ਵਿਜੀਲੈਂਸ ਬਿਊਰੋ ਵਲੋਂ ਚੌਕੀ ਇੰਚਾਰਜ ਐੱਸ. ਆਈ. ਰਿਸ਼ਵਤ ਲੈਂਦਾ ਗ੍ਰਿਫ਼ਤਾਰ

01/02/2020 12:08:02 AM

ਪਟਿਆਲਾ,(ਬਲਜਿੰਦਰ) : ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਐੱਸ. ਐੱਸ. ਪੀ. ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਡਲ ਟਾਊਨ ਚੌਕੀ ਦੇ ਐੱਸ. ਆਈ. ਮੇਵਾ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਸ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਵਿਖੇ ਪੀ. ਸੀ. ਐਕਟ 1988 ਤਹਿਤ ਕੇਸ ਦਰਜ ਕੀਤਾ ਗਿਆ ਹੈ।  ਗੁਰਜੰਟ ਸਿੰਘ ਵਾਸੀ ਸ਼ਾਦੀਪੁਰ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਜਸਬੀਰ ਕੌਰ ਖਿਲਾਫ ਇਕ ਦਰਖਾਸਤ ਸੰਦੀਪ ਕੌਰ ਪਤਨੀ ਸਤਵਿੰਦਰ ਸਿੰਘ ਵਾਸੀ ਨਰੇਲ ਖੇੜਾ ਤਹਿਸੀਲ ਜ਼ਿਲਾ ਸਿਰਸਾ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਪੜਤਾਲ ਲਈ ਦਿੱਤੀ ਸੀ।

ਐੱਸ. ਐੱਸ. ਪੀ. ਨੇ ਇਹ ਦਰਖਾਸਤ ਐੱਸ. ਐੱਚ. ਓ. ਸਿਵਲ ਲਾਈਨ ਨੂੰ ਭੇਜੀ। ਐੱਸ. ਐੱਚ. ਓ. ਸਿਵਲ ਲਾਈਨਜ਼ ਨੇ ਮੇਵਾ ਸਿੰਘ ਨੂੰ ਜਾਂਚ ਲਈ ਸੌਂਪ ਦਿੱਤੀ। ਮੇਵਾ ਸਿੰਘ ਨੇ ਕਿਹਾ ਕਿ ਜੇਕਰ ਗੁਰਜੰਟ ਨੇ 50 ਹਜ਼ਾਰ ਰੁਪਏ ਨਾ ਦਿੱਤੇ ਤਾਂ ਉਹ ਉਸ ਖਿਲਾਫ ਰਿਪੋਰਟ ਬਣਾ ਕੇ ਭੇਜ ਦੇਵੇਗਾ। ਕਾਫੀ ਤਰਲੇ ਕੱਢਣ ਤੋਂ ਬਾਅਦ ਸੌਦਾ 20 ਹਜ਼ਾਰ ਵਿਚ ਹੋ ਗਿਆ। ਮੇਵਾ ਸਿੰਘ ਨੇ 5 ਹਜ਼ਾਰ ਰੁਪਏ ਪਹਿਲਾਂ ਹੀ ਲੈ ਲਏ। ਬਚਦੇ 15 ਹਜ਼ਾਰ ਵਿਚੋਂ 10 ਹਜ਼ਾਰ ਰੁਪਏ ਲੈਂਦੇ ਹੋਏ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਐੱਸ. ਆਈ. ਮੇਵਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮੇਵਾ ਸਿੰਘ ਨੂੰ ਪ੍ਰਾਈਵੇਟ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਗ੍ਰਿਫਤਾਰ ਕੀਤਾ ਗਿਆ। ਐੱਸ. ਆਈ. ਮੇਵਾ ਸਿੰਘ ਨੂੰ ਗ੍ਰਿਫਤਾਰ ਕਰਨ ਵਿਚ ਏ. ਐੱਸ. ਆਈ. ਕੁੰਦਨ ਸਿੰਘ, ਏ. ਐੱਸ. ਆਈ. ਪਵਿੱਤਰ ਸਿੰਘ, ਹੌਲਦਾਰ ਸ਼ਾਮ ਸੁੰਦਰ, ਹੌਲਦਾਰ ਹਰਮੀਤ ਸਿੰਘ, ਹੌਲਦਾਰ ਰਣਜੀਤ ਸਿੰਘ, ਹੌਲਦਾਰ ਕਾਰਜ ਸਿੰਘ, ਲੇਡੀ ਸਿਪਾਹੀ ਅਮਨਦੀਪ ਕੌਰ ਅਤੇ ਲੇਡੀ ਸਿਪਾਹੀ ਰੁਪਿੰਦਰ ਕੌਰ ਨੇ ਵੀ ਅਹਿਮ ਭੁਮਿਕਾ ਨਿਭਾਈ।
 


Related News