ਪੰਜਾਬ 'ਚ BP ਤੇ ਸ਼ੂਗਰ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ, ਹੁਣ ਇੰਝ ਕੀਤਾ ਜਾਵੇਗਾ ਇਲਾਜ

03/21/2024 10:15:30 AM

ਚੰਡੀਗੜ੍ਹ (ਅਰਚਨਾ) : ਪੰਜਾਬ 'ਚ ਹੁਣ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਦਾ ਇਲਾਜ ਇੱਕ ਨਵੇਂ ਫਾਰਮੂਲੇ ਨਾਲ ਕੀਤਾ ਜਾਵੇਗਾ। ਬੀ. ਪੀ. ਅਤੇ ਸ਼ੂਗਰ ਦੇ ਮਰੀਜ਼ਾਂ ਦੇ ਇਲਾਜ ਲਈ ਸੂਬੇ ਦੇ ਸਿਹਤ ਵਿਭਾਗ ਨੇ ਨਵਾਂ ਪ੍ਰੋਟੋਕਾਲ ਤਿਆਰ ਕੀਤਾ ਹੈ। ਪ੍ਰੋਟੋਕਾਲ ਦੇ ਚੱਲਦਿਆਂ ਹੁਣ ਜ਼ਿਲ੍ਹਾ ਹਸਪਤਾਲਾਂ ਤੋਂ ਲੈ ਕੇ ਸਬ-ਡਵੀਜ਼ਨ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਸਾਰੀਆਂ ਸਿਹਤ ਯੂਨਿਟਾਂ 'ਚ ਨਿਰਧਾਰਿਤ ਮਾਪਦੰਡਾਂ ਅਨੁਸਾਰ ਮਰੀਜ਼ਾਂ ਨੂੰ ਇਲਾਜ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਪਿੰਡ ਦੇ ਲੋਕਾਂ ਨੂੰ ਬੇਕਾਬੂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ 'ਚ ਲਿਆਉਣ ਲਈ ਹਸਪਤਾਲ ਦੇ ਮਾਹਿਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਮਾਹਿਰਾਂ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਵਿਗਿਆਨਿਕਾਂ ਦੀ ਸਲਾਹ ਨਾਲ ਮਿਲ ਕੇ ਹੀ ਇਲਾਜ ਦੇ ਮਾਪਦੰਡ ਤੈਅ ਕੀਤੇ ਗਏ ਹਨ। ਪਿੰਡ ਦੇ ਕਮਿਊਨਿਟੀ ਹੈਲਥ ਅਫ਼ਸਰ ਵੀ ਉਕਤ ਮਾਪਦੰਡਾਂ ਦੇ ਆਧਾਰ ’ਤੇ ਬੀ.ਪੀ. ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦੇਣਗੇ।

ਇਹ ਵੀ ਪੜ੍ਹੋ : ਨਾਬਾਲਗ ਘਰਵਾਲੀ ਨਾਲ ਸਬੰਧ ਬਣਾਉਣ ਵਾਲੇ ਪਤੀ ਦਾ ਕੇਸ ਪੁੱਜਾ ਹਾਈਕੋਰਟ, ਹੈਰਾਨ ਕਰੇਗਾ ਪੂਰਾ ਮਾਮਲਾ
ਬੇਕਾਬੂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਿੰਦਾ ਹੈ ਕਈ ਬਿਮਾਰੀਆਂ
