ਉਲੰਘਣਾ : 7 ਕਿ. ਮੀ. ਲੰਬੇ ਬਾਈਪਾਸ ''ਤੇ ਤਿੰਨ ਦਰਜਨ ਗੈਰ-ਕਾਨੂੰਨੀ ਨਿਰਮਾਣ
Tuesday, May 08, 2018 - 12:43 AM (IST)
ਰੂਪਨਗਰ, (ਵਿਜੇ)- ਕਰੋੜਾਂ ਰੁਪਏ ਦੀ ਲਾਗਤ ਨਾਲ 7 ਕਿਲੋਮੀਟਰ ਲੰਬੇ ਬਣੇ ਰੂਪਨਗਰ ਬਾਈਪਾਸ 'ਤੇ ਕਰੀਬ ਤਿੰਨ ਦਰਜਨ ਤੋਂ ਵੱਧ ਕਮਰਸ਼ੀਅਲ, ਹਸਪਤਾਲ, ਹੋਟਲ, ਸ਼ੋਅਰੂਮ, ਮੈਰਿਜ ਪੈਲੇਸ ਆਦਿ ਦਾ ਨਿਰਮਾਣ ਸਰਕਾਰ ਦੀ ਮਨਜ਼ੂਰੀ ਬਿਨਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਚੁੱਕਾ ਹੈ, ਜਿਸ ਕਾਰਨ ਸ਼ਹਿਰੀ ਵਿਕਾਸ ਦੀ ਯੋਜਨਾ ਧਰੀ ਧਰਾਈ ਰਹਿ ਗਈ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਾ ਹੈ।
ਸੂਬਾ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਪੁਲਸ ਲਾਈਨ ਰੂਪਨਗਰ ਤੋਂ 7 ਕਿਲੋਮੀਟਰ ਲੰਬਾ ਬਾਈਪਾਸ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਪਰ ਇਸ ਬਾਈਪਾਸ ਦੇ ਦੋਵੇਂ ਪਾਸੇ ਗੈਰ-ਕਾਨੂੰਨੀ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਕੁਝ ਨਿਰਮਾਣ ਜਾਰੀ ਹੈ ਪਰ ਇਸ ਨੂੰ ਰੋਕਣ ਵਾਲਾ ਕੋਈ ਨਹੀਂ। ਸਬੰਧਤ ਅਧਿਕਾਰੀ ਮੂਕ ਦਰਸ਼ਕ ਬਣੇ ਹਨ ਕਿਉਂਕਿ ਇਹ ਨਿਰਮਾਣ ਇਕ ਦਿਨ 'ਚ ਨਹੀਂ ਹੋਇਆ ਅਤੇ ਇਹ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਸ਼ਹਿਰੀ ਵਿਕਾਸ ਵਿਭਾਗ ਦੀ ਯੋਜਨਾ ਨੂੰ ਧੱਕਾ ਲੱਗਾ ਹੈ।
