ਇਸ ਲੁਟੇਰੀ ਲਾੜੀ ਤੋਂ ਸਾਵਧਾਨ, ਅਸਲੀਅਤ ਜਾਣ ਰਹਿ ਜਾਓਗੇ ਹੈਰਾਨ

01/13/2020 5:53:33 PM

ਨਾਭਾ (ਜੈਨ) : ਇਥੇ ਥਾਣਾ ਸਦਰ ਪੁਲਸ ਨੇ ਜਗਦੀਪ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਸਮਲਾ ਦੀ ਸ਼ਿਕਾਇਤ ਅਨੁਸਾਰ ਪਿੰਡ ਡਕੋਲੀ ਡੇਰਾਬਸੀ (ਜ਼ੀਰਕਪੁਰ) ਦੇ ਬੀਰ ਸਿੰਘ, ਉਸ ਦੀ ਪਤਨੀ ਬਲਜੀਤ ਕੌਰ, ਬੇਟੇ ਕਾਲਾ ਸਿੰਘ ਅਤੇ ਬੇਟੀ ਮਨਪ੍ਰੀਤ ਕੌਰ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਜਗਦੀਪ ਸਿੰਘ ਦਾ ਵਿਆਹ 10 ਅਕਤੂਬਰ 2018 ਨੂੰ ਮਨਪ੍ਰੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ 15 ਦਿਨਾਂ ਬਾਅਦ ਮਨਪ੍ਰੀਤ ਕੌਰ ਨੇ ਪਤੀ, ਸੱਸ ਅਤੇ ਸਹੁਰੇ ਨਾਲ ਕਲੇਸ਼ ਸ਼ੁਰੂ ਕਰ ਦਿੱਤਾ। ਝਗੜੇ ਤੋਂ ਬਾਅਦ 20 ਹਜ਼ਾਰ ਰੁਪਏ, ਕੱਪੜੇ, ਗਹਿਣੇ ਅਤੇ ਹੋਰ ਸਾਮਾਨ ਲੈ ਕੇ ਪੇਕੇ ਘਰ ਆ ਗਈ। ਬਾਅਦ ਵਿਚ ਮਨਪ੍ਰੀਤ ਕੌਰ ਦਾ ਨਾਂ ਬਦਲ ਕੇ ਉਸ ਦੇ ਮਾਪਿਆਂ ਨੇ ਬਿਨਾਂ ਤਲਾਕ ਲਏ ਇਕ ਹੋਰ ਲੜਕੇ ਨਾਲ ਕਰ ਦਿੱਤਾ। ਮਨਪ੍ਰੀਤ ਕੌਰ ਦੇ ਮਾਪਿਆਂ ਨੇ ਜਗਦੀਪ ਸਿੰਘ ਅਤੇ ਉਸ ਦੇ ਰਿਸ਼ਤੇਦਾਰਾਂ ਖਿਲਾਫ ਤੰਗ-ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਪੁਲਸ ਵਿਚ ਕਰ ਦਿੱਤੀ, ਬਾਅਦ ਵਿਚ ਇਕ ਲੱਖ ਰੁਪਏ ਲੈ ਕੇ ਸਮਝੌਤਾ ਕਰ ਲਿਆ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਲੜਕੀ ਦਾ ਵੱਖ-ਵੱਖ ਲੜਕਿਆਂ ਨਾਲ ਪਹਿਲਾਂ ਵਿਆਹ ਕਰਵਾਇਆ ਜਾਂਦਾ ਹੈ ਅਤੇ ਬਾਅਦ ਵਿਚ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਪੈਸੇ ਲੈ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਹੈ। ਜਾਂਚ-ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਡੀ. ਐੱਸ. ਪੀ. ਅਨੁਸਾਰ ਮਾਪਿਆਂ ਨੇ ਲੜਕੀ ਦਾ ਨਾਂ ਬਦਲ ਕੇ ਉਸ ਦਾ 4 ਥਾਈਂ ਵਿਆਹ ਕੀਤਾ। ਉਸ ਦੇ 2 ਲੜਕੇ ਵੀ ਹੋਏ। ਇਕ ਲੜਕਾ ਮਨਪ੍ਰੀਤ ਕੌਰ ਕੋਲ ਹੈ। ਦੂਜਾ ਪਹਿਲੀ ਥਾਂ 'ਤੇ ਸਹੁਰਿਆਂ ਨੇ ਰੱਖ ਲਿਆ ਸੀ। ਪੀੜਤ ਲੜਕਾ ਖੇਤੀਬਾੜੀ ਕਰਦਾ ਹੈ। ਉਸ ਦੀ ਉਮਰ 24 ਸਾਲ ਹੈ। ਪੀੜਤ ਜਗਦੀਪ ਸਿੰਘ ਨੇ ਦੱਸਿਆ ਕਿ ਮੇਰਾ ਪਹਿਲਾ ਵਿਆਹ ਪੇਧਨ ਪਿੰਡ ਵਿਚ ਹੋਇਆ ਸੀ। ਤਲਾਕ ਤੋਂ ਬਾਅਦ ਮੈਂ ਦੂਜਾ ਵਿਆਹ ਮਨਪ੍ਰੀਤ ਕੌਰ ਨਾਲ ਕਰਵਾਇਆ ਜੋ ਜਾਅਲਸਾਜ਼ ਨਿਕਲੀ। ਉਕਤ ਔਰਤ ਦੇ ਚਾਰੇ ਵਿਆਹਾਂ ਦੇ ਸਬੂਤ ਪੁਲਸ ਨੂੰ ਦੇ ਦਿੱਤੇ ਹਨ। ਪੁਲਸ ਵਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News