ਭਾਣਜੇ ਦਾ ਜਨਮ ਦਿਨ ਮਨਾਉਣ ਜਲੰਧਰ ਆਏ ਮਾਮੇ 'ਤੇ ਭਾਰੀ ਪਈ 'ਕੁਦਰਤ ਦੀ ਕਰੋਪੀ', ਮਚ ਗਿਆ ਚੀਕ-ਚਿਹਾੜਾ
Wednesday, Oct 11, 2023 - 05:57 AM (IST)
ਕਾਲਾ ਸੰਘਿਆਂ (ਨਿੱਝਰ): ਇਸ ਸਾਲ 10 ਜਨਵਰੀ ਵਿਚ ਨਵ ਵਿਆਹੇ ਗਏ ਨੌਜਵਾਨ ਜਤਿੰਦਰਪਾਲ (ਕਰੀਬ 30 ਸਾਲ) ਨੂੰ ਬੀਤੀ ਅੱਧੀ ਰਾਤ ਵੇਲੇ ਕੁਦਰਤ ਦੀ ਕਰੋਪੀ ਉਸ ਵਕਤ ਮੀਂਹ -ਹਨ੍ਹੇਰੀ ਦੇ ਰੂਪ ਵਿਚ ਭਾਰੀ ਪੈ ਗਈ, ਜਦ ਉਹ ਆਪਣੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ ਅਟੈਂਡ ਕਰਕੇ ਪਰਿਵਾਰ ਸਮੇਤ ਜਲੰਧਰ ਤੋਂ ਆਪਣੇ ਪਿੰਡ ਉੱਗੀ ਨੂੰ ਕਾਰ ਵਿਚ ਸਵਾਰ ਹੋ ਕੇ ਪਰਤ ਰਿਹਾ ਸੀ। ਜਲੰਧਰ -ਕਾਲਾ ਸੰਘਿਆਂ ਮੁੱਖ ਮਾਰਗ ਉੱਤੇ ਪਿੰਡ ਧਾਲੀਵਾਲ ਕਾਦੀਆਂ ਨੇੜੇ ਸਥਿਤ ਗੈਸ ਏਜੰਸੀ ਕੋਲ ਉਨ੍ਹਾਂ ਉੱਤੇ ਕਾਲ ਦੇ ਰੂਪ ਵਿੱਚ ਸਫੈਦੇ ਦਾ ਭਾਰੀ ਦਰੱਖਤ ਆਣ ਡਿੱਗਿਆ, ਜਿਸ ਦੌਰਾਨ ਕਾਰ ਚਾਲਕ ਦੀ ਮੌਕੇ 'ਤੇ ਹੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ, ਜਦਕਿ ਉਸ ਦੇ 5 ਪਰਿਵਾਰਕ ਮੈਂਬਰ ਵੀ ਗੰਭੀਰ ਜ਼ਖਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ
ਇਸ ਬਾਬਤ ਮ੍ਰਿਤਕ ਦੇ ਰਿਸ਼ਤੇ 'ਚੋਂ ਭਰਾਵਾਂ ਸਮਾਜ ਸੇਵੀ ਆਗੂ ਰਾਜੂ ਗੂੰਬਰ ਤੇ ਗੀਤਕਾਰ ਨਰਿੰਦਰ ਉੱਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਿੰਦਰਪਾਲ ਪੁੱਤਰ ਯਸ਼ਪਾਲ ਵਾਸੀ ਪਿੰਡ ਉੱਗੀ, ਜ਼ਿਲ੍ਹਾ ਜਲੰਧਰ ਵੇਰਕਾ ਮਿਲਕ ਪਲਾਂਟ ਜਲੰਧਰ ਨੇੜੇ ਇਕ ਹੋਟਲ ਵਿਚ ਆਪਣੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ ਅਟੈਂਡ ਕਰਕੇ ਬੀਤੀ ਰਾਤ ਕਰੀਬ ਸਵਾ 11 ਵਜੇ ਆਪਣੇ ਘਰ ਪਿੰਡ ਉੱਗੀ ਲਈ ਪਰਿਵਾਰ ਸਮੇਤ ਆਲਟੋ ਕਾਰ ਪੀਬੀ-08-ਡੀ ਐਕਸ -1730 ਵਿਚ ਸਵਾਰ ਹੋ ਕੇ ਰਵਾਨਾ ਹੋਇਆ ਸੀ ਕਿ ਰਸਤੇ ਵਿਚ ਤੇਜ਼ ਮੀਂਹ ਤੇ ਹਨ੍ਹੇਰੀ ਦੇ ਘੇਰੇ ਵਿਚ ਆ ਗਏ, ਜਦ ਉਹ ਪੌਣੇ 12 ਵਜੇ ਦੇ ਕਰੀਬ ਧਾਲੀਵਾਲ ਕਾਦੀਆਂ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਉੱਤੇ ਅਚਨਚੇਤ ਸਫ਼ੈਦਾ ਆਣ ਡਿੱਗਿਆ, ਜਿਸ ਦੌਰਾਨ ਕਾਰ ਚਾਲਕ ਜਤਿੰਦਰਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਯਸ਼ਪਾਲ ਦੀਆਂ ਲੱਤਾਂ ਉੱਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਘਟਨਾ ਵਿਚ ਮ੍ਰਿਤਕ ਦੀ ਪਤਨੀ ਜੋਤੀ , ਮਾਤਾ ਰੀਨਾ ਰਾਣੀ, ਚਾਚੀ ਸੁਮਨ ਰਾਣੀ ਤੇ ਸਰਿਤਾ ਨੂੰ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲੱਦਾਖ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਏ ਭਾਰਤੀ ਫ਼ੌਜੀ, ਇਕ ਜਵਾਨ ਦੀ ਹੋਈ ਮੌਤ, ਤਿੰਨ ਲਾਪਤਾ
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਫ਼ੋਨ ਰਾਹੀਂ ਰਾਤ ਕਰੀਬ ਸਾਢੇ 12 ਵਜੇ ਜਾਣਕਾਰੀ ਮਿਲੀ ਤੇ ਉਹ ਸਾਥੀਆਂ ਸਮੇਤ ਘਟਨਾ ਸਥਾਨ ਉੱਤੇ ਪੁੱਜੇ, ਜਿੱਥੇ ਭਲੇ ਲੋਕ ਜੇਸੀਬੀ ਮਸ਼ੀਨ ਤੇ ਟਰੈਕਟਰਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢਣ ਲਈ ਲੱਗੇ ਹੋਏ ਸਨ, ਜਿੰਨਾ ਨੂੰ ਕਰੀਬ ਢਾਈ ਘੰਟੇ ਦੀ ਜੱਦੋ-ਜਹਿਦ ਪਿੱਛੋਂ ਬਾਹਰ ਕੱਢਿਆ ਜਾ ਸਕਿਆ। ਇਸ ਦੌਰਾਨ ਬਿਜਲੀ ਦੀਆਂ ਤਾਰਾਂ ਤੇ ਖੰਭੇ ਵਗੈਰਾ ਵੀ ਟੁੱਟ ਕੇ ਡਿੱਗੇ ਪਏ ਸਨ ਤੇ ਰਸਤੇ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਰਹੀ।
ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਜਸਟਿਨ ਟਰੂਡੋ ਨੂੰ ਕੀਤਾ ਫ਼ੋਨ, ਭਾਰਤ ਵਿਵਾਦ ਨੂੰ ਲੈ ਕੇ ਦਿੱਤੀ ਖ਼ਾਸ ਸਲਾਹ
ਮ੍ਰਿਤਕ ਦੇਹ ਪਿੰਡ ਚਿੱਟੀ ਦੀ ਮੋਰਚਰੀ ਵਿਚ ਰੱਖੀ ਗਈ ਹੈ, ਜਿਸ ਦਾ ਸਸਕਾਰ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਕੀਤੇ ਜਾਣ ਦੀ ਗੱਲ ਕੀਤੀ ਗਈ ਹੈ। ਮ੍ਰਿਤਕ ਲੜਕਾ ਆਪਣੇ ਪਿਤਾ ਨਾਲ ਆਪਣੇ ਪਿੰਡ ਉੱਗੀ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਇਸੇ ਦੌਰਾਨ ਨਵ ਵਿਆਹੇ ਨੌਜਵਾਨ ਜਤਿੰਦਰਪਾਲ ,ਜਿਸ ਦਾ ਕਰੀਬ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਦੀ ਮੌਤ ਦੀ ਦੁਖਦਾਇਕ ਖ਼ਬਰ ਸੁਣ ਕੇ ਸਮੁੱਚੇ ਇਲਾਕੇ ਵਿਚ ਗਮ ਦੀ ਲਹਿਰ ਪਸਰ ਗਈ ਹੈ। ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜ ਰਹੇ ਹਨ।.
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8