ਜਾਣਕਾਰੀ ਅਨੁਸਾਰ ਪਿੰਡ ਰੈਲੋਂ ਰੋਡ ਦੇ ਨੇੜੇ ਬਣੇ ਇਕ ਢਾਬੇ ਨੇੜੇ ਰਾਸ਼ਟਰੀ ਮਾਰਗ ਦਾ ਡਿਵਾਈਡਰ ਤੋੜ ਕੇ ਗੈਰ-ਕਾਨੂੰਨੀ 'ਕੱਟ' ਵੀ ਬਣਾ ਦਿੱਤਾ ਗਿਆ ਜੋ ਗੰਭੀਰ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਜਦੋਂਕਿ ਉਕਤ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਕੱਟ ਤੋਂ ਪਹਿਲਾਂ ਹੀ 100 ਗਜ਼ ਦੀ ਦੂਰੀ 'ਤੇ ਇਕ ਕੱਟ ਬਣਿਆ ਹੋਇਆ ਹੈ। ਜਿੱਥੇ ਵਿਭਾਗ ਵੱਲੋਂ ਟ੍ਰੈਫਿਕ ਲਾਈਟ ਵੀ ਲਾਈ ਹੋਈ ਹੈ। ਕਰੀਬ 7 ਕਿਲੋਮੀਟਰ ਲੰਬਾ ਇਹ ਬਾਈਪਾਸ ਪੁਲਸ ਲਾਈਨ ਤੋਂ ਆਰੰਭ ਹੋ ਕੇ ਟੌਂਸਾ ਦੇ ਨੇੜੇ ਫਗਵਾੜਾ ਮਾਰਗ ਨਾਲ ਜੁੜਦਾ ਹੈ।
ਕੱਟ ਬਣਾਉਣ ਦਾ ਮਸਲਾ ਗੰਭੀਰ
ਇਸ ਫੋਰ ਵੇਅ ਮਾਰਗ 'ਤੇ ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਅਤੇ ਬੇਲਾ ਮਾਰਗਾਂ ਦੇ ਚੌਰਸਤੇ 'ਤੇ ਟ੍ਰੈਫਿਕ ਲਾਈਟਾਂ ਮੌਜੂਦ ਹਨ ਅਤੇ ਟਰਾਂਸਪੋਰਟ ਨਗਰ ਪਪਰਾਲਾ, ਰੈਲੋਂ ਕਲਾਂ, ਸ਼ਾਮਪੁਰਾ, ਅਕੈਡਮੀ ਰੋਡ ਅਤੇ ਸਤਲੁਜ ਦਰਿਆ ਦੇ ਪੁਲ ਦੇ ਨੇੜੇ ਕੱਟ ਦਿੱਤੇ ਹੋਏ ਹਨ। ਪਰ ਹੁਣ ਲੋਕਾਂ ਵੱਲੋਂ ਆਪਣੇ-ਆਪਣੇ ਕਾਰੋਬਾਰ ਦੇ ਲਈ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਕੱਟ ਬਣਾਉਣ ਦਾ ਮਸਲਾ ਗੰਭੀਰ ਹੈ।
ਕਿਵੇਂ ਪਾਸ ਹੋ ਗਏ ਬਿਜਲੀ ਕੁਨੈਕਸ਼ਨ, ਵਾਟਰ ਕੁਨੈਕਸ਼ਨ ਅਤੇ ਨਕਸ਼ੇ 
ਹੈਰਾਨੀਜਨਕ ਹੈ ਕਿ ਵੱਖ-ਵੱਖ ਵਿਭਾਗਾਂ ਨੇ ਗੈਰ-ਕਾਨੂੰਨੀ ਨਿਰਮਾਣ ਲਈ ਬਿਜਲੀ ਕੁਨੈਕਸ਼ਨ, ਵਾਟਰ ਕੁਨੈਕਸ਼ਨ, ਨਕਸ਼ੇ ਆਦਿ ਪਾਸ ਕਿਵੇਂ ਕੀਤੇ ਜਦੋਂ ਕਿ ਇਨ੍ਹਾਂ ਇਮਾਰਤਾਂ ਦੀ ਮਨਜ਼ੂਰੀ ਪੁੱਡਾ ਵਿਭਾਗ ਤੋਂ ਕਦੇ ਨਹੀਂ ਲਈ ਗਈ ਅਤੇ ਨਿਰਮਾਣ ਕੰਮ ਕਈ ਸਾਲਾਂ 'ਚ ਧੜੱਲੇ ਨਾਲ ਹੋਇਆ ਅਤੇ ਇਸ 'ਚ ਪਤਾ ਨਹੀਂ ਕੌਣ-ਕੌਣ ਅਧਿਕਾਰੀ ਜ਼ਿੰਮੇਵਾਰ ਹਨ। ਲੋਕਾਂ ਦੀ ਮੰਗ ਹੈ ਕਿ ਸਬੰਧਤ ਅਧਿਕਾਰੀਆਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਗੈਰ-ਕਾਨੂੰਨੀ ਨਿਰਮਾਣ ਨੂੰ ਤੁਰੰਤ ਤੋੜਿਆ ਜਾਵੇ ਤਾਂ ਕਿ ਨਿਯਮਾਂ ਅਨੁਸਾਰ ਅਗਲਾ ਨਿਰਮਾਣ ਹੋ ਸਕੇ।
ਬਾਈਪਾਸ 'ਤੇ ਇਹ ਹੋਏ ਗੈਰ-ਕਾਨੂੰਨੀ ਨਿਰਮਾਣ
ਗੁਰਬਖਸ਼ ਰਿਜ਼ੋਰਟ ਮੈਰਿਜ ਪੈਲੇਸ, ਲੱਕੀ ਢਾਬਾ ਦੋ ਮੰਜ਼ਲਾ, ਸੁਰਜੀਤ ਹਸਪਤਾਲ (ਕਮਰਸ਼ੀਅਲ 5 ਦੁਕਾਨਾਂ, 7 ਰਿਹਾਇਸ਼ੀ ਘਰ) ਕਮਰਸ਼ੀਅਲ ਪੰਜ ਦੁਕਾਨਾਂ, ਮਕੈਨੀਕਲ ਵਰਕਸ਼ਾਪ, ਇਕ ਸ਼ੋਅਰੂਮ, ਨਸ਼ਾ ਛੁਡਾਊ ਕੇਂਦਰ, ਧਰਮ ਕੰਡਾ, ਸੰਤ ਮਕੈਨੀਕਲ ਵਰਕਸ਼ਾਪ, ਵਰਕਸ਼ਾਪ, ਸੀਮੈਂਟ ਸਰੀਆ ਸਟੋਰ ਅਤੇ ਸ਼ੋਅਰੂਮ, ਸੀਮੈਂਟ ਗੋਦਾਮ, ਇਕ ਵਰਕਸ਼ਾਪ, ਇਕ ਦੁਕਾਨ, ਇਕ ਰਿਹਾਇਸ਼ੀ ਘਰ, ਚਾਰ ਰਿਹਾਇਸ਼ੀ ਘਰ ਅਤੇ ਇਕ ਮੰਦਰ, ਤਿੰਨ ਮੰਜ਼ਲਾ ਇਮਾਰਤ, ਇਕ ਵਰਕਸ਼ਾਪ, ਇਕ ਢਾਬਾ, ਸ਼ੋਅਰੂਮ, ਕਮਰਸ਼ੀਅਲ ਕੁਆਰਟਰ, ਰਿਹਾਇਸ਼ੀ ਘਰ, ਸ਼ੋਅਰੂਮ, ਸਤਲੁਜ ਢਾਬਾ, ਵਾਸ਼ਿੰਗ ਪੁਆਇੰਟ, ਹਵੇਲੀ ਢਾਬਾ, ਮੈਰਿਜ ਪੈਲੇਸ ਆਫ ਡਾ. ਭਾਗ ਸਿੰਘ ਸ਼ਾਮਲ ਹਨ।
ਕੀ ਕਹਿੰਦੇ ਨੇ ਐਕਸੀਅਨ
ਲੋਕ ਨਿਰਮਾਣ ਵਿਭਾਗ ਰੂਪਨਗਰ ਦੇ ਐਕਸੀਅਨ ਵਿਸ਼ਾਲ ਗੁਪਤਾ ਨੇ ਨਿਰਧਾਰਤ ਮਾਪਦੰਡਾਂ ਦੇ ਵਿਰੁੱਧ ਗੈਰ-ਕਾਨੂੰਨੀ ਨਿਰਮਾਣ ਅਤੇ ਡਿਵਾਈਡਰ ਤੋੜ ਕੇ ਕੱਟ ਬਣਾਏ ਜਾਣ ਪ੍ਰਤੀ ਅਣਜਾਣਤਾ ਪ੍ਰਗਟਾÀੁਂਦੇ ਕਿਹਾ ਕਿ ਉਹ ਜਲਦ ਹੀ ਇਸ ਦਾ ਪਤਾ ਲਾ ਕੇ ਕਾਰਵਾਈ ਅਮਲ 'ਚ ਲਿਆਉਣਗੇ।
