ਇਸੇ ਬਜਟ ਸੈਸ਼ਨ ''ਚ ਪੇਸ਼ ਹੋਵੇਗੀ ਕਿਸਾਨ-ਮਜ਼ਦੂਰ ਖੁਦਕਸ਼ੀਆਂ ਬਾਰੇ ਰਿਪੋਰਟ
Tuesday, Mar 20, 2018 - 11:31 AM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਵਿਚ ਇਕ ਨਵੀਂ ਲੀਹ ਪਾਉਂਦਿਆਂ ਵਿਰੋਧੀ ਪਾਰਟੀਆਂ ਦੇ ਵਿਧਾਇਕ, ਪੰਜਾਬ ਦੇ ਚੋਣਵੇਂ ਖੇਤੀ ਮਾਹਿਰਾਂ, ਸਮਾਜਿਕ ਕਾਰਕੁੰਨਾਂ ਨੇ ਦਰਜਨਾਂ ਖ਼ੁਦਕੁਸ਼ੀ ਪੀੜਤ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਨੂੰ ਰਾਹਤ ਦੇਣ ਲਈ ਆਉਣ ਵਾਲੇ ਵਿਧਾਨ ਸਭਾ ਵਿਚ ਠੋਸ ਕਦਮ ਉਠਾਉਣ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਲੋਂ ਬਣਾਈ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਅਤੇ ਮਜ਼ਦੂਰਾਂ ਦੀ ਕਮੇਟੀ ਦੇ ਦੋ ਮੈਂਬਰਾਂ ਸ਼੍ਰੋਮਣੀ ਅਕਾਲੀ ਦਲ ਤੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਮੌਕੇ ਉਤੇ ਹੀ ਭਰੋਸਾ ਦਿਵਾਇਆ ਕਿ ਉਹ ਵਿਧਾਨ ਸਭਾ ਦੇ ਇਸੇ ਸੈਸ਼ਨ ਵਿਚ ਨਾ ਸਿਰਫ ਕਮੇਟੀ ਦੀਆਂ ਸਿਫਾਰਿਸ਼ਾਂ ਪੇਸ਼ ਕਰਨਗੇ ਬਲਕਿ ਹੋਰ ਰਹਿੰਦੇ ਮੁੱਦਿਆਂ ਨੂੰ ਵੀ ਉਠਾਉਣ ਦੀ ਕੋਸ਼ਿਸ਼ ਕਰਨਗੇ। ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਵਿਧਾਨ ਸਭਾ 'ਚ ਮੁੱਦਾ ਉਠਾਉਣ ਦਾ ਵਾਅਦਾ ਕੀਤਾ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪਹਿਲੀ ਵਾਰ ਕਿਸਾਨ ਅਤੇ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੇ ਸੱਦੇ ਉੱਤੇ ਦਰਜਨਾਂ ਪੀੜਤ ਪਰਿਵਾਰਾਂ ਨੇ ਵੱਡੇ ਸਿਆਸੀ ਘੁਲਾਟੀਆਂ ਅਤੇ ਦਵਿੰਦਰ ਸ਼ਰਮਾ ਅਤੇ ਡਾ. ਗਿਆਨ ਸਿੰਘ ਵਰਗੇ ਨੀਤੀ ਵਿਸ਼ਲੇਸ਼ਕਾਂ ਦੇ ਸਾਹਮਣੇ ਅੱਜ ਆਪਣਾ ਦਰਦ ਬਿਆਨ ਕੀਤਾ। ਪਿਤਾ ਦੀ ਖ਼ੁਦਕੁਸ਼ੀ ਦਾ ਦਰਦ ਹੰਢਾਅ ਰਹੀ ਅਤੇ ਹੁਣ ਇਨ੍ਹਾਂ ਪੀੜਤ ਪਰਿਵਾਰਾਂ ਦੇ ਹਿੱਤਾਂ ਦੀ ਅਗਵਾਈ ਕਰਨ ਦਾ ਬੀੜਾ ਉਠਾਉਣ ਵਾਲੀ ਮਾਨਸਾ ਜ਼ਿਲੇ ਦੇ ਪਿੰਡ ਝੁਨੀਰ ਦੀ ਕਿਰਨਜੀਤ ਕੌਰ ਨੇ ਕਿਹਾ ਕਿ ਉਸਨੇ ਪਿੰਡਾਂ ਵਿਚ ਇਨ੍ਹਾਂ ਸਾਰੇ ਆਗੂਆਂ ਨੂੰ ਵੋਟਾਂ ਮੰਗਦਿਆਂ ਅਤੇ ਮੁੜ ਕਦੀ ਸ਼ਕਲ ਨਾ ਦਿਖਾਉਂਦਿਆਂ ਵਾਰ-ਵਾਰ ਦੇਖਿਆ ਹੈ। ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ, ਖੇਤੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਮੇਹਰ ਸਿੰਘ ਥੇੜ੍ਹੀ, ਆਈ. ਡੀ. ਪੀ. ਦੇ ਕਰਨੈਲ ਸਿੰਘ ਜਖੇਪਲ, ਬਿਕਰਜੀਤ ਸਿੰਘ ਸਾਧੂਵਾਲਾ ਅਤੇ ਨਵਦੀਪ ਕੌਰ, ਚਰਨਜੀਤ ਕੌਰ, ਨਿਰਮਲ ਸਿੰਘ ਸਿਰਸੀਵਾਲਾ, ਜਸਪ੍ਰੀਤ ਸਿੰਘ ਸਮੇਤ ਬਹੁਤ ਸਾਰੇ ਹੋਰ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ 'ਪਿੰਡ ਬਚਾਓ-ਪੰਜਾਬ ਬਚਾਓ' ਮੁਹਿੰਮ ਦੇ ਆਗੂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਕਿਸਾਨ-ਮਜ਼ਦੂਰ ਖੁਦਕਸ਼ੀਆਂ ਦਾ ਕਾਰਨ ਇਕੱਲਾ ਕਰਜ਼ਾ ਹੀ ਨਹੀਂ, ਇਸ ਪਿੱਛੇ ਸਰਕਾਰਾਂ ਦੀਆਂ ਮੁਨਾਫ਼ਾ ਆਧਾਰਿਤ ਨੀਤੀਆਂ ਵੀ ਹਨ, ਜਿਨ੍ਹਾਂ ਨੇ ਸਮਾਜ ਤੋੜਿਆ ਹੈ। ਇਨ੍ਹਾਂ ਹੀ ਨੀਤੀਆਂ ਕਾਰਨ ਹੁਣ ਮੁਸ਼ਕਲਾਂ ਵਿਚ ਘਿਰਿਆ ਕਿਸਾਨ-ਮਜ਼ਦੂਰ ਇਕੱਲਾ ਮਹਿਸੂਸ ਕਰ ਰਿਹਾ ਹੈ। ਇਸ ਦੌਰਾਨ ਸਰਕਾਰ ਵਲੋਂ ਚੋਣ ਮੈਨੀਫੈਸਟੋ ਵਿਚ ਇਨ੍ਹਾਂ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ।