ਇਲਾਕੇ ਦੇ ਹਿਸਾਬ ਨਾਲ ਮਿਲਦੀ ਹੈ ਰਿਸ਼ਵਤ, ਉੱਪਰ ਤੱਕ ਪੁੱਜਦਾ ਹੈ ਹਿੱਸਾ
Wednesday, Jul 11, 2018 - 05:09 AM (IST)
ਲੁਧਿਆਣਾ(ਹਿਤੇਸ਼)-ਮਹਾਨਗਰ ਵਿਚ ਇਕ ਵਾਰ ਫਿਰ ਸਡ਼ਕਾਂ ਦੇ ਦੁਸ਼ਮਣ ਸਰਗਰਮ ਹੋ ਗਏ ਹਨ ਜਿਨ੍ਹਾਂ ਵਲੋਂ ਅੰਡਰਗਰਾਊਂਡ ਕੇਬਲ ਵਿਛਾਉਣ ਲਈ ਖੋਦਾਈ ਸ਼ੁਰੂ ਕਰ ਦਿੱਤੀ ਹੈ, ਉਹ ਵੀ ਬਰਸਾਤ ਦੇ ਦਿਨਾਂ ਵਿਚ, ਜਦੋਂਕਿ ਇਸ ਮੌਸਮ ਦੌਰਾਨ ਸਡ਼ਕਾਂ ਦੀ ਖੋਦਾਈ ਕਰਨ ’ਤੇ ਪੂਰੀ ਤਰ੍ਹਾਂ ਰੋਕ ਲੱਗੀ ਹੋਈ ਹੈ, ਕਿਉਂਕਿ ਖੋਦਾਈ ਤੋਂ ਬਾਅਦ ਬਾਰਿਸ਼ ਦੇ ਪਾਣੀ ਦਾ ਰਿਸਾਅ ਹੋਣ ਕਾਰਨ ਸਡ਼ਕਾਂ ਦੇ ਧਸਣ ਦਾ ਖਤਰਾ ਬਣਿਆ ਰਹਿੰਦਾ ਹੈ।
ਨਹੀਂ ਮਿਲੇਗੀ ਨਵੀਆਂ ਸਡ਼ਕਾਂ ਤੋਡ਼ਨ ਦੀ ਮਨਜ਼ੂਰੀ
ਬੀਤੇ ਦਿਨ ਮੇਅਰ, ਕਮਿਸ਼ਨਰ ਦੇ ਨਾਲ ਹੋਈ ਹਲਕਾ ਵੈਸਟ ਦੇ ਕੌਂਸਲਰਾਂ ਦੀ ਮੀਟਿੰਗ ਵਿਚ ਮਮਤਾ ਆਸ਼ੂ ਨੇ ਮੁੱਦਾ ਚੁੱਕਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਨਵੀਂ ਬਣੀ ਕੋਚਰ ਮਾਰਕੀਟ ਅਤੇ ਫਿਰੋਜ਼ਗਾਂਧੀ ਮਾਰਕੀਟ ਦੀਆਂ ਸਡ਼ਕਾਂ ਨੂੰ ਕੇਬਲ ਪਾਉਣ ਲਈ ਪੁੱਟ ਕੇ ਰੱਖ ਦਿੱਤਾ ਹੈ, ਜਿਸ ਬਾਰੇ ਫੈਸਲਾ ਕੀਤਾ ਗਿਆ ਹੈ ਕਿ ਨਵੀਆਂ ਸਡ਼ਕਾਂ ਨੂੰ ਕੇਬਲ ਪਾਉਣ ਲਈ ਪੁੱਟਣ ਦੀ ਮਨਜ਼ੂਰੀ ਨਹੀਂ ਮਿਲੇਗੀ। ਬੀ. ਐਂਡ ਆਰ. ਸ਼ਾਖਾ ਦੇ ਅਧਿਕਾਰੀਆਂ ਵਲੋਂ ਕੌਂਸਲਰਾਂ ਦੇ ਵਿਰੋਧ ਦੇ ਬਾਵਜੂਦ ਸਡ਼ਕਾਂ ਨੂੰ ਪੁੱਟ ਕੇ ਅੰਡਰਗਰਾਊਂਡ ਕੇਬਲ ਪਾਉਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜਿਸ ਦਾ ਕਾਰਨ ਇਹ ਹੈ ਕਿ ਇਸ ਦੇ ਬਦਲੇ ਇਲਾਕੇ ਦੇ ਹਿਸਾਬ ਨਾਲ ਰਿਸ਼ਵਤ ਮਿਲਦੀ ਹੈ ਅਤੇ ਉਸ ਦਾ ਹਿੱਸਾ ਉੱਪਰ ਤੱਕ ਪੁੱਜ ਰਿਹਾ ਹੈ।
ਕੁਨੈਕਸ਼ਨ ਜੋਡ਼ਨ ਲਈ ਲੈਣੀ ਹੋਵੇਗੀ ਕੌਂਸਲਰ ਦੀ ਪਰਮਿਸ਼ਨ
ਇਸ ਕੇਸ ਵਿਚ ਬੀ. ਐਂਡ ਆਰ. ਸ਼ਾਖਾ ਦੇ ਅਧਿਕਾਰੀਆਂ ਨੇ ਕੰਪਨੀ ਦੇ ਬਚਾਅ ਵਿਚ ਹਵਾਲਾ ਦਿੱਤਾ ਹੈ ਕਿ ਕਈ ਥਾਈਂ ਅੰਡਰਗਰਾਊਂਡ ਕੇਬਲ ਪਾਉਣ ਦਾ ਕੰਮ ਕਾਫੀ ਪਹਿਲਾਂ ਪੂਰਾ ਹੋ ਗਿਆ ਹੈ। ਹੁਣ ਸਿਰਫ ਕੁਨੈਕਸ਼ਨ ਕਰਨ ਅਤੇ ਪੈਨਲ ਬਣਾਉਣ ਦਾ ਕੰਮ ਚੱਲ ਰਿਹਾ ਹੈ, ਜਿਸ ਬਾਰੇ ਮਮਤਾ ਆਸ਼ੂ ਨੇ ਕਿਹਾ ਕਿ ਕੁਨੈਕਸ਼ਨ ਕਰਨ ਦੇ ਨਾਂ ’ਤੇ ਵੀ ਨਵੀਆਂ ਬਣੀਆਂ ਸਡ਼ਕਾਂ ਤੋਡ਼ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਰਿਪੇਅਰ ਵੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਫੈਸਲਾ ਕੀਤਾ ਗਿਆ ਹੈ ਕਿ ਕੁਨੈਕਸ਼ਨ ਕਰਨ ਲਈ ਵੀ ਕੌਂਸਲਰ ਦੀ ਇਜਾਜ਼ਤ ਲੈਣੀ ਹੋਵੇਗੀ ਅਤੇ ਉਸ ਸਬੰਧੀ ਸਾਈਟ ਦਾ ਦੌਰਾ ਕਰ ਕੇ ਜੂਨੀਅਰ ਇੰਜੀਨੀਅਰ ਅਤੇ ਐੱਸ. ਡੀ. ਓ. ਵਲੋਂ ਰਿਪੋਰਟ ਕੀਤੀ ਜਾਵੇਗੀ।
ਰਿਟਾਇਰਮੈਂਟ ਤੋਂ ਇਕ ਦਿਨ ਪਹਿਲਾਂ ਐਕਸੀਅਨ ਨੇ ਦਿੱਤੀ ਮਨਜ਼ੂਰੀ, ਕਮਿਸ਼ਨਰ ਹੋਏ ਹੈਰਾਨ
ਇਸ ਕੇਸ ’ਚ ਖੁਲਾਸਾ ਹੋਇਆ ਹੈ ਕਿ ਜ਼ੋਨ-ਡੀ ਦੇ ਅਧੀਨ ਆਉਂਦੇ ਇਲਾਕੇ ਵਿਚ ਅੰਡਰਗਰਾਊਂਡ ਕੇਬਲ ਪਾਉਣ ਲਈ, ਜਿਸ ਮਨਜ਼ੂਰੀ ਦੇ ਆਧਾਰ ’ਤੇ ਕੰਮ ਕੀਤਾ ਜਾ ਰਿਹਾ ਹੈ, ਉਹ ਜ਼ੋਨ-ਸੀ ਦੇ ਐਕਸੀਅਨ ਵਲੋਂ ਰਿਟਾਇਰਮੈਂਟ ਤੋਂ ਇਕ ਦਿਨ ਪਹਿਲਾਂ ਦਿੱਤੀ ਗਈ ਹੈ, ਜਿਸ ਬਾਰੇ ਕਮਿਸ਼ਨਰ ਵੀ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਕਤ ਐਕਸੀਅਨ ਨੂੰ ਸਾਰੇ ਸ਼ਹਿਰ ਵਿਚ ਅੰਡਰਗਰਾਊਂਡ ਕੇਬਲ ਪਾਉਣ ਦੀ ਮਨਜ਼ੂਰੀ ਦੇਣ ਲਈ ਨੋਡਲ ਅਫਸਰ ਲਾਇਆ ਗਿਆ ਸੀ। ਪਾਣੀ, ਸੀਵਰੇਜ ਦੀ ਲਾਈਨ ਡੈਮੇਜ ਹੋਣ ਤੋਂ ਬਚਾਉਣ ਲਈ ਨਹੀਂ ਲਈ ਜਾ ਰਹੀ ਓ. ਐਂਡ ਐੱਮ. ਸੈੱਲ ਦੀ ਰਿਪੋਰਟ ਮਹਾਨਗਰ ਵਿਚ ਪਿਛਲੇ ਸਮੇਂ ਦੌਰਾਨ ਸਡ਼ਕਾਂ ਧਸਣ ਦੇ ਜਿੰਨੇ ਵੀ ਕੇਸ ਸਾਹਮਣੇ ਆਏ ਹਨ, ਉਨ੍ਹਾਂ ਵਿਚ ਬਾਅਦ ਵਿਚ ਇਹੀ ਗੱਲ ਸੁਣਨ ਨੂੰ ਮਿਲੀ ਹੈ ਕਿ ਅੰਡਰਗਰਾਊਂਡ ਕੇਬਲ ਪਾਉਣ ਲਈ ਮਸ਼ੀਨ ਨਾਲ ਖੋਦਾਈ ਕਰਨ ਕਾਰਨ ਸਮੱਸਿਆ ਆ ਰਹੀ ਹੈ, ਕਿਉਂਕਿ ਉਸ ਦੌਰਾਨ ਥੱਲਿਓਂ ਗੁਜ਼ਰ ਰਹੀ ਪਾਣੀ, ਸੀਵਰੇਜ ਦੀ ਲਾਈਨ ਡੈਮੇਜ ਹੋ ਗਈ ਅਤੇ ਪਾਣੀ ਦਾ ਰਿਸਾਅ ਹੋਣ ਨਾਲ ਮਿੱਟੀ ਖਿਸਕ ਗਈ। ਇਸ ਦੇ ਮੱਦੇਨਜ਼ਰ ਬੀ. ਐਂਡ ਆਰ. ਸ਼ਾਖਾ ਦੇ ਅਧਿਕਾਰੀਆਂ ਨੂੰ ਲਗਾਤਾਰ ਹੁਕਮ ਦਿੱਤੇ ਗਏ ਕਿ ਅੰਡਰਗਰਾਊਂਡ ਕੇਬਲ ਪਾਉਣ ਲਈ ਸਡ਼ਕਾਂ ਦੀ ਖੋਦਾਈ ਕਰਨ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਥੱਲਿਓਂ ਗੁਜ਼ਰ ਰਹੀ ਪਾਣੀ, ਸੀਵਰੇਜ ਦੀ ਲਾਈਨ ਸਬੰਧੀ ਓ. ਐਂਡ ਐੱਮ. ਸੈੱਲ ਤੋਂ ਡਰਾਇੰਗ ਹਾਸਲ ਕਰ ਲਈ ਜਾਵੇ ਪਰ ਉਸ ਫੈਸਲੇ ’ਤੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ।