ਬਿਨਾਂ ਮਨਜ਼ੂਰੀ ਕੀਤੇ ਨਿਰਮਾਣ ਕਾਰਜ ਦੀ ਹੋਵੇਗੀ ਜਾਂਚ : ਵਿਨੀ ਮਹਾਜਨ
ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੀ ਵਾਈਸ ਚੇਅਰਪਰਸਨ ਵਿਨੀ ਮਹਾਜਨ ਨੇ ਕਿਹਾ ਕਿ ਉਹ ਜਲਦ ਹੀ ਅਜਿਹੇ ਗੈਰ-ਕਾਨੂੰਨੀ ਨਿਰਮਾਣ ਕੰਮਾਂ ਦੀ ਜਾਂਚ ਕਰਵਾਉਣਗੇ ਅਤੇ ਇਸ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾਵੇਗੀ।
ਜ਼ਿਲਾ ਟਾਊਨ ਪਲਾਨਰ ਨੇ ਡੀ. ਸੀ. ਅਤੇ ਗਮਾਡਾ ਅਧਿਕਾਰੀ ਨੂੰ ਭੇਜੇ ਪੱਤਰ
ਜ਼ਿਲਾ ਟਾਊਨ ਪਲਾਨਰ ਨੇ ਹਾਊਸਿੰਗ ਅਧਿਕਾਰੀ (ਰੈਗੂਲੇਟਰੀ) ਐੱਸ.ਏ.ਐੱਸ. ਨਗਰ ਮੋਹਾਲੀ ਨੂੰ ਕਾਰਵਾਈ ਲਈ ਅਤੇ ਡੀ. ਸੀ. ਰੂਪਨਗਰ ਨੂੰ ਸੂਚਨਾ ਦੇ ਰੂਪ 'ਚ ਪੱਤਰ ਜਾਰੀ ਕਰ ਕੇ ਗੈਰ-ਕਾਨੂੰਨੀ ਨਿਰਮਾਣ ਕੰਮਾਂ ਸਬੰਧੀ ਕੁਝ ਮਹੀਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਜ਼ਿਲਾ ਟਾਊਨ ਪਲਾਨਰ ਮਨਦੀਪ ਮਹਿੰਦੀਰੱਤਾ ਨੇ ਦੱਸਿਆ ਕਿ ਉਹ ਇਸ ਮਾਮਲੇ 'ਚ ਹੋਰ ਜਾਣਕਾਰੀ ਰਿਕਾਰਡ ਦੇਖ ਕੇ ਹੀ ਵਧੇਰੇ ਦੱਸ ਸਕਣਗੇ। ਗੁਰਬਖਸ਼ ਰਿਜ਼ਾਰਟ ਮੈਰਿਜ ਪੈਲੇਸ ਛੋਟੀ ਰੈਲੋਂ ਅਤੇ ਡਾ. ਭਾਗ ਸਿੰਘ ਦਾ ਬੜੀ ਹਵੇਲੀ ਰਕਬੇ 'ਚ ਸਥਿਤ ਮੈਰਿਜ ਪੈਲੇਸਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਜਿਨ੍ਹਾਂ ਨੇ ਸੀ.ਐੱਲ.ਯੂ. ਦੀ ਪ੍ਰਵਾਨਗੀ ਪ੍ਰਾਪਤ ਕੀਤੀ ਹੋਈ ਹੈ।
