ਦੋਸਤ ਕੁੜੀ ਦੀ ਗੱਲ ਮੰਨ ਮੁੰਡੇ ਨੇ ਪਾ ਲਿਆ ਵੱਡਾ ਪੰਗਾ, ਪੂਰਾ ਮਾਮਲਾ ਕਰ ਦੇਵੇਗਾ ਹੈਰਾਨ

Friday, Sep 15, 2023 - 01:03 PM (IST)

ਦੋਸਤ ਕੁੜੀ ਦੀ ਗੱਲ ਮੰਨ ਮੁੰਡੇ ਨੇ ਪਾ ਲਿਆ ਵੱਡਾ ਪੰਗਾ, ਪੂਰਾ ਮਾਮਲਾ ਕਰ ਦੇਵੇਗਾ ਹੈਰਾਨ

ਲੁਧਿਆਣਾ (ਗੌਤਮ) : ਕਾਲਜ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਘਰ ਆਇਆ ਮੁੰਡਾ ਦੋਸਤ ਕੁੜੀ ਦੀ ਗੱਲ 'ਚ ਅਜਿਹਾ ਫਸਿਆ ਕਿ ਉਸ ਨੇ ਵੱਡਾ ਪੰਗਾ ਪਾ ਲਿਆ। ਕੁੜੀ ਨੇ ਆਪਣੇ ਨਾਲ ਜਾਣ ਦਾ ਕਿਹਾ ਤਾਂ ਉਹ ਚੱਲ ਪਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਇੰਨੀ ਵੱਡੀ ਮੁਸੀਬਤ 'ਚ ਫਸ ਜਾਵੇਗਾ। ਦਰਅਸਲ ਕੁੜੀ ਅਫ਼ੀਮ ਸਪਲਾਈ ਕਰਨ ਗਈ ਸੀ ਅਤੇ ਆਪਣੇ ਦੋਸਤ ਨੂੰ ਵੀ ਨਾਲ ਲੈ ਗਈ, ਜਿੱਥੇ ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਥਾਣਾ ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਨੇ ਐੱਲ. ਐੱਲ. ਬੀ. ਕਰ ਰਹੀ ਵਿਦਿਆਰਥਣ ਅਤੇ ਨਾਨ-ਮੈਡੀਕਲ ਕਰ ਰਹੇ ਉਸ ਦੇ ਸਾਥੀ ਨੂੰ 4 ਕਿੱਲੋ ਅਫ਼ੀਮ ਸਣੇ ਕਾਬੂ ਕੀਤਾ। ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਨਸ਼ਾ ਤਸਕਰੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸਾਹਨੇਵਾਲ ਦੀ ਰਹਿਣ ਵਾਲੀ ਨੇਹਾ ਕੁਮਾਰੀ ਉਰਫ਼ ਸਪਨਾ (20) ਅਤੇ ਸੂਰਜ ਕੁਮਾਰ ਪਾਂਡੇ (20) ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ।

ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਲੁਧਿਆਣਾ ਦੌਰੇ 'ਤੇ, ਕਿਸਾਨਾਂ ਲਈ ਹੋ ਸਕਦੈ ਵੱਡਾ ਐਲਾਨ

ਐੱਸ. ਪੀ. ਬਲਰਾਮ ਰਾਣਾ ਨੇ ਦੱਸਿਆ ਕਿ ਸੀ. ਆਈ. ਏ. ਮੁਖੀ ਪਲਵਿੰਦਰ ਸਿੰਘ ਅਤੇ ਏ. ਐੱਸ. ਆਈ. ਬਲਵੀਰ ਸਿੰਘ ਦੀ ਟੀਮ ਰੇਲਵੇ ਸਟੇਸ਼ਨ ’ਤੇ ਡਿਊਟੀ ਦੌਰਾਨ ਮਾਲ ਗੋਦਾਮ ਵੱਲ ਚੈਕਿੰਗ ਕਰ ਰਹੀ ਸੀ ਤਾਂ ਦੋਵੇਂ ਸ਼ੱਕੀ ਹਾਲਾਤ ’ਚ ਬੈਠੇ ਸਨ। ਸ਼ੱਕ ਹੋਣ ’ਤੇ ਟੀਮ ਨੇ ਜਦੋਂ ਸਮਾਨ ਦੀ ਤਲਾਸ਼ੀ ਲਈ ਤਾਂ ਦੋਸ਼ੀਆਂ ਕੋਲੋਂ 4 ਕਿੱਲੋ ਅਫੀਮ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇਹਾ ਨੇ ਦੱਸਿਆ ਕਿ ਉਹ ਪਟਨਾ ਵਿਖੇ ਆਪਣੇ ਨਾਨਕੇ ਘਰ ਰਹਿੰਦੀ ਹੈ ਅਤੇ ਐੱਲ. ਐੱਲ. ਬੀ. ਦੀ ਵਿਦਿਆਰਥਣ ਹੈ। ਉਸ ਦੀ ਮਾਤਾ ਲਧਿਆਣਾ ’ਚ ਸਾਹਨੇਵਾਲ ਦੇ ਨੇੜੇ ਰਹਿੰਦੀ ਹੈ।

