ਇਕ ਹੋਰ ਰਿਸ਼ਵਤਖੋਰ ਅਧਿਕਾਰੀ ਦੀ ਹੋਈ ਵੀਡੀਓ ਵਾਇਰਲ
Monday, Jun 25, 2018 - 05:44 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਬਿਜਲੀ ਵਿਭਾਗ ਦੇ ਆਰ. ਓ. ਤਰਲੋਕ ਚੰਦ ਦੀ ਰਿਸ਼ਵਤ ਲੈਂਦੇ ਹੋਏ ਵੀਡੀਓ ਵਾਇਰਲ ਹੋਈ ਹੈ। ਜਾਣਕਾਰੀ ਮੁਤਾਬਕ ਬਿਜਲੀ ਵਿਭਾਗ ਦੇ ਆਰ. ਓ. ਤਰਲੋਕ ਚੰਦ ਨੇ ਟਿਊਬਵੈਲ ਕੁਨੈਕਸ਼ਨ ਨੂੰ ਲੈ ਕੇ ਪੀੜਤ ਜਗਦੀਪ ਸਿੰਘ ਤੋਂ 3 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਪਰ ਇਹ ਸੌਦਾ 2 ਹਜ਼ਾਰ ਰੁਪਏ 'ਚ ਤੈਅ ਹੋ ਗਿਆ। ਪੀੜਤ ਵਿਅਕਤੀ ਨੇ ਗੁਪਤ ਕੈਮਰੇ ਰਾਹੀਂ ਇਸ ਭ੍ਰਿਸ਼ਟ ਅਧਿਕਾਰੀ ਦੀ ਵੀਡੀਓ ਬਣਾ ਲਈ, ਜਿਸ ਨੂੰ ਉਸ ਨੇ ਸ਼ੋਸਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ ਤਾਂਕਿ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਦਰਅਸਲ, ਪੀੜਤ ਜਗਦੀਪ ਸਿੰਘ ਨੇ ਜ਼ਮੀਨ ਖਰੀਦੀ ਸੀ ਜਿਸ 'ਚ ਟਿਊਬਵੈਲ ਦਾ ਕੁਨੈਕਸ਼ਨ ਜ਼ਮੀਨ ਦੇ ਨਾਲ ਸੀ। ਜਗਦੀਪ ਸਿੰਘ ਟਿਊਬਵੈਲ ਦਾ ਕੁਨੈਕਸ਼ਨ ਆਪਣੇ ਨਾਂ ਕਰਵਾਉਣ ਲਈ ਬਿਜਲੀ ਵਿਭਾਗ ਦੇ ਆਰ.ਓ ਤਰਲੋਕ ਚੰਦ ਕੋਲ ਗਿਆ, ਜਿਸ ਨੇ ਇਸ ਕੰਮ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ। ਬੇਸ਼ੱਕ ਸਰਕਾਰ ਸੂਬੇ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਆਖ ਰਹੀ ਹੈ ਪਰ ਭ੍ਰਿਸ਼ਟਾਚਾਰ ਅਜਿਹਾ ਕੀੜਾ ਹੈ ਜੋ ਇਸ ਸਮਾਜ ਨੂੰ ਘੁਣ ਵਾਂਗ ਖਾਂਦਾ ਜਾ ਰਿਹਾ ਹੈ। ਸਾਨੂੰ ਲੋੜ ਹੈ ਅਜਿਹੇ ਭ੍ਰਿਸ਼ਟ ਅਧਿਕਾਰੀਆਂ, ਕਰਮਚਾਰੀਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਉਣ ਦੀ।
