GRP ਦੇ ਐੱਸ. ਆਈ. ਨੇ ਆਰਮੀ ਜਵਾਨ ਤੋਂ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ, ਸਸਪੈਂਡ

Saturday, Feb 22, 2020 - 02:13 PM (IST)

GRP ਦੇ ਐੱਸ. ਆਈ. ਨੇ ਆਰਮੀ ਜਵਾਨ ਤੋਂ ਲਈ 20 ਹਜ਼ਾਰ ਰੁਪਏ ਦੀ ਰਿਸ਼ਵਤ, ਸਸਪੈਂਡ

ਅੰਬਾਲਾ ਛਾਉਣੀ (ਕੋਚਰ) : ਚੰਡੀਗੜ੍ਹ ਤੋਂ ਡੀਲਕਸ ਸੁਪਰਫਾਸਟ ਟਰੇਨ 'ਚ ਬਿਨਾਂ ਪਰਮਿਟ ਦੇ ਹੀ 3 ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਲਿਜਾਣ ਦੇ ਮਾਮਲੇ 'ਚ ਆਰਮੀ ਜਵਾਨ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਚੰਡੀਗੜ੍ਹ ਜੀ. ਆਰ. ਪੀ. ਦੇ ਸਬ-ਇੰਸਪੈਕਟਰ ਅਨਿਲ ਕੁਮਾਰ 'ਤੇ ਆਖ਼ਿਰਕਾਰ ਗਾਜ ਡਿੱਗ ਗਈ ਹੈ। ਮਾਮਲੇ 'ਚ ਜਾਂਚ ਤੋਂ ਬਾਅਦ ਰੇਲਵੇ ਪੁਲਸ ਦੇ ਨਵ-ਨਿਯੁਕਤ ਐੱਸ. ਪੀ. ਨੇ ਐੱਸ. ਆਈ. ਅਨਿਲ ਨੂੰ ਸਸਪੈਂਡ ਕਰ ਕੇ ਉਸ ਖਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਐੱਸ. ਆਈ. ਨੇ ਸ਼ਰਾਬ ਲਿਜਾਣ ਵਾਲੇ ਆਰਮੀ ਜਵਾਨ ਤੋਂ ਬਿਨਾਂ ਪਰਮਿਟ 6 ਪੇਟੀਆਂ ਸ਼ਰਾਬ ਚੰਡੀਗੜ੍ਹ ਤੋਂ ਅੰਬਾਲਾ ਰੇਲਵੇ ਸਟੇਸ਼ਨ ਪਾਰ ਕਰਵਾਉਣ ਲਈ ਆਪਣੇ ਖਾਤੇ 'ਚ 20 ਹਜ਼ਾਰ ਰੁਪਏ ਟਰਾਂਸਫਰ ਕਰਵਾਏ ਸਨ ਪਰ ਬਾਅਦ 'ਚ ਇਸ ਮਾਮਲੇ ਦਾ ਖੁਲਾਸਾ ਹੋ ਗਿਆ ਸੀ।

ਬੁੱਧਵਾਰ ਨੂੰ ਅੰਬਾਲਾ ਜੀ. ਆਰ. ਪੀ. ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਸਤਪਾਲ, ਸੁਰੇਸ਼ ਕੁਮਾਰ ਅਤੇ ਸਤਬੀਰ ਟਰੇਨ 'ਚ ਯਾਤਰੀਆਂ ਦੇ ਸਾਮਾਨ ਦੀ ਆਮ ਚੈਕਿੰਗ ਕਰ ਰਹੇ ਸਨ। ਦੁਪਹਿਰ ਸਾਢੇ 12 ਵਜੇ ਚੰਡੀਗੜ੍ਹ ਤੋਂ ਮੁੰਬਈ ਬਾਂਦਰਾ ਜਾਣ ਵਾਲੀ ਡੀਲਕਸ ਸੁਪਰਫਾਸਟ ਟਰੇਨ ਅੰਬਾਲਾ ਪਹੁੰਚੀ ਤਾਂ ਜੀ. ਆਰ. ਪੀ. ਦੀ ਟੀਮ ਇਸ 'ਚ ਚੈਕਿੰਗ ਕਰਨ ਚੜ੍ਹ ਗਈ। ਇਸ ਦੌਰਾਨ ਸਲਿਪਰ ਕੋਚ 'ਚ ਇਕ ਆਰਮੀ ਜਵਾਨ ਦੀ ਸੀਟ ਹੇਠ 3 ਬੈਗ ਰੱਖੇ ਹੋਏ ਸਨ। ਜਦੋਂ ਟੀਮ ਇਨ੍ਹਾਂ ਬੈਗਾਂ ਨੂੰ ਖੋਲ੍ਹ ਕੇ ਚੈੱਕ ਕਰਨ ਲੱਗੀ ਤਾਂ ਉਸ 'ਚ ਅੰਗਰੇਜ਼ੀ ਸ਼ਰਾਬ ਦੀਆਂ ਵੱਖ-ਵੱਖ ਸੀਲ ਬੰਦ ਬੋਤਲਾਂ ਸਨ। ਟੀਮ ਨੇ ਇਹ ਸ਼ਰਾਬ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ 'ਚ ਸਾਹਮਣੇ ਆਇਆ ਕਿ ਆਰਮੀ ਜਵਾਨ ਕੋਲ ਇਹ ਸ਼ਰਾਬ ਲਿਜਾਣ ਨੂੰ ਲੈ ਕੇ ਕੋਈ ਐਕਸਾਈਜ਼ ਦਾ ਪਰਮਿਟ ਨਹੀਂ ਸੀ। ਪੁਲਸ ਨੇ ਆਰਮੀ ਜਵਾਨ ਦੀ ਇਸ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਰੈਗੂਲਰ ਜੁਰਮਾਨਾ ਦੇਣ ਦੀ ਗੱਲ ਕਹੀ।

ਅੰਬਾਲਾ ਦੇ ਜਵਾਨਾਂ ਨੂੰ ਵੀ ਦਿੱਤਾ ਲਾਲਚ
ਟਰੇਨ 'ਚ ਸਵਾਰ ਚੰਡੀਗੜ੍ਹ ਜੀ. ਆਰ. ਪੀ. ਦਾ ਸਬ-ਇੰਸਪੈਕਟਰ ਅਨਿਲ ਕੁਮਾਰ ਵੀ ਮੌਕੇ 'ਤੇ ਪਹੁੰਚ ਗਿਆ। ਉਸ ਨੇ ਅੰਬਾਲਾ ਦੇ ਜਵਾਨਾਂ ਨੂੰ ਇਹ ਸ਼ਰਾਬ ਛੱਡਣ ਲਈ ਕਿਹਾ ਪਰ ਉਨ੍ਹਾਂ ਬਿਨਾਂ ਜੁਰਮਾਨਾ ਅਤੇ ਕਾਰਵਾਈ ਦੇ ਛੱਡਣ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਐੱਸ. ਆਈ. ਅਨਿਲ ਨੇ ਐੱਸ. ਆਈ. ਸਤਪਾਲ, ਸੁਰੇਸ਼ ਕੁਮਾਰ ਅਤੇ ਸਤਬੀਰ ਨੂੰ ਵੀ 10 ਹਜ਼ਾਰ ਰੁਪਏ ਲੈ ਕੇ ਇਹ ਛੱਡਣ ਦਾ ਲਾਲਚ ਦਿੱਤਾ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਇਹ ਸ਼ਰਾਬ ਨਹੀਂ ਛੱਡੀ। ਸਗੋਂ ਆਰਮੀ ਜਵਾਨ ਦਾ ਐਕਸਾਈਜ਼ ਐਕਟ ਦੇ ਤਹਿਤ 20 ਹਜ਼ਾਰ ਰੁਪਏ ਜੁਰਮਾਨਾ ਕਰਵਾਇਆ, ਜਿਸ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ। ਬਾਕਾਇਦਾ ਆਰਮੀ ਜਵਾਨ ਨੇ ਜਾਣ ਤੋਂ ਪਹਿਲਾਂ ਪੁਲਸ ਦੇ ਸਾਹਮਣੇ ਖੁਲਾਸਾ ਕੀਤਾ ਕਿ ਚੰਡੀਗੜ੍ਹ ਵਾਲੇ ਐੱਸ. ਆਈ. ਨੇ ਗੂਗਲ-ਪੇ ਰਾਹੀਂ ਆਪਣੇ ਖਾਤੇ 'ਚ 20 ਹਜ਼ਾਰ ਰੁਪਏ ਟਰਾਂਸਫਰ ਕਰਵਾਏ ਸਨ ਅਤੇ ਕਿਹਾ ਸੀ ਕਿ ਉਹ ਉਸ ਨੂੰ ਅੰਬਾਲਾ ਪਾਰ ਕਰਵਾ ਕੇ ਆਵੇਗਾ।

ਵਿਭਾਗੀ ਕਾਰਵਾਈ ਦੇ ਵੀ ਦਿੱਤੇ ਹੁਕਮ
ਇਸ ਮਾਮਲੇ ਦਾ ਖੁਲਾਸਾ ਹੁੰਦੇ ਹੀ ਆਲਾ ਅਧਿਕਾਰੀਆਂ ਦੇ ਨੋਟਿਸ 'ਚ ਵੀ ਮਾਮਲਾ ਆ ਗਿਆ। ਜੀ. ਆਰ. ਪੀ. ਡੀ. ਐੱਸ. ਪੀ. ਨੇ ਅੰਬਾਲਾ ਜੀ. ਆਰ. ਪੀ. ਥਾਣਾ ਇੰਚਾਰਜ ਨੂੰ ਇਸ ਮਾਮਲੇ 'ਚ ਜਾਂਚ ਕਰਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ। ਅਜਿਹੇ 'ਚ ਥਾਣਾ ਇੰਚਾਰਜ ਐੱਸ. ਆਈ. ਵਿਲਾਇਤੀ ਰਾਮ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਵੀਰਵਾਰ ਨੂੰ ਆਪਣੀ ਰਿਪੋਰਟ ਡੀ. ਐੱਸ. ਪੀ. ਨੂੰ ਦਿੱਤੀ ਅਤੇ ਉਹ ਰਿਪੋਰਟ ਬਾਅਦ 'ਚ ਐੱਸ. ਪੀ. ਨੂੰ ਦਿੱਤੀ ਗਈ। ਉਸੇ ਰਿਪੋਰਟ ਦੇ ਆਧਾਰ 'ਤੇ ਹੁਣ ਰੇਲਵੇ ਪੁਲਸ ਐੱਸ. ਪੀ. ਨੇ 20 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਐੱਸ. ਆਈ. ਅਨਿਲ ਕੁਮਾਰ ਨੂੰ ਸਸਪੈਂਡ ਕਰਕੇ ਉਸ ਖਿਲਾਫ਼ ਮਹਿਕਮਾਨਾ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਹਨ।


author

Anuradha

Content Editor

Related News