ਇਹ ਵੀ ਪੜ੍ਹੋ : PAU ਕਿਸਾਨ ਮੇਲੇ 'ਚ ਪੁੱਜੇ CM ਮਾਨ ਦੇ ਤਿੱਖੇ ਬੋਲ-ਕੇਂਦਰ ਵਾਲੇ ਆਰਾ ਲਈ ਬੈਠੇ, ਜਿਹੜਾ ਆਉਂਦਾ ਵੱਢੀ ਜਾਂਦੇ (ਵੀਡੀਓ)

ਉਸ ਦੇ ਘਰ ਕੋਲ ਰਹਿਣ ਵਾਲੀ ਇਕ ਔਰਤ ਨੇ ਉਸ ਦੀ ਮਾੜੀ ਹਾਲਤ ਦੇਖ ਕੇ ਉਸ ਨੂੰ ਪੈਸੇ ਕਮਾਉਣ ਲਈ ਇਹ ਕੰਮ ਕਰਨ ਲਈ ਉਕਸਾਇਆ ਅਤੇ ਇਕ ਹੋਰ ਵਿਅਕਤੀ ਨਾਲ ਮਿਲਾ ਦਿੱਤਾ। ਉਸ ਨੇ ਉਸ ਨੂੰ ਗਯਾ ਦੇ ਇਕ ਵਿਅਕਤੀ ਨੂੰ ਮਿਲਾਇਆ। ਗਯਾ ’ਚ ਰਹਿਣ ਵਾਲਾ ਵਿਅਕਤੀ ਹੀ ਉਸ ਨੂੰ ਅਫ਼ੀਮ ਦਿੰਦਾ ਸੀ, ਜਿਸ ਨੂੰ ਉਸ ਨੇ ਲੁਧਿਆਣਾ ’ਚ ਕਿਸੇ ਨੂੰ ਦੇਣਾ ਹੁੰਦਾ ਸੀ। ਉਹ ਪਹਿਲਾਂ ਵੀ 2 ਵਾਰ ਗੇੜੇ ਲਗਾ ਚੁੱਕੀ ਹੈ। ਹਰ ਗੇੜੇ ਦੇ ਉਸ ਨੂੰ 10 ਹਜ਼ਾਰ ਰੁਪਏ ਪ੍ਰਤੀ ਗੇੜਾ ਮਿਲਦਾ ਸੀ। ਜਾਂਚ ਵਿਚ ਪਤਾ ਲੱਗਾ ਕਿ ਸੂਰਜ ਦੀ ਮਾਂ ਵੀ ਨੇਹਾ ਦੇ ਗੁਆਂਢ ’ਚ ਰਹਿੰਦੀ ਸੀ ਅਤੇ ਸੂਰਜ ਅਤੇ ਨੇਹਾ ਇਕ-ਦੂਜੇ ਨੂੰ ਬਚਪਨ ਤੋਂ ਜਾਣਦੇ ਹਨ। ਦੋਵੇਂ ਹੀ ਪਟਨਾ ’ਚ ਵੱਖ-ਵੱਖ ਕਾਲਜਾਂ ’ਚ ਪੜ੍ਹਦੇ ਸੀ।
ਛੁੱਟੀ ਦੇ ਚੱਲਦੇ ਆ ਰਿਹਾ ਸੀ ਘਰ
ਪੁੱਛਗਿੱਛ ਦੌਰਾਨ ਸੂਰਜ ਨੇ ਦੱਸਿਆ ਕਿ ਕਾਲਜ ’ਚ ਛੁੱਟੀਆਂ ਹੋਣ ਕਾਰਨ ਉਹ ਆਪਣੀ ਮਾਤਾ ਕੋਲ ਆ ਰਿਹਾ ਸੀ ਤਾਂ ਨੇਹਾ ਨੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਗਯਾ ’ਚ ਜਦੋਂ ਕਿਸੇ ਆਦਮੀ ਨੇ ਸਮਾਨ ਦਿੱਤਾ ਤਾਂ ਉਸ ਨੇ ਕਿਹਾ ਕਿ ਦਵਾਈ ਦਾ ਡੱਬਾ ਹੈ ਅਤੇ ਲੁਧਿਆਣਾ ’ਚ ਕੋਈ ਵਿਅਕਤੀ ਆ ਕੇ ਲੈ ਜਾਵੇਗਾ। ਉਹ ਸਟੇਸ਼ਨ ’ਤੇ ਪਹੁੰਚ ਕੇ ਉਸ ਵਿਅਕਤੀ ਦੀ ਉਡੀਕ ਕਰ ਰਹੇ ਸਨ ਕਿ ਦਬੋਚੇ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News