ਨਸ਼ੇ ਨੇ ਉਜਾੜ ਦਿੱਤਾ ਘਰ, ਗੋਰਾਇਆ ਦੇ ਪਿੰਡ ਧਲੇਤਾ 'ਚ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

06/03/2022 2:46:14 PM

ਗੋਰਾਇਆ (ਜ. ਬ.)- ਥਾਣਾ ਗੋਰਾਇਆ ਦੀ ਚੌਂਕੀ ਧੁਲੇਤਾ ਦੇ ਪਿੰਡ ਧਲੇਤਾ ਵਿਖੇ ਪਿੰਡ ਵਾਸੀਆਂ ਦਾ ਰੋਸ ਅਤੇ ਗੁੱਸਾ ਉਸ ਵੇਲੇ ਪੁਲਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਫੁੱਟਿਆ ਜਦੋਂ ਪਿੰਡ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਗੱਲ ਪਿੰਡ ਵਾਸੀਆਂ ਵੱਲੋਂ ਕਹੀ ਗਈ। ਪਿੰਡ ਦੀ ਗਰਾਮ ਪੰਚਾਇਤ ਅਤੇ ਪਿੰਡ ਦੇ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾਂ ਅਤੇ ਛੋਟੇ ਛੋਟੇ ਬੱਚਿਆਂ ਵੱਲੋਂ ਪਿੰਡ ’ਚ ਰੋਸ ਮਾਰਚ ਕੱਢਦੇ ਹੋਏ ਧਲੇਤਾ ਪੁਲਸ ਚੌਂਕੀ ਦਾ ਘਿਰਾਓ ਸ਼ਾਮ ਨੂੰ ਕੀਤਾ ਗਿਆ, ਜੋ ਰਾਤ ਸਾਢੇ 11 ਵਜੇ ਤੱਕ ਜਾਰੀ ਰਿਹਾ। 

PunjabKesari

ਇਸ ਮੌਕੇ ਪਿੰਡ ਸਰਪੰਚ ਹਰਜੀਤ ਕੁਮਾਰ, ਪੰਚਾਇਤ ਮੈਂਬਰ ਸੁੱਖੀ, ਠੇਕੇਦਾਰ ਅਮਰਜੀਤ ਅਤੇ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਗ਼ਦਰੀ ਬਾਬਿਆਂ ਦਾ ਪਿੰਡ ਹੈ ਅਤੇ ਪਹਿਲਵਾਨਾਂ ਅਤੇ ਕਬੱਡੀ ਦੇ ਖਿਡਾਰੀਆਂ ਨਾਲ ਇਹ ਪਿੰਡ ਮਸ਼ਹੂਰ ਸੀ ਪਰ ਅੱਜ ਦੇ ਸਮੇਂ ’ਚ ਇਸ ਪਿੰਡ ’ਤੇ ਦਾਗ਼ ਲੱਗ ਗਿਆ ਹੈ ਅਤੇ ਹੁਣ ਇਹ ਪਿੰਡ ਚਿੱਟੇ ਦੇ ਨਾਲ ਮਸ਼ਹੂਰ ਹੋ ਗਿਆ ਹੈ, ਇਥੇ ਸ਼ਰੇਆਮ ਨਸ਼ਾ ਵਿਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ’ਚ ਸ਼ਰੇਆਮ ਪੁਲਸ ਚੌਕੀ ਤੋਂ ਮਹਿਜ਼ ਸੌ ਮੀਟਰ ਦੀ ਦੂਰੀ ’ਤੇ ਸਵੇਰੇ 6 ਵਜੇ ਤੋਂ ਲਾਈਨਾਂ ਲਾ ਕੇ ਚਿੱਟਾ-ਹੈਰੋਇਨ ਵਿਕਦਾ ਹੈ, ਜਿਸ ਨੂੰ ਦੂਜੇ ਜ਼ਿਲਿਆਂ ਤੇ ਲਾਗਲੇ ਪਿੰਡਾਂ ਤੋਂ ਵੀ ਲੋਕ ਲੈਣ ਆਉਂਦੇ ਹਨ, ਜਿਸ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਰਹੀਆਂ ਹਨ ਅਤੇ ਮੀਡੀਆ ’ਚ ਵੀ ਆ ਚੁੱਕੀਆਂ ਹਨ। ਬੀਤੇ ਦਿਨੀਂ ਪਿੰਡ ਦੇ ਹੀ ਇਕ 22 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ, ਜਿਸ ਦੀ ਮਾਤਾ ਵੀ ਹੁਣ ਉਸੇ ਸੰਤਾਪ ਵਿਚ ਬੈੱਡ ’ਤੇ ਬੀਮਾਰ ਪਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਡੀ. ਐੱਸ. ਪੀ. ਫਿਲੌਰ, ਥਾਣਾ ਗੋਰਾਇਆ, ਪੁਲਸ ਚੌਂਕੀ ਧੁਲੇਤਾ ਨੂੰ ਲਿਖਤੀ 4-5 ਸ਼ਿਕਾਇਤਾਂ, ਜਿਨ੍ਹਾਂ ’ਚ ਜਿਹੜੇ ਨਸ਼ਾ ਪਿੰਡਾਂ ’ਚ ਸ਼ਰ੍ਹੇਆਮ ਵੇਚਦੇ ਹਨ, ਉਨ੍ਹਾਂ ਦੇ ਨਾਮ ਲਿਖ ਕੇ ਦਿੱਤੇ ਗਏ ਹਨ ਪਰ ਅੱਜ ਤੱਕ ਉਨ੍ਹਾਂ ’ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਉਲਟਾ ਧੁਲੇਤਾ ਚੌਂਕੀ ਦੇ ਮੁਲਾਜ਼ਮ ਉਨ੍ਹਾਂ ਹੀ ਘਰਾਂ ’ਚ ਬੈਠੇ ਹੁੰਦੇ ਹਨ, ਜਿਸ ਕਾਰਨ ਪਿੰਡ ਵਾਸੀਆਂ ’ਚ ਇੰਨਾ ਗੁੱਸਾ ਸੀ ਕਿ ਪਿੰਡ ਵਾਸੀ ਚੌਕੀ ਨੂੰ ਜਿੰਦਰਾ ਲਾਉਣ ਦੀ ਜ਼ਿੱਦ ’ਤੇ ਅੜੇ ਹੋਏ ਸਨ ਤੇ ਜਿੰਦਰਾ ਲਾਉਣ ਦੇ 4-5 ਵਾਰ ਕੋਸ਼ਿਸ