ਟੋਲ ਪਲਾਜ਼ਾ ’ਤੇ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਡਰਾਈਵਰ ਤੇ ਆੜ੍ਹਤੀ ਨਾਲ ਕੀਤੀ ਕੁੱਟਮਾਰ
Wednesday, Apr 05, 2023 - 01:25 AM (IST)
ਲੁਧਿਆਣਾ (ਅਨਿਲ)-ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਅੱਜ ਉੱਥੇ ਮੌਜੂਦ ਕੁਝ ਲੋਕਾਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇਕ ਬਜ਼ੁਰਗ ਕੈਂਟਰ ਚਾਲਕ ਅਤੇ ਉਸ ਦੀ ਗੱਡੀ ’ਚ ਸਬਜ਼ੀ ਮੰਡੀ ਤੋਂ ਪਿਆਜ਼ ਲੈ ਕੇ ਜਾ ਰਹੇ ਆੜ੍ਹਤੀ ਨਾਲ ਕੁੱਟਮਾਰ ਕੀਤੀ। ਜਾਣਕਾਰੀ ਦਿੰਦੇ ਹੋਏ ਸਗੋਵਾਲ, ਫਿਲੌਰ ਦੇ ਰਹਿਣ ਵਾਲੇ ਆੜ੍ਹਤੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਅੱਜ ਉਹ ਸਬਜ਼ੀ ਮੰਡੀ ਤੋਂ ਇਕ ਕੈਂਟਰ ’ਚ ਪਿਆਜ਼ ਭਰ ਕੇ ਆਪਣੇ ਪਿੰਡ ਸਗੋਵਾਲ ਡਰਾਈਵਰ ਨਾਲ ਜਾ ਰਿਹਾ ਸੀ। ਜਦੋਂ ਉਹ ਟੋਲ ਪਲਾਜ਼ਾ ’ਤੇ ਟੋਲ ਦੀ ਪਰਚੀ ਕਟਵਾਉਣ ਲੱਗਾ ਤਾਂ ਉੱਥੇ ਬੂਥ ’ਤੇ ਬੈਠੇ ਮੁਲਾਜ਼ਮ ਨੇ ਕਿਹਾ ਕਿ ਤੁਹਾਡੀ ਟੋਲ ਦੀ ਪਰਚੀ ਵਜ਼ਨ ਦੇ ਹਿਸਾਬ ਨਾਲ ਲੱਗੇਗੀ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਗੱਡੀ ਕਿਰਾਏ ’ਤੇ ਲਈ ਹੈ। ਤੁਸੀਂ ਜਿੱਦਾਂ ਮਰਜ਼ੀ ਵਜ਼ਨ ਕਰ ਲਓ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਲਈ ਸਿੱਖਿਆ ਮੰਤਰੀ ਬੈਂਸ ਨੇ ਲਿਆ ਅਹਿਮ ਫ਼ੈਸਲਾ
ਇੰਨੇ ’ਚ ਟੋਲ ਮੁਲਾਜ਼ਮ ਬਜ਼ੁਰਗ ਡਰਾਈਵਰ ਨਾਲ ਬਹਿਸ ਕਰਨ ਲੱਗ ਗਿਆ। ਉੱਥੇ ਟੋਲ ਪਲਾਜ਼ਾ ’ਤੇ ਖੜ੍ਹੇ 7-8 ਨੌਜਵਾਨ ਆ ਕੇ ਬਜ਼ੁਰਗ ਡਰਾਈਵਰ ਨਾਲ ਕੁੱਟਮਾਰ ਕਰਨ ਲੱਗ ਗਏ। ਜਦੋਂ ਨਾਲ ਬੈਠੇ ਕਸ਼ਮੀਰ ਸਿੰਘ ਨੇ ਡਰਾਈਵਰ ਨੂੰ ਛੁਡਾਉਣ ਦਾ ਯਤਨ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਇਕ ਨੌਜਵਾਨ ਨੇ ਹੱਥ ’ਚ ਪਹਿਨੇ ਲੋਹੇ ਦੇ ਕੜੇ ਨਾਲ ਉਸ ਦੇ ਮੂੰਹ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦਾ ਦੰਦ ਟੁੱਟ ਗਿਆ, ਜਿਸ ਤੋਂ ਬਾਅਦ ਉਕਤ ਸਾਰੇ ਨੌਜਵਾਨ ਉੱਥੇ ਖੜ੍ਹੀ ਇਕ ਕਾਲੇ ਰੰਗ ਦੀ ਥਾਰ ਜੀਪ ’ਚ ਉੱਥੋਂ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਪੀੜਤ ਨੇ ਬਾਅਦ ’ਚ ਇਸ ਬਾਰੇ ਸ਼ਿਕਾਇਤ ਥਾਣਾ ਲਾਡੋਵਾਲ ਦੀ ਪੁਲਸ ਨੂੰ ਕੀਤੀ ਅਤੇ ਸਿਵਲ ਹਸਪਤਾਲ ’ਚ ਆਪਣਾ ਮੈਡੀਕਲ ਕਰਵਾਇਆ। ਇਸ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਸ਼ਮੀਰ ਸਿੰਘ ਦੀ ਸ਼ਿਕਾਇਤ ਆਈ ਹੈ, ਜਿਸ ’ਤੇ ਜਾਂਚ ਕਰਦੇ ਹੋਏ ਟੋਲ ਪਲਾਜ਼ਾ ’ਤੇ ਜਾ ਕੇ ਜਾਂਚ ਕੀਤੀ ਗਈ ਪਰ ਉਕਤ ਨੌਜਵਾਨ ਉੱਥੋਂ ਫਰਾਰ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਟੋਲ ’ਤੇ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਬਾਕੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੀ ਕਹਿੰਦੇ ਹਨ ਟੋਲ ਪਲਾਜ਼ਾ ਮੈਨੇਜਰ ਖਾਨ
ਜਦੋਂ ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ਼ ਖਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਹ ਛੁੱਟੀ ’ਤੇ ਸਨ। ਇਸ ਲਈ ਟੋਲ ’ਤੇ ਨਹੀਂ ਗਏ। ਹਾਲ ਦੀ ਘੜੀ ਉਹ ਕੱਲ ਟੋਲ ’ਤੇ ਜਾ ਕੇ ਖੁਦ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਜੇਕਰ ਟੋਲ ਮੁਲਾਜ਼ਮ ਹੋਏ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।