ਫਿਰੋਜ਼ਪੁਰ: BSF ਦਾ ਜਵਾਨ ਪਾਕਿ ਨੂੰ ਸੀਕਰੇਟ ਜਾਣਕਾਰੀ ਦੇਣ ਦੇ ਦੋਸ਼ 'ਚ ਗ੍ਰਿ੍ਰਫਤਾਰ

11/04/2018 1:59:29 PM

ਫਿਰੋਜ਼ਪੁਰ (ਕੁਮਾਰ)— ਮਮਦੋਟ ਦੀ ਪੁਲਸ ਵੱਲੋਂ ਭਾਰਤ ਦੀ ਗੁਪਤ ਜਾਣਕਾਰੀ ਪਾਕਿਸਤਾਨ ਤੱਕ ਪਹੁੰਚਾਉਣ ਦੇ ਦੋਸ਼ 'ਚ ਬੀ. ਐੱਸ. ਐੱਫ. ਦੇ ਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬੀ. ਐੱਸ. ਐੱਫ. 29 ਬਟਾਲੀਅਨ ਦੇ ਡਿਪਟੀ ਕਮਾਂਡੇਟ ਮਮਦੋਟ ਵੱਲੋਂ ਕੀਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਫਿਰੋਜ਼ਪੁਰ ਦੇ ਥਾਣਾ ਮਮਦੋਟ ਦੀ ਪੁਲਸ ਨੇ ਬੀ. ਐੱਸ. ਐੱਫ. ਦੇ ਜਵਾਨ ਸ਼ੇਖ ਰਿਆਜ਼ੁਦੀਨ ਉਰਫ ਰਿਆਜ਼ ਪੁੱਤਰ ਸ਼ਮਸ਼ੂਦੀਨ ਸ਼ੇਖ ਵਾਸੀ ਰੇਨਪੁਰਾ ਜ਼ਿਲਾ ਲਾਤੂਰ ਮਹਾਰਾਸ਼ਟਰ ਖਿਲਾਫ ਪਾਕਿਸਤਾਨ ਨੂੰ ਭਾਰਤ ਦੀ ਗੁਪਤ ਜਾਣਕਾਰੀ ਭੇਜਣ ਦੇ ਦੋਸ਼ 'ਚ ਆਫੀਸ਼ੀਅਲ ਸੀਕਰੇਟ ਐਕਟ 1923 ਅਤੇ ਨੈਸ਼ਨਲ ਸਕਿਓਰਿਟੀ ਐਕਟ 1980 ਦੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਵੱਲੋਂ ਨਾਮਜ਼ਦ ਬੀ. ਐੱਫ. ਐੱਫ. ਦੇ ਸ਼ੇਖ ਰਿਆਜ਼ੁਦੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਇਸ ਜਵਾਨ ਕੋਲੋਂ ਦੋ ਮੋਬਾਇਲ ਫੋਨ ਅਤੇ 7 ਮੋਬਾਇਲ ਦੀਆਂ ਸਿਮਾਂ ਬਰਾਮਦ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਸ਼ਿਕਾਇਤ ਕਰਤਾ ਡਿਪਟੀ ਕਮਾਂਡੇਟ ਨੇ ਦੋਸ਼ ਲਗਾਇਆ ਸੀ ਕਿ ਸ਼ੇਖ ਰਿਆਜ਼ੁਦੀਨ ਮਮਦੋਟ ਫਿਰੋਜ਼ਪੁਰ ਸੀਕਰੇਟ ਅਤੇ ਕਲਾਸੀਫਾਈਡ ਬੀ. ਐੱਸ. ਐੱਫ. ਆਰਗੇਨਾਈਜ਼ੇਸ਼ਨ ਸਬੰਧੀ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਸੀਕਰੇਟ ਸੂਚਨਾਵਾਂ, ਸੜਕਾਂ ਦੀਆਂ ਫੁਟੇਜ਼, ਯੂਨਿਟ ਦੇ ਅਧਿਕਾਰੀਆਂ ਦੇ ਕਾਨਟਰੈਕਟ ਨੰਬਰ ਸੋਸ਼ਲ ਮੀਡੀਆ, ਫੇਸਬੁੱਕ ਅਤੇ ਮੈਸੇਂਜਰ ਵੱਲੋਂ ਮੋਬਾਇਲ ਫੋਨ ਤੋਂ ਪਾਕਿਸਤਾਨ ਇੰਟੈਲੀਜੈਂਸ ਆਪਰੇਟਿਵ ਦੇ ਮਿਰਜ਼ਾ ਫੈਸਲ ਨੂੰ ਪਾਕਿਸਤਾਨ ਭੇਜੀਆਂ ਹਨ। 

ਉਨ੍ਹਾਂ ਨੇ ਦੱਸਿਆ ਕਿ ਇਸ ਸੰਗੀਨ ਦੋਸ਼ ਨੂੰ ਦੇਖਦੇ ਹੋਏ ਮਮਦੋਟ ਪੁਲਸ ਨੇ ਨਾਮਜ਼ਦ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨ ਰਿਆਜ਼ੁਦੀਨ ਨੂੰ ਅੱਜ ਇੰਸਪੈਕਟਰ ਐੱਸ. ਐੱਚ. ਓ. ਰਣਜੀਤ ਸਿੰਘ ਦੀ ਅਗਵਾਈ 'ਚ ਡਿਊਟੀ ਮੈਜਿਸਟ੍ਰੇਟ ਫਿਰੋਜ਼ਪੁਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਕਤ ਜਵਾਨ ਨੂੰ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਫੌਜ ਦਾ ਏਰੀਆ ਹੈ ਅਤੇ ਭਾਰਤ-ਪਾਕਿ ਸਰਹੱਦ 'ਤੇ ਵੱਸਿਆ ਹੋਇਆ ਸ਼ਹਿਰ ਹੈ। ਫੜੇ ਗਏ ਇਸ ਜਵਾਨ ਵੱਲੋਂ ਪਾਕਿਸਤਾਨ ਨੂੰ ਭਾਰਤੀ ਫੌਜ ਨੂੰ ਦਿੱਤੀਆਂ ਗਈਆਂ ਅਹਿਮ ਜਾਣਕਾਰੀਆਂ ਦੇਸ਼ ਦੀ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਦੀਆਂ ਹਨ।


Related News