ਪੰਜਾਬ ਸਿਹਤ ਵਿਭਾਗ 'ਚ ਨਾਨ ਕਮਿਊਨਿਕੇਸ਼ਨ ਡਿਸੀਜ਼ ਕੰਟਰੋਲ ਵਿਭਾਗ ਦੀ ਅਧਿਕਾਰੀ ਡਾ. ਆਸ਼ੂ ਗੁਪਤਾ ਦਾ ਕਹਿਣਾ ਹੈ ਕਿ ਪੰਜਾਬ 'ਚ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ ਵੱਧ ਰਹੇ ਹਨ। ਬੇਕਾਬੂ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਕਾਰਨ ਮਰੀਜ਼ ਦੇ ਸਰੀਰ ਦੇ ਹੋਰ ਅੰਗਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਬੀ. ਪੀ. ਦੇ ਮਰੀਜ਼ਾਂ ਨੂੰ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਹੁੰਦਾ ਹੈ। ਅਜਿਹੀ ਸਥਿਤੀ 'ਚ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਰੈਗੂਲਰ ਦਵਾਈਆਂ ਦੀ ਵਰਤੋਂ ਅਤੇ ਫਾਲੋਅਪ ’ਚ ਰਹਿਣਾ ਚਾਹੀਦਾ ਹੈ। ਪੰਜਾਬ ਦੇ ਬੀ. ਪੀ. ਮਰੀਜ਼ਾਂ ਦੀ ਸਕਰੀਨਿੰਗ ਅਤੇ ਇਲਾਜ ਦੇ ਲਈ ਸਾਲ 2018 'ਚ ਇੰਡੀਆ ਹਾਈਪਰਟੈਨਸ਼ਨ ਮੈਨੇਜਮੈਂਟ ਇਨੀਸ਼ੀਏਟਿਵ ਪ੍ਰੋਜੈਕਟ ਦੀ ਸ਼ੁਰੂਆਤ 5 ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਬਠਿੰਡਾ, ਮਾਨਸਾ 'ਚ ਕੀਤੀ ਗਈ ਸੀ। ਦੂਜੇ ਪੜਾਅ 'ਚ ਸਾਲ 2021 'ਚ ਫਤਿਹਗੜ੍ਹ ਸਾਹਿਬ, ਬਰਨਾਲਾ, ਰੋਪੜ, ਅੰਮ੍ਰਿਤਸਰ, ਜਲੰਧਰ ਜ਼ਿਲ੍ਹੇ ਸ਼ਾਮਲ ਕੀਤੇ ਗਏ ਸਨ। ਤੀਜੇ ਪੜਾਅ 'ਚ ਸਾਲ 2023 'ਚ ਲੁਧਿਆਣਾ, ਕਪੂਰਥਲਾ, ਸੰਗਰੂਰ, ਮਾਲੇਰਕੋਟਲਾ, ਤਰਨਤਾਰਨ ਨੂੰ ਸ਼ਾਮਲ ਕੀਤਾ ਗਿਆ ਸੀ, ਜਦੋਂ ਕਿ ਚੌਥੇ ਪੜਾਅ 'ਚ ਮੌਜੂਦਾ ਸਾਲ ਵਿਚ ਫਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਮੁਕਤਸਰ, ਐੱਸ. ਬੀ. ਐੱਸ. ਨਗਰ, ਮੋਹਾਲੀ, ਪਟਿਆਲਾ ਨੂੰ ਜੋੜਿਆ ਗਿਆ। ਡਾ. ਆਸ਼ੂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਕਾਰਨ ਹੁਣ ਪੰਜਾਬ ਦੇ 62 ਫ਼ੀਸਦੀ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਸਕੂਲਾਂ ਦੀ PTM 'ਤੇ ਵੀ ਦਿਖੇਗਾ ਕੋਡ ਆਫ ਕੰਡਕਟ ਦਾ ਅਸਰ, 28 ਨੂੰ ਆਉਣਗੇ ਨਤੀਜੇ
ਇੱਕੋ ਤਰੀਕੇ ਨਾਲ ਕੀਤਾ ਜਾਵੇਗਾ ਮਰੀਜ਼ਾਂ ਦਾ ਇਲਾਜ
ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਤੋਂ ਡਾ. ਨਵਨੀਤ ਕਿਸ਼ੋਰ ਦਾ ਕਹਿਣਾ ਹੈ ਕਿ ਬੀ. ਪੀ. ਅਤੇ ਸ਼ੂਗਰ ਦੇ ਮਰੀਜ਼ਾਂ ਦੇ ਇਲਾਜ ਲਈ ਪ੍ਰੋਟੋਕਾਲ ਬਣਾਉਣ ਤੋਂ ਬਾਅਦ ਹੁਣ ਪੂਰੇ ਪੰਜਾਬ 'ਚ ਸਾਰੇ ਮਰੀਜ਼ਾਂ ਦਾ ਇਲਾਜ ਇੱਕੋ ਤਰੀਕੇ ਨਾਲ ਕੀਤਾ ਜਾਵੇਗਾ। ਪ੍ਰਾਇਮਰੀ ਹੈਲਥ ਸੈਂਟਰ 'ਚ ਇਲਾਜ ਲਈ ਆਉਣ ਵਾਲੇ ਮਰੀਜ਼ ਨੂੰ ਉਹੋ ਇਲਾਜ ਮਿਲੇਗਾ, ਜੋ ਹਸਪਤਾਲ ਦੇ ਸੁਪਰਸਪੈਸ਼ਲਿਸਟ ਡਾਕਟਰ ਕੋਲ ਇਲਾਜ ਲਈ ਜਾਣ ਵਾਲੇ ਮਰੀਜ਼ ਨੂੰ ਮਿਲੇਗਾ। ਹੁਣ ਇਲਾਜ ਦੇ ਅਜਿਹੇ ਮਾਪਦੰਡ ਤਿਆਰ ਕੀਤੇ ਗਏ ਹਨ, ਜਿਸ 'ਚ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ ਇਲਾਜ਼ ਸ਼ੁਰੂ ’ਚ ਇੱਕ ਦਵਾਈ ਨਾਲ ਇਲਾਜ ਕੀਤਾ ਜਾਵੇਗਾ। ਜੇਕਰ ਫਾਲੋਅਪ ਵਿਚ ਇੱਕ ਮਹੀਨੇ ਬਾਅਦ ਬੀ. ਪੀ. ਕੰਟਰੋਲ ਨਹੀਂ ਹੁੰਦਾ ਹੈ ਤਾਂ ਦਵਾਈ ਦੀ ਖ਼ੁਰਾਕ ਦੀ ਮਾਤਰਾ ਵਧਾ ਦਿੱਤੀ ਜਾਵੇਗੀ। ਦੂਜੇ ਫਾਲੋਅੱਪ 'ਚ ਵੀ ਬੀ. ਪੀ. ਬੇਕਾਬੂ ਰਹਿਣ ’ਤੇ ਮਰੀਜ਼ ਨੂੰ ਦਵਾਈ ਦੇ ਕੰਬੀਨੇਸ਼ਨ ’ਚ ਹੋਰ ਦਵਾਈਆਂ ਦਿੱਤੀਆਂ ਜਾਣਗੀਆਂ।

ਡਾ. ਨਵਨੀਤ ਨੇ ਦੱਸਿਆ ਕਿ ਪ੍ਰੋਟੋਕਾਲ ਤਿਆਰ ਕਰਨ ਲਈ ਕਾਰਡੀਓਲੋਜਿਸਟ, ਨਿਊਰੋਲੋਜਿਸਟ, ਨੈਫਰੋਲੋਜਿਸਟ, ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀ, ਆਈ. ਸੀ. ਐੱਮ. ਆਰ. ਦੇ ਵਿਗਿਆਨੀਆਂ ਨੇ ਮਿਲ ਕੇ ਇਲਾਜ ਦੇ ਮਾਪਦੰਡ ਤਿਆਰ ਕੀਤੇ ਹਨ ਤਾਂ ਜੋ ਕੋਈ ਵੀ ਮਰੀਜ਼ ਬਿਹਤਰ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ। ਪੰਜਾਬ ਵਿਚ ਹਾਈਪਰਟੈਨਸ਼ਨ ਦੇ ਮਰੀਜ਼ 34.5 ਫ਼ੀਸਦੀ ਹਨ ਜਦੋਂ ਕਿ ਸ਼ੂਗਰ ਦੇ ਮਰੀਜ਼ 13 ਫ਼ੀਸਦੀ ਹਨ। ਬੀ. ਪੀ. ਦੇ ਕਾਰਨ ਮਰੀਜ਼ ਨੂੰ ਹਾਰਟ ਅਟੈਕ ਅਤੇ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ, ਜਿਸ ਤੋਂ ਬਾਅਦ ਮਰੀਜ਼ ਦੇ ਇਲਾਜ ’ਤੇ 10 ਤੋਂ 15 ਲੱਖ ਰੁਪਏ ਖ਼ਰਚ ਹੋ ਜਾਂਦੇ ਹਨ। ਸ਼ੂਗਰ ਕਾਰਨ ਮਰੀਜ਼ਾਂ ਦੇ ਗੁਰਦੇ ਅਤੇ ਅੱਖਾਂ ਪ੍ਰਭਾਵਿਤ ਹੋ ਸਕਦੀਆਂ ਹਨ, ਇਸ ਲਈ ਸਭ ਤੋਂ ਮਹੱਤਵਪੂਰਨ ਹੈ ਕਿ ਰਾਜ 'ਚ ਬੀ. ਪੀ. ਅਤੇ ਸ਼ੂਗਰ ਦੇ ਮਰੀਜ਼ਾਂ ਦੀ ਸਕਰੀਨਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News