ਲੁਧਿਆਣਾ 'ਚ BSP ਤੇ BJP ਵਰਕਰ ਆਹਮੋ-ਸਾਹਮਣੇ, ਦੇਖੋ ਹੰਗਾਮੇ ਦੀਆਂ ਤਸਵੀਰਾਂ
Saturday, Oct 24, 2020 - 03:38 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਜਲੰਧਰ-ਬਾਈਪਾਸ ਚੌਂਕ 'ਚ ਡਾ. ਅੰਬੇਡਕਰ ਦੇ ਬੁੱਤ 'ਤੇ ਭਾਜਪਾ ਆਗੂਆਂ ਵੱਲੋਂ ਹਾਰ ਚੜ੍ਹਾਏ ਗਏ, ਜਿਸ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਰਕਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਬਸਪਾ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜਦੋਂ ਦੀ ਸੱਤਾ 'ਚ ਆਈ ਹੈ, ਪਾਰਟੀ ਨੇ ਸਾਰੇ ਕੰਮ ਸੰਵਿਧਾਨ ਦੇ ਖ਼ਿਲਾਫ਼ ਕੀਤੇ ਹਨ।
ਬਸਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ, ਜਦੋਂ ਕਿ ਭਾਜਪਾ ਵੱਲੋਂ ਸਾਰੇ ਕੰਮ ਸੰਵਿਧਾਨ ਦੇ ਖ਼ਿਲਾਫ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਨੂੰ ਹਾਰ ਚੜ੍ਹਾਉਣਾ ਸਿਰਫ ਭਾਜਪਾ ਦੀ ਡਰਾਮੇਬਾਜ਼ੀ ਹੈ ਅਤੇ ਦਲਿਤਾਂ ਪ੍ਰਤੀ ਪਾਰਟੀ ਦਾ ਕੋਈ ਮੋਹ ਨਹੀਂ ਹੈ ਕਿਉਂਕਿ ਇਹ ਪਾਰਟੀ ਦਲਿਤਾਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਅਤੇ ਮਨੁਵਾਦੀ ਰਾਜ ਸਥਾਪਿਤ ਕਰਨਾ ਚਾਹੁੰਦੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਇੱਥੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਮਾਹੌਲ ਖ਼ਰਾਬ ਨਾ ਹੋਵੇ, ਇਸ ਲਈ ਇੱਥੇ ਪੁਲਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਭਾਜਪਾ ਆਗੂਆਂ ਨੂੰ ਪੁਲਸ ਵੱਲੋਂ ਅੱਗੇ ਵਧਣ ਤੋਂ ਰੋਕਿਆ ਗਿਆ। ਭਾਜਪਾ ਕਾਰਕੁੰਨਾਂ ਨੇ ਬੁੱਤ ਨੂੰ ਸਾਫ ਕੀਤਾ ਅਤੇ ਦੁੱਧ ਨਾਲ ਧੋਤਾ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋ ਵਜ਼ੀਫਾ ਘਪਲੇ ਦੇ ਮੁੱਦੇ 'ਤੇ ਭਾਜਪਾ ਇਨਸਾਫ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ ਬਾਬਾ ਸਾਹਿਬ ਦੇ ਬੁੱਤ ਨੂੰ ਸਨਮਾਨ ਦੇਣ ਲਈ ਹੀ ਇੱਥੇ ਆਏ ਸਨ ਪਰ ਬਸਪਾ ਆਗੂਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜੋ ਕਿ ਸਹੀ ਨਹੀਂ ਹੈ।