੇ ਨਾਲ-ਨਾਲ ਵਿਕਾਸ ਕਰਵਾਉਣ ਦੀ ਯੋਜਨਾ ਤਿਆਰ ਕਰ ਰਹੇ ਹਨ। ਜਿਨ੍ਹਾਂ ਦੀ ਟੀਮ ਵਲੋਂ ਬੁਢਲਾਡਾ ਸ਼ਹਿਰ ਦਾ ਸਰਵੇ ਕਰਕੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸੁਝਾਅ ਲਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸ਼ਹਿਰ 'ਚ ਲੋਕਾਂ ਅੰਦਰ ਰੋਸ ਸੀ ਕਿ ਬੁਢਲਾਡਾ ਸ਼ਹਿਰ ਲੰਮੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦਾ ਹਾਲ ਅਜੇ ਵੀ ਹਾਲੋ-ਬੇਹਾਲ ਹੈ। ਪਰ ਉਨ੍ਹਾਂ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ। 

ਇਹ ਵੀ ਪੜ੍ਹੋ: ਐੱਸ.ਬੀ.ਆਈ. ਬਰਾਂਚ 'ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ ਮਾਮਲਾ

ਐੱਸ.ਡੀ.ਐੱਮ ਸਾਗਰ ਸੇਤੀਆ ਅਨੁਸਾਰ ਉਹ ਤਿੰਨੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਰਵਾਉਣ ਤੋਂ ਇਲਾਵਾ ਹਲਕਾ ਬੁਢਲਾਡਾ ਦੇ ਵਾਸੀਆਂ ਦੀਆਂ ਹਰ ਸਮੱਸਿਆਵਾਂ ਦੂਰ ਕਰਨ ਲਈ ਯਤਨਸ਼ੀਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਗਰ ਸੇਤੀਆ ਦੇ ਕੰਮਾਂ ਦੀ ਰਿਪੋਰਟ ਮਿਲਦਿਆਂ ਹੀ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੇ ਹੋਣਹਾਰ ਅਫਸਰ ਪਾਸੋਂ ਬੁਢਲਾਡਾ ਹਲਕੇ ਦਾ ਵਿਕਾਸ ਤੇਜ਼ ਗਤੀ ਨਾਲ ਹੋਵੇਗਾ। ਮੁੱਖ ਮੰਤਰੀ ਨੇ ਐੱਸ.ਡੀ.ਐੱਮ ਬੁਢਲਾਡਾ ਨੂੰ ਸੁਝਾਅ ਦਿੱਤਾ ਹੈ ਕਿ ਉਹ ਰਾਜਸਥਾਨ, ਹਰਿਆਣਾ ਨਾਲ ਲੱਗਦੇ ਸ਼ਹਿਰ ਬੁਢਲਾਡਾ ਨੂੰ ਹਰਿਆ-ਭਰਿਆ ਬਣਾਉਣ ਲਈ ਨਵੇਂ-ਨਵੇਂ ਸ਼ਹਿਰ ਵਿੱਚ ਪੌਦੇ ਲਗਾਉਣ, ਜਿਨ੍ਹਾਂ ਲਈ ਸਰਕਾਰ ਦਾ ਸਹਿਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਨਵਾਂ ਸ਼ਹਿਰ ਅਤੇ ਬੁਢਲਾਡਾ ਵਿਖੇ ਇੱਕੋ ਤਰਜ ਤੇ ਅਧਿਕਾਰੀਆਂ ਵੱਲੋਂ ਕੰਮ ਕਰਵਾਏ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਦੇਖਣਾ ਬਣੇਗਾ ਕਿ ਕਿਹੜਾ ਸ਼ਹਿਰ ਅਤੇ ਕਿਹੜਾ ਅਧਿਕਾਰੀ ਵਿਕਾਸ ਕੰਮਾਂ ਵਿੱਚੋਂ ਬਾਜੀ ਮਾਰਦਾ ਹੈ। ਮੁੱਖ ਮੰਤਰੀ ਨੇ ਸ਼ਹਿਰ ਬੁਢਲਾਡਾ ਦੇ ਲੋਕਾਂ ਨੂੰ ਐੱਸ.ਡੀ.ਐੱਮ ਬੁਢਲਾਡਾ ਦਾ ਸਹਿਯੋਗ ਕਰਕੇ ਬੁਢਲਾਡਾ ਸ਼ਹਿਰ ਨੂੰ ਸੁੰਦਰ ਬਣਾਉਣ। ਮੁੱਖ ਮੰਤਰੀ ਨੇ ਅਖੀਰ ਵਿੱਚ ਸਾਗਰ ਸੇਤੀਆ ਦੀ ਕੰਮਾਂ ਦੀ ਪ੍ਰਸ਼ੰਸ਼ਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।


Shyna

Content Editor

Related News