ਬਸਪਾ ਨੇ ਐੱਸ. ਐੱਸ. ਪੀ. ਦਫਤਰ ਅੱਗੇ ਕੀਤਾ ਪ੍ਰਦਰਸ਼ਨ

01/17/2018 12:32:12 AM

ਬਟਾਲਾ,   (ਬੇਰੀ)-  ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਮ੍ਰਿਤਕ ਅਮਰਜੀਤ ਸਿੰਘ ਨੂੰ ਕਥਿਤ ਤੌਰ 'ਤੇ ਮਾਰਨ ਵਾਲੇ 2 ਨੌਜਵਾਨਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਐੱਸ. ਐੱਸ. ਪੀ. ਦਫਤਰ ਅੱਗੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਵੱਲੋਂ ਸ਼ਹਿਰ ਵਿਚੋਂ ਰੋਸ ਮਾਰਚ ਵੀ ਕੱਢਿਆ ਗਿਆ ਜੋ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਐੱਸ. ਐੱਸ. ਪੀ. ਦਫਤਰ ਪਹੁੰਚਿਆ, ਜਿਥੇ ਬਸਪਾ ਕਾਰਜਕਰਤਾਵਾਂ ਨੇ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ। 
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਜ਼ਿਲਾ ਪ੍ਰਧਾਨ ਪਲਵਿੰਦਰ ਸਿੰਘ ਬਿੱਕਾ ਨੇ ਕਿਹਾ ਕਿ ਅਮਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗਲੀ ਗੁਰਦੁਆਰਾ ਸਮਤਗੜ੍ਹ ਮੁਹੱਲਾ ਸਿੰਬਲ ਬਟਾਲਾ ਦਾ ਕਤਲ ਕਰਨ ਵਾਲੇ ਭੁਪਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਾਨ ਨਗਰ ਬਟਾਲਾ ਅਤੇ ਉਸਦੇ ਇਕ ਹੋਰ ਸਾਥੀ ਨੂੰ ਸਿਟੀ ਪੁਲਸ ਵੱਲੋਂ ਪਰਚਾ ਦਰਜ ਕੀਤੇ ਜਾਣ ਦੇ ਬਾਵਜੂਦ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕਾਰਨ ਪੀੜਤ ਪਰਿਵਾਰ ਵਿਚ ਪੁਲਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਇਆ ਜਾਵੇ। ਇਸ ਦੌਰਾਨ ਪ੍ਰਦਰਸ਼ਨ ਕਰਨੇ ਵਾਲਿਆਂ 'ਚ ਥੋੜੂ ਰਾਮ ਐਡਵੋਕੇਟ, ਸੰਜੀਤ ਦੈਤਿਆ ਪੰਜਾਬ ਪ੍ਰਧਾਨ ਲਵ-ਕੁਸ਼ ਸੈਨਾ, ਜਗੀਰ ਸਿੰਘ ਮਾਨ ਨਗਰ ਜ਼ਿਲਾ ਸਕੱਤਰ, ਪ੍ਰਕਾਸ਼ ਮਸੀਹ ਗਿੱਲ ਕੋਆਰਡੀਨੇਟਰ, ਬਨਵਾਰੀ ਲਾਲ ਕੋਆਰਡੀਨੇਟਰ, ਡਾ. ਹਰਭਜਨ ਸਿੰਘ ਸੀਨੀਅਰ ਬਸਪਾ ਆਗੂ, ਇਮਾਨੂੰਅਲ ਮਸੀਹ, ਬਲਕਾਰ ਸਿੰਘ, ਸਟੀਫਨ ਮਸੀਹ, ਰਾਜ ਕੁਮਾਰ, ਸੁੱਚਾ ਸਿੰਘ, ਪਤਰਸ ਮਸੀਹ, ਰੂਪ, ਸੈਮੂਅਲ ਮਸੀਹ ਆਦਿ ਸਮੇਤ ਵੱਡੀ ਗਿਣਤੀ 'ਚ ਬਸਪਾ ਕਾਰਜਕਰਤਾ ਪਹੁੰਚੇ ਹੋਏ ਸਨ। 
ਜਲਦੀ ਹੀ ਮੁਲਜ਼ਮ ਪੁਲਸ ਦੀ ਹਿਰਾਸਤ 'ਚ ਹੋਣਗੇ : ਐੱਸ. ਐੱਸ. ਪੀ.
ਇਸ ਦੌਰਾਨ ਧਰਨਾ ਦੇ ਰਹੇ ਬਸਪਾ ਕਾਰਜਕਰਤਾਵਾਂ ਨੂੰ ਭਰੋਸਾ ਦਿੰਦੇ ਹੋਏ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਆਪਣੇ ਦਫਤਰ ਪੀੜਤ ਪਰਿਵਾਰ ਸਮੇਤ ਬੁਲਾ ਕੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਕਤ ਮੁਲਜ਼ਮ ਪੁਲਸ ਹਿਰਾਸਤ 'ਚ ਹੋਣਗੇ ਅਤੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇਗਾ ਅਤੇ ਉਕਤ ਮਾਮਲਾ ਐੱਸ. ਐੱਸ. ਪੀ. ਵੱਲੋਂ ਡੀ. ਐੱਸ. ਪੀ. ਸਿਟੀ ਸੱਚਾ ਸਿੰਘ ਬੱਲ ਨੂੰ ਸੌਂਪ ਦਿੱਤਾ ਗਿਆ ਹੈ। 


Related News