BSF ਨੇ ਪੁਲਸ ਨੂੰ ਸੌਂਪੀ 126 ਨਸ਼ਾ ਸਮੱਗਲਰਾਂ ਦੀ ਲਿਸਟ, ਹੈਰਾਨ ਕਰੇਗੀ 11 ਮਹੀਨਿਆਂ ਦੀ ਰਿਪੋਰਟ

Monday, Dec 02, 2024 - 02:35 PM (IST)

BSF ਨੇ ਪੁਲਸ ਨੂੰ ਸੌਂਪੀ 126 ਨਸ਼ਾ ਸਮੱਗਲਰਾਂ ਦੀ ਲਿਸਟ, ਹੈਰਾਨ ਕਰੇਗੀ 11 ਮਹੀਨਿਆਂ ਦੀ ਰਿਪੋਰਟ

ਅੰਮ੍ਰਿਤਸਰ(ਨੀਰਜ)- ਪੰਜਾਬ ’ਚ ਨਸ਼ਿਆਂ ਦਾ ਛੇਵਾਂ ਦਰਿਆ ਨਾ ਵਗੇ, ਇਸ ਲਈ ਬਾਰਡਰ ’ਤੇ ਫਸਟ ਲਾਈਨ ਆਫ ਡਿਫੈਂਸ ਬੀ. ਐੱਸ. ਐੱਫ. ਵਲੋਂ ਸੰਜੀਦਗੀ ਅਤੇ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀ. ਐੱਸ. ਐੱਫ. ਦੇ 60ਵੇਂ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਆਈ. ਜੀ. ਅਤੁਲ ਫੁਲਜ਼ੈਲੀ ਨੇ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਪੰਜਾਬ ਪੁਲਸ ਨੂੰ 126 ਨਸ਼ਾ ਸਮੱਗਲਰਾਂ ਦੀ ਸੂਚੀ ਸੌਂਪੀ ਗਈ ਹੈ, ਜਿਨ੍ਹਾਂ ’ਤੇ ਹੈਰੋਇਨ ਦੀ ਸਮੱਗਲਿੰਗ ਕਰਨ ਅਤੇ ਕਰਵਾਉਣ ਦੀ ਪੁਖਤਾ ਸੰਭਵਨਾ ਹੈ। ਉਨ੍ਹਾਂ ਦੱਸਿਆ ਕਿ ਸਮੱਗਲਰਾਂ ਨੂੰ ਫੜਨ ਲਈ ਕੇਂਦਰੀ ਏਜੰਸੀ ਐੱਨ. ਸੀ. ਬੀ. (ਨਾਰਕੋਟਿਕਸ ਕੰਟਰੋਲ ਬਿਊਰੋ) ਅਤੇ ਪੰਜਾਬ ਪੁਲਸ ਨਾਲ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਕਾਫ਼ੀ ਸਫ਼ਲਤਾ ਮਿਲੀ ਹੈ।

11 ਮਹੀਨਿਆਂ ’ਚ 1405 ਕਰੋੜ ਰੁਪਏ ਦੀ ਹੈਰੋਇਨ ਅਤੇ 272 ਡਰੋਨ ਜ਼ਬਤ

ਉਨ੍ਹਾਂ ਦੱਸਿਆ ਕਿ ਬੀ. ਐੱਸ. ਐੱਫ. ਵੱਲੋਂ ਪਿਛਲੇ 11 ਮਹੀਨਿਆਂ ਦੌਰਾਨ 1405 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ ਅਤੇ ਸਰਹੱਦ ’ਤੇ 272 ਡ੍ਰੋਨ ਵੀ ਜ਼ਬਤ ਕੀਤੇ ਗਏ ਹਨ ਜਦਕਿ ਪਿਛਲੇ ਸਾਲ ਸਿਰਫ਼ 107 ਡ੍ਰੋਨ ਫੜੇ ਗਏ ਸਨ। ਇਸ ਸਾਲ ਵੱਖ-ਵੱਖ ਮਾਮਲਿਆਂ ਵਿਚ 94 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 73 ਸ਼ੱਕੀ ਨਸ਼ਾ ਸਮੱਗਲਰ ਵੀ ਕਾਬੂ ਕੀਤੇ ਗਏ ਹਨ, 29 ਪਾਕਿਸਤਾਨੀ ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ, 3 ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰਿਆ ਗਿਆ ਹੈ ਅਤੇ 2 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਰਵਾਇਤੀ ਤਰੀਕਿਆਂ ਨਾਲ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਬੰਦ

ਆਈ. ਜੀ. ਅਤੁਲ ਫੁਲਜੈਲੀ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ ਸਖ਼ਤੀ ਕਾਰਨ ਸਮੱਗਲਿੰਗ ਜੋ ਕਿ ਰਵਾਇਤੀ ਤਰੀਕਿਆਂ, ਜਿਵੇਂ ਪਾਈਪਾਂ ਅਤੇ ਹੋਰ ਤਰੀਕਿਆਂ ਰਾਹੀਂ ਹੁੰਦੀ ਸੀ, ਇਸ ਸਮੇਂ ਬੰਦ ਹੋ ਚੁੱਕੀ ਹੈ ਅਤੇ 97 ਫੀਸਦੀ ਸਮੱਗਲਿੰਗ ਡਰੋਨਾਂ ਰਾਹੀਂ ਹੋ ਰਹੀ ਹੈ, ਇਸ ਦੇ ਟਾਕਰੇ ਲਈ ਏ. ਡੀ. ਐੱਸ. (ਐਂਟੀ ਡਰੋਨ ਸਿਸਟਮ) ਸਿਸਟਮ ਲਗਾਏ ਗਏ ਹਨ ਜੋ ਬਹੁਤ ਸਫਲਤਾਪੂਰਵਕ ਕੰਮ ਕਰ ਰਹੇ ਹਨ। ਛੋਟੇ ਡਰੋਨ ਹੋਣ ਜਾਂ ਵੱਡੇ ਡਰੋਨ, ਸਭ ਨੂੰ ਆਧੁਨਿਕ ਤਕਨੀਕ ਨਾਲ ਉਤਾਰਿਆ ਜਾ ਰਿਹਾ ਹੈ।

ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ

PunjabKesari

ਇਹ ਵੀ ਪੜ੍ਹੋ- ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ

ਵਿਦੇਸ਼ਾਂ ਵਿਚ ਬੈਠੇ ਸਮੱਗਲਰ ਵੀ ਕਰਵਾ ਰਹੇ ਸਮੱਗਲਿੰਗ

ਆਈ. ਜੀ. ਨੇ ਖੁਲਾਸਾ ਕੀਤਾ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਭਾਰਤੀ ਸਮੱਗਲਰਾਂ ਦੇ ਨਾਲ-ਨਾਲ ਵਿਦੇਸ਼ਾਂ ’ਚ ਬੈਠੇ ਸਮੱਗਲਰਾਂ ਦੇ ਵੀ ਖੁਲਾਸੇ ਹੋਏ ਹਨ ਜੋ ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ’ਚ ਆਪਣਾ ਨੈੱਟਵਰਕ ਚਲਾ ਰਹੇ ਹਨ ਅਤੇ ਉਹ ਘੱਟ ਉਮਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਅਤੇ ਨਸ਼ਾ ਸਮੱਗਲਿੰਗ ਦੇ ਕੰਮ ਵਿਚ ਲਗਾ ਰਹੇ ਹਨ ਪਰ ਬੀ. ਐੱਸ. ਐੱਫ. ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਰਾਹੀਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਨਾ ਫਸਣ ਅਤੇ ਵਿਦੇਸ਼ਾਂ ਵਿੱਚ ਬੈਠੇ ਸਮੱਗਲਰਾਂ ਦੇ ਜਾਲ ਵਿਚ ਨਾ ਫਸਣ।

ਦਸੰਬਰ-ਜਨਵਰੀ ਧੁੰਦ ਦਾ ਮੌਸਮ ਚੁਣੌਤੀਪੂਰਨ

ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿਚ ਧੁੰਦ ਦੌਰਾਨ ਪਾਕਿਸਤਾਨੀ ਸਮੱਗਲਰ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੰਦੇ ਹਨ ਅਤੇ ਡ੍ਰੋਨ ਦੀ ਮੂਵਮੈਂਟ ਵੀ ਕਾਫੀ ਤੇਜ਼ ਹੋ ਜਾਂਦੀ ਹੈ। ਇਸ ਸਬੰਧੀ ਆਈ. ਜੀ. ਨੇ ਕਿਹਾ ਕਿ ਬੀ. ਐੱਸ. ਐੱਫ. ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ, ਚਾਹੇ ਉਹ ਮਾਈਨਸ ਡਿਗਰੀ ਤਾਪਮਾਨ ਹੋਵੇ ਜਾਂ 48 ਡਿਗਰੀ ਤਾਪਮਾਨ, ਬੀ. ਐੱਸ. ਐੱਫ. ਦੇ ਜਵਾਨ ਹਰ ਮੌਸਮ ਵਿੱਚ ਚੌਕਸ ਰਹਿੰਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ

ਬੀ. ਐੱਸ. ਐੱਫ. ਫਰੰਟੀਅਰ ਵਲੋਂ ਆਯੋਜਿਤ ਪ੍ਰਮੁੱਖ ਪ੍ਰੋਗਰਾਮ

-1 ਦਸੰਬਰ, 2023 ਤੋਂ ਲੈ ਕੇ ਹੁਣ ਤੱਕ ਬੀ. ਐੱਸ. ਐੱਫ. ਵਲੋਂ 105 ਸੁਰੱਖਿਆ ਮੀਟਿੰਗਾਂ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲਕੇ, ਜਿਨ੍ਹਾਂ ਵਿਚ ਪੰਜਾਬ ਪੁਲਸ ਨਾਲ ਅਤੇ ਇਕ ਹੋਰ ਸੈਨਾ ਦੇ ਨਾਲ 2 ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ।

-ਸਿਵਕ ਐਕਸ਼ਨ ਪ੍ਰੋਗਰਾਮ ਤਹਿਤ ਪਿੰਡਾਂ ਦੇ ਸਕੂਲਾਂ ਨੂੰ ਕੰਪਿਊਟਰ, ਸਟੇਸ਼ਨਰੀ, ਖੇਡ ਸਮੱਗਰੀ ਅਤੇ ਮੈਡੀਕਲ ਕੈਂਪ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਗਈਆਂ।

-ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ 491 ਕਿਲੋਮੀਟਰ ਲੰਬੀ ਸਾਈਕਲ ਰੈਲੀ ਕੱਢੀ ਗਈ ਜੋ ਫਾਜ਼ਿਲਕਾ ਤੋਂ ਸ਼ੁਰੂ ਹੋ ਕੇ ਜੇ. ਸੀ. ਪੀ. ਅਟਾਰੀ ਵਿਖੇ ਸਮਾਪਤ ਹੋਈ।

-ਬੀ. ਐੱਸ. ਐੱਫ. ਨੇ ਆਪਣੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਮਕੈਨਿਕ, ਟੇਲਰਿੰਗ, ਇਲੈਕਟ੍ਰੀਸ਼ੀਅਨ ਆਦਿ ਦੇ ਕੋਰਸ ਪ੍ਰਦਾਨ ਕਰਵਾਏ ਤਾਂ ਜੋ ਉਹ ਰੋਜ਼ਗਾਰ ਪ੍ਰਾਪਤ ਕਰ ਸਕਣ।

– 11 ਮਈ 2024 ਨੂੰ ਜੇ. ਸੀ. ਪੀ. ਅਟਾਰੀ ਸਰਹੱਦ ’ਤੇ ਦੇਸ਼ ਦਾ ਸਭ ਤੋਂ ਉੱਚਾ 350 ਫੁੱਟ ਤਿਰੰਗਾ ਲਗਾਇਆ ਗਿਆ।

–ਇਕ ਪੇਡ ਮਾਂ ਕੇ ਨਾਮ ਅਭਿਅਾਨ ਤਹਿਤ ਬੀ. ਐੱਸ. ਐੱਫ. ਵਲੋਂ 2,22,000 ਪੌਦੇ ਲਗਾਏ ਗਏ।

– ਡਰੋਨ ਟੈਕਨਾਲੋਜੀ ਬੂਟ ਕੈਂਪ ਤਹਿਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਡ੍ਰੋਨ ਤਕਨੀਕ ਦੇ ਉੱਨਤ ਹੁਨਰ ਨਾਲ ਲੈਸ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News