ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਕਰਾਰਾ ਜਵਾਬ

03/11/2023 6:16:13 PM

ਚੰਡੀਗੜ੍ਹ : ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਰ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਵਿਰੋਧੀਆਂ ’ਤੇ ਵੱਡਾ ਹਮਲਾ ਬੋਲਦਿਆਂ ਆਖਿਆ ਹੈ ਕਿ ਪੰਜਾਬ ਦੇ ਖ਼ਜ਼ਾਨੇ ਨੂੰ ‘ਖਾਲੀ ਪੀਪਾ’ ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ ਜਿੰਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ ’ਤੇ ‘ਟੈਕਸ’ ਵਸੂਲਿਆ ਜਾਂਦਾ ਰਿਹਾ, ਨੀਲੀ ਤੋਂ ਪੀਲ਼ੀ-ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਹਨ। ਰੱਬ ਪੰਜਾਬ ’ਤੇ ਮੇਹਰ ਕਰੇ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ

‘ਆਪ’ ਸਰਕਾਰ ਆਪਣੇ ਹੀ ਬਜਟ ਦੇ ਐਲਾਨਾਂ ਨਾਲ ਹੋਈ ਬੇਨਕਾਬ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ’ਤੇ ਬੋਲਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ ਵਿਚ ਕੀਤੇ ਗਏ ਆਪਣੇ ਹੀ ਐਲਾਨਾਂ ਨਾਲ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਬਜਟ ਨੇ ਫੇਲ੍ਹ ਹੋਈ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਜਟ 2023-24 ‘ਆਪ’ ਸਰਕਾਰ ਦੀਆਂ ਅਸਫਲਤਾਵਾਂ ਦਾ ਸਬੂਤ ਹੈ। ਇਹ ਅਸੀਂ ਹੀ ਨਹੀਂ ਕਹਿ ਰਹੇ, ਇਹ ਸਰਕਾਰ ਹੈ ਜੋ ਮੰਨ ਰਹੀ ਹੈ ਕਿ ਪੰਜਾਬ ਦੀਵਾਲੀਆਪਨ ਦੇ ਕੰਢੇ ’ਤੇ ਹੈ ਅਤੇ ਸੂਬਾ ਸਰਕਾਰ ਕੋਲ ਇਸ ਨੂੰ ਬਚਾਉਣ ਲਈ ਕੋਈ ਹੱਲ ਨਹੀਂ ਹੈ, ਉਨ੍ਹਾਂ ਅੱਗੇ ਕਿਹਾ ਕਿ ਜੇ ਇਨ੍ਹਾਂ ਕੋਲ ਕੋਈ ਯੋਜਨਾ ਜਾਂ ਪ੍ਰੋਗਰਾਮ ਹੁੰਦਾ ਤਾਂ ਅੱਜ ਦੇ ਬਜਟ ਵਿਚ ਦੱਸਦੇ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਬੇਰਹਿਮੀ ਨਾਲ ਕੀਤੇ ਗਏ ਪ੍ਰਦੀਪ ਸਿੰਘ ਦੇ ਕਤਲ ਮਾਮਲੇ ’ਚ ਨਵਾਂ ਮੋੜ

ਸੁਖਬੀਰ ਬਾਦਲ ਨੇ ਵੀ ਚੁੱਕੇ ਸੀ ਸਵਾਲ 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਨੇ 2023-24 ਦੇ ਬਜਟ ਵਿਚ ਅੰਕੜਿਆਂ ਦਾ ਹੇਰ-ਫੇਰ ਕਰਕੇ ਲੁਭਾਉਣੀ ਤਸਵੀਰ ਵਿਖਾ ਕੇ ਪੰਜਾਬੀਆਂ ਨਾਲ ਇਕ ਵਾਰ ਫਿਰ ਧੋਖਾ ਕੀਤਾ ਹੈ ਜਦੋਂ ਕਿ ਅਸਲੀਅਤ ਵਿਚ ਪੰਜਾਬ ਆਰਥਿਕ ਬਰਬਾਦੀ ਦੇ ਰਾਹ ਪੈ ਗਿਆ ਹੈ ਕਿਉਂਕਿ ਕਰਜ਼ਾ ਵੱਧ ਰਿਹਾ ਹੈ ਤੇ ਸਾਰੇ ਪੈਮਾਨਿਆਂ ’ਤੇ ਸਾਡੀ ਕਾਰਗੁਜ਼ਾਰੀ ਬਹੁਤ ਮਾੜੀ ਹੈ। ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮਾਲੀਏ ਵਿਚ ਵਾਧੇ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅੰਕੜਿਆਂ ਦਾ ਹੇਰ-ਫੇਰ ਕਰਕੇ ਪੰਜਾਬੀਆਂ ਤੋਂ ਸੱਚਾਈ ਲੁਕਾਈ ਗਈ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੂਬੇ ਸਿਰ ਕਰਜ਼ਾ 42181 ਕਰੋੜ ਰੁਪਏ ਹੋਰ ਵੱਧ ਕੇ 3.47 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਜੀ.ਐੱਸ.ਡੀ.ਪੀ. ਦਾ 46.81 ਫੀਸਦੀ ਬਣਦਾ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵਧ ਰਿਹਾ ਹੈ।

ਇਹ ਵੀ ਪੜ੍ਹੋ : ਪੱਬਾਂ ਭਾਰ ਹੋਇਆ ਪੰਜਾਬ ਦਾ ਸਿੱਖਿਆ ਵਿਭਾਗ, ਸਕੂਲ ਪ੍ਰਮੁੱਖਾਂ ਅਤੇ ਪ੍ਰਿੰਸੀਪਲਾਂ ਨੂੰ ਜਾਰੀ ਹੋਏ ਹੁਕਮ

ਪੰਜਾਬ ਸਰਕਾਰ ਦੇ ਬਜਟ ਨੇ ਸਭ ਨੂੰ ਕੀਤਾ ਪ੍ਰੇਸ਼ਾਨ : ਅਸ਼ਵਨੀ ਸ਼ਰਮਾ

ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ’ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ‘ਖੋਦਿਆ ਪਹਾੜ ਅਤੇ ਨਿਕਲਿਆ ਚੂਹਾ’ ਵਾਲੀ ਕਹਾਵਤ ਨੂੰ ਸੱਚ ਕਰਨ ਵਾਲਾ ਹੈ। ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਉਲੀਕੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ਤੋਂ ਸੂਬੇ ਦੀ ਜਨਤਾ ਨੂੰ ਬਹੁਤ ਉਮੀਦਾਂ ਸਨ ਪਰ ਇਹ ਬਜਟ ਨੇ ਸਭ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਇਸ ਬਜਟ ਵਿਚ ਪੰਜਾਬ ਸਰਕਾਰ ਨੇ ਕਿਸਾਨ, ਮਜਦੂਰਾਂ, ਔਰਤਾਂ, ਵਪਾਰੀਆ ਸਮੇਤ ਸਾਰੇ ਪੰਜਾਬੀਆ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਭਗਵੰਤ ਮਾਨ ਸਰਕਾਰ ਨੇ ਇਸ ਬਜਟ ਵਿਚ ਨਾ ਤਾਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ’ਤੇ ਨਾ ਹੀ ਔਰਤਾਂ ਨੂੰ ਇਕ ਹਜ਼ਾਰ ਪ੍ਰਤੀ ਮਹੀਨਾ ਦੇਣ ਦਾ ਕੋਈ ਐਲਾਨ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦਾ ਇਕ ਹੋਰ ਮਸ਼ਹੂਰ ਟੋਲ ਪਲਾਜ਼ਾ ਹੋਇਆ ਟੋਲ ਮੁਕਤ, ਜਾਣੋ ਕੀ ਹੈ ਪੂਰਾ ਮਾਮਲਾ

ਕੀ ਕਿਹਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ

ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਹੈ ਆਮ ਆਦਮੀ ਪਾਰਟੀ ਦਾ ਬਜਟ ਗੱਲਾਂ ਵਿਚ ਲੰਮਾ, ਕਾਰਵਾਈ ਵਿਚ ਛੋਟਾ ਹੈ। ਇਸ ਸਰਕਾਰ ਨੇ ਇਸ਼ਤਿਹਾਰਾਂ ਅਤੇ ਪ੍ਰਚਾਰ ’ਤੇ ਕਿੰਨਾ ਪੈਸਾ ਖਰਚ ਕੀਤਾ ਹੈ, ਜੋ ਕਿ ਮੈਂ ਪੁਖ਼ਤਾ ਦਸਤਾਵੇਜਾਂ ਸਮੇਤ ਤੱਥਾਂ ਦੇ ਅਧਾਰ ਤੇ ਜ਼ਰੂਰ ਖ਼ੁਲਾਸਾ ਕਰਾਂਗਾ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਭਾਜਪਾ ਐੱਮ.ਐੱਲ.ਏ. ਜੰਗੀ ਲਾਲ ਮਹਾਜਨ ਤੇ ਪੰਜਾਬ ਭਾਜਪਾ ਦੇ ਸੂਬਾ ਮੀਡੀਆ ਸਹਿ ਸਕੱਤਰ ਹਰਦੇਵ ਸਿੰਘ ਉੱਭਾ ਨਾਲ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ, ਬਜਟ ਦੌਰਾਨ ਲਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News