ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ
Sunday, Aug 22, 2021 - 01:00 PM (IST)
ਗੋਰਾਇਆ (ਜ. ਬ.):- ਸਬ ਡਿਵੀਜ਼ਨ ਫਿਲੌਰ ਵਿਚ ਸੱਤਾਧਾਰੀ ਪਾਰਟੀ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਨਸ਼ੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਪੁਲਸ ਪ੍ਰਸ਼ਾਸ਼ਨ ਦੀ ਨਲਾਇਕੀ ਕਾਰਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਉਥੇ ਹੀ ਪੁਲਸ ਪ੍ਰਸ਼ਾਸ਼ਨ ਆਪਣੀ ਨਲਾਇਕੀ ਨੂੰ ਲੁਕਾਉਣ ਲਈ ਨਸ਼ੇ ਦੇ ਨਾਲ ਮਰਨ ਵਾਲਿਆਂ ਦੀ ਮੌਤ ਨੂੰ ਹੋਰ ਹੀ ਰੰਗਤ ਦੇ ਕੇ ਖਾਨਾਪੂਰਤੀ ਕਰ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਕਾਂਤੀ ਮੋਹਨ ਮੁਠੱਡਾ ਨੇ ਗੋਰਾਇਆ ਵਿਚ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕ ਵੀਡੀਓ ਉਨ੍ਹਾਂ ਦੇ ਕੋਲ ਆਈ ਅਤੇ ਕੁਝ ਪਿੰਡ ਦੇ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ 12 ਅਗਸਤ ਨੂੰ ਥਾਣਾ ਗੋਰਾਇਆ ਦੇ ਪਿੰਡ ਗੋਹਾਵਰ ਵਿਚ ਇਕ 32 ਸਾਲਾ ਲੜਕੇ ਦੀ ਮੋਟਰ 'ਤੇ ਮੌਤ ਹੋ ਗਈ ਸੀ। ਉਕਤ ਨੌਜਵਾਨ ਫਗਵਾੜਾ ਦੇ ਪਿੰਡ ਭਾਣੋਕੀ ਦਾ ਰਹਿਣ ਵਾਲਾ ਸੀ। ਇਸ ਮਾਮਲੇ ਵਿਚ ਪੁਲਸ ਨੇ 174 ਦੀ ਕਾਰਵਾਈ ਕਰਕੇ ਮਹਿਜ਼ ਖਾਨਾਪੂਰਤੀ ਕਰ ਦਿੱਤੀ ਸੀ ਅਤੇ ਥਾਣਾ ਗੋਰਾਇਆ ਵਿਚ 42 ਨੰਬਰ ਰਿਪਟ ਲਿਖ ਕੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਜਿਸ ਵਿਚ ਨੌਜਵਾਨ ਜਸਪ੍ਰੀਤ ਦੀ ਮੌਤ ਦਾ ਕਾਰਨ ਇਹ ਲਿਖਿਆ ਸੀ ਕਿ ਗਰਮੀ ਕਾਰਨ ਚੱਕਰ ਆਉਣ ਨਾਲ ਉਹ ਪਾਣੀ ਪੀਣ ਲੱਗਾ ਸੀ ਅਤੇ ਪਾਣੀ ਵਿਚ ਡਿੱਗ ਕੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਉਨ੍ਹਾਂ ਦੋਸ਼ ਲਾਉਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਨੇ ਦੱਸਿਆ ਕਿ ਗੋਰਾਇਆ ਪੁਲਸ ਨੂੰ ਉਸ ਸਮੇਂ ਹੀ ਪਤਾ ਸੀ ਕਿ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਕਿਉਂਕਿ ਉਸ ਦੇ ਹੱਥ ਵਿਚ ਨਸ਼ੇ ਦੀ ਸਰਿੱਜ ਲੱਗੀ ਰਹਿ ਗਈ ਸੀ ਅਤੇ ਪੁਲਸ ਨੇ ਉਸ ਨੂੰ ਕੱਢ ਕੇ ਸਿੱਟਣ ਲਈ ਕਹਿ ਦਿੱਤਾ ਸੀ। ਮ੍ਰਿਤਕ ਦੀ ਵੀਡੀਓ ਵਾਇਰਲ ਹੋਈ ਹੈ, ਉਸ ਵਿਚ ਸਾਫ਼ ਦਿੱਸ ਰਿਹਾ ਹੈ ਕਿ ਨਸ਼ੇ ਕਾਰਨ ਹੀ ਲੜਕੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅੱਠ ਦਿਨ ਬਾਅਦ ਗੋਰਾਇਆ ਪੁਲਸ ਨੇ ਥਾਣਾ ਗੋਰਾਇਆ ਵਿਚ 20 ਅਗਸਤ ਨੂੰ ਐੱਫ. ਆਈ. ਆਰ. ਨੰਬਰ 114 ਵਿਚ ਧਾਰਾ 304 ਦੇ ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ਼ ਕਰ ਦਿੱਤਾ ਹੈ। ਜੋ ਮ੍ਰਿਤਕ ਜਸਪ੍ਰੀਤ ਸਿੰਘ ਦੇ ਪਿਤਾ ਸਤਨਾਮ ਸਿੰਘ ਦੇ ਬਿਆਨਾ 'ਤੇ ਦਰਜ ਕੀਤਾ ਹੈ, ਜਿਸ ਵਿਚ ਲਿਖਿਆ ਹੈ ਕਿ ਉਸ ਦੇ ਪਿਤਾ ਨੇ ਆਪਣੇ ਪੱਧਰ 'ਤੇ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਨਸ਼ਾ ਦਿੱਤਾ ਹੈ, ਜਿਸ ਨਾਲ ਉਸ ਦੀ ਮੌਤ ਹੋ ਗਈ। ਸਰਪੰਚ ਨੇ ਕਿਹਾ ਕਿ ਇਥੋਂ ਵੀ ਪੁਲਸ ਦੀ ਨਾਕਾਮੀ ਅਤੇ ਨਾਲਾਇਕੀ ਸਾਹਮਣੇ ਆਉਂਦੀ ਹੈ ਕਿ ਜੇਕਰ ਲੋਕਾਂ ਨੇ ਹੀ ਆਪਣੇ ਪੱਧਰ 'ਤੇ ਜਾਂਚ ਕਰਕੇ ਪੁਲਸ ਨੂੰ ਦੱਸਣਾ ਹੈ ਤਾਂ ਪੁਲਸ ਪ੍ਰਸ਼ਾਸਨ ਇਥੋਂ ਦਾ ਕੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ
ਉਨ੍ਹਾਂ ਮੀਡੀਆ ਨੂੰ ਸੀ. ਸੀ. ਟੀ. ਵੀ. ਫੁਟੇਜ਼ ਵੀ ਜਾਰੀ ਕੀਤੀ ਹੈ, ਜਿਸ ਵਿਚ ਸਾਫ਼ ਦਿੱਸ ਰਿਹਾ ਹੈ ਕਿ ਨੌਜਵਾਨ ਕਿਸ ਤਰ੍ਹਾਂ ਦਾ ਨਸ਼ਾ ਲੈਣ ਲਈ ਲਾਈਨਾਂ ਦੀਆਂ ਲਾਈਨਾਂ ਬਣਾ ਕੇ ਆ ਰਹੇ ਹਨ ਅਤੇ ਬਿਨਾਂ ਕਿਸੇ ਡਰ ਤੋਂ ਨਸ਼ਾ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਖ਼ੁਲਾਸੇ ਕਰਨਗੇ ਕਿਉਂਕਿ ਸੀ. ਸੀ. ਟੀ. ਵੀ. ਫੁਟੇਜ਼ ਵਿੱਚ ਸਾਫ਼ ਦਿੱਸ ਰਿਹਾ ਹੈ ਕਿ ਕੁਝ ਪੁਲਸ ਮੁਲਾਜ਼ਮ ਵੀ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਵਿਚ ਆਉਂਦੇ ਜਾਂਦੇ ਦਿੱਸ ਰਹੇ ਹਨ। ਉਧਰ ਇਸ ਸਬੰਧੀ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਜੇਕਰ ਇਸ ਵਿਚ ਗੋਰਾਇਆ ਪੁਲਸ ਦੀ ਨਾਕਾਮੀ ਜਾਂ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਜਿਹੜਾ ਵੀ ਨਸ਼ੇ ਦਾ ਧੰਦਾ ਕਰਦਾ ਹੈ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਨੌਜਵਾਨ ਨਸ਼ਾ ਕਿਥੋਂ ਲੈ ਕੇ ਆਇਆ ਸੀ।
ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।