15000 ਰੁਪਏ ਦੀ ਰਿਸ਼ਵਤ ਲੈਂਦਾ ਜੇਲ ਦਾ ਸਹਾਇਕ ਸੁਪਰਡੈਂਟ ਗ੍ਰਿਫਤਾਰ

10/28/2020 9:17:37 PM

ਫਰੀਦਕੋਟ,(ਰਾਜਨ)- ਸਥਾਨਕ ਮਾਰਡਨ ਜੇਲ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਨੂੰ ਮੁਕੱਦਮਾ ਦਰਜ ਕਰਨ ਦਾ ਡਰਾਵਾ ਦੇ ਕੇ ਕਥਿਤ 15000 ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
 ਜਾਣਕਾਰੀ ਮੁਤਾਬਕ ਅਨੁਸਾਰ ਸਤਵਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਟਹਿਣਾ ਦਾ ਭਾਣਜਾ ਜਸਕਰਨ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਰੋੜੀਕਪੂਰਾ ਜਿਸ 'ਤੇ ਮੁਕੱਦਮਾ ਨੰਬਰ 32 ਜੋ ਬੀਤੀ 16 ਮਾਰਚ 2020 ਨੂੰ ਦਰਜ ਕੀਤਾ ਗਿਆ ਸੀ, ਵਿਚ ਸਥਾਨਕ ਜੇਲ ਦਾ ਹਵਾਲਾਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਭਾਣਜਾ ਜਦ ਫੋਨ 'ਤੇ ਉਸ ਨਾਲ ਗੱਲ ਕਰ ਰਿਹਾ ਸੀ ਤਾਂ ਸਹਾਇਕ ਸੁਪਰਡੈਂਟ ਹਰੰਬਸ ਸਿੰਘ ਨੇ ਉਸ ਨੂੰ ਫੜ੍ਹ ਲਿਆ ਅਤੇ ਸ਼ਿਕਾਇਤਕਰਤਾ 'ਤੇ ਮੁਕੱਦਮਾ ਦਰਜ ਕਰਨ ਦਾ ਡਰਾਵਾ ਦੇ ਕੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਨੇ ਜਦ ਡੀ. ਐੱਸ. ਪੀ. ਵਿਜ਼ੀਲੈਂਸ ਅਸ਼ਵਨੀ ਕੁਮਾਰ ਨੂੰ ਸਾਰੀ ਕਹਾਣੀ ਦੱਸੀ ਤਾਂ ਉਨ੍ਹਾਂ ਬੀ. ਕੇ. ਉੱਪਲ ਮੁੱਖ ਡਾਇਰੈਕਟਰ ਵਿਜ਼ੀਲੈਂਸ ਬਿਓਰੋ ਪੰਜਾਬ ਦੇ ਨਿਰਦੇਸ਼ 'ਤੇ ਗੌਤਮ ਸਿੰਗਲ ਸੀਨੀਅਰ ਪੁਲਸ ਵਿਜ਼ੀਲੈਂਸ ਬਿਓਰੋ ਰੇਂਜ ਫਿਰੋਜ਼ਪੁਰ ਦੀ ਅਗਵਾਈ ਹੇਠ ਨਿਯਮਾਂ ਅਨੁਸਾਰ ਟ੍ਰੈਪ ਲਗਾ ਕੇ ਦੋ ਸਰਕਾਰੀ ਗਵਾਹਾਂ ਨਵਦੀਪ ਸਿੰਘ ਐੱਚ. ਡੀ. ਓ. ਅਤੇ ਕਿਰਨਦੀਪ ਸਿੰਘ ਐੱਚ. ਡੀ. ਓ. ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਫਰੀਦਕੋਟ ਦੀ ਹਾਜ਼ਰੀ ਵਿਚ ਸਹਾਇਕ ਸੁਪਰਡੈਂਟ ਜੇਲ ਨੂੰ ਸ਼ਿਕਾਇਤ ਕਰਤਾ ਸਤਵਿੰਦਰ ਸਿੰਘ ਕੋਲੋਂ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉਸ ਵੇਲੇ ਕਾਬੂ ਕੀਤਾ ਜਦੋਂ ਜੇਲ ਦੇ ਸਹਾਇਕ ਸੁਪਰਡੈਂਟ ਦੀ ਪਾਈ ਹੋਈ ਪੈਂਟ ਦੀ ਜੇਬ੍ਹ 'ਚੋਂ ਸ਼ਿਕਾਇਤਕਰਤਾ ਕੋਲੋਂ ਲਈ ਗਈ ਰਿਸ਼ਵਤ ਦੀ ਰਕਮ ਵਿਜ਼ੀਲੈਂਸ ਅਧਿਕਾਰੀਆਂ ਵੱਲੋਂ ਬਰਾਮਦ ਕਰ ਲਈ ਗਈ। ਸਹਾਇਕ ਸੁਪਰਡੈਂਟ ਜੇਲ 'ਤੇ ਥਾਣਾ ਵਿਜ਼ੀਲੈਂਸ ਬਿਓਰੋ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਹੈ।


 


Deepak Kumar

Content Editor

Related News