ਬਜਟ ਝੂਠ ਦਾ ਪੁਲੰਦਾ, ਕਾਂਗਰਸ ਚੋਣ ਵਾਅਦਿਆਂ ਤੋਂ ਮੁੱਕਰੀ: ਆਪ

Tuesday, Feb 19, 2019 - 09:45 AM (IST)

ਬਜਟ ਝੂਠ ਦਾ ਪੁਲੰਦਾ, ਕਾਂਗਰਸ ਚੋਣ ਵਾਅਦਿਆਂ ਤੋਂ ਮੁੱਕਰੀ: ਆਪ

ਚੰਡੀਗੜ੍ਹ (ਰਮਨਜੀਤ)— ਮਨਪ੍ਰੀਤ ਸਿੰਘ ਬਾਦਲ ਵਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ਨੂੰ ਆਮ ਆਦਮੀ ਪਾਰਟੀ ਨੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਵਿਰੋਧੀ ਧਿਰ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਅਤੇ ਕਾਂਗਰਸ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਦੇ ਬਜਟ ਨੂੰ ਨਵੇਂ ਸ਼ਬਦਾਂ 'ਚ ਪੇਸ਼ ਕਰਕੇ ਸਰਕਾਰ ਨੇ ਆਮ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਪਾਣੀ ਫੇਰਿਆ ਹੈ।  ਚੀਮਾ ਨੇ ਕਿਹਾ ਕਿ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ਵਿਚ ਦਰਜ ਕੀਤੇ ਘਰ-ਘਰ ਰੋਜ਼ਗਾਰ, ਕਰਜ਼ਾ-ਕੁਰਕੀ ਖ਼ਾਤਮੇ, ਮੋਬਾਇਲ ਫ਼ੋਨ, ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਣ, ਦਲਿਤਾਂ ਅਤੇ ਗ਼ਰੀਬਾਂ ਨੂੰ ਪੈਨਸ਼ਨ ਦੇਣ ਸਮੇਤ ਸਾਰੇ ਵਾਅਦਿਆਂ ਤੋਂ ਮੁੱਕਰੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਬਜਟ ਦੇ ਦੌਰਾਨ ਵੀ ਸਰਕਾਰ ਨੇ ਕਿਸਾਨ ਕਰਜ਼ਾ ਮੁਆਫ਼ੀ ਲਈ ਰੱਖੀ ਗਈ ਰਾਸ਼ੀ ਊਠ ਦੇ ਮੂੰਹ ਜੀਰਾ ਸਮਾਨ ਸੀ ਪਰ ਇਸ ਸਾਲ ਇਸ ਰਾਸ਼ੀ ਨੂੰ ਹੋਰ ਘਟਾ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਭੱਦਾ ਮਜ਼ਾਕ ਕੀਤਾ ਹੈ, ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ 'ਤੇ ਪਿਛਲੇ ਸਮੇਂ ਵਿਚ ਵੀ ਕਈ ਸਵਾਲ ਉਠਦੇ ਰਹੇ ਹਨ ਅਤੇ ਇਹ ਸਕੀਮ ਸਰਕਾਰ ਅਤੇ ਕਾਂਗਰਸੀਆਂ ਦੇ ਨਜ਼ਦੀਕੀਆਂ ਨੂੰ ਰਾਹਤ ਦੇਣ ਦਾ ਜ਼ਰੀਆ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਮੰਡੀਕਰਨ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੇ ਸਹੀ ਭਾਅ ਮਿਲਣੇ ਨਾ-ਮੁਮਕਿਨ ਹਨ।


author

Shyna

Content Editor

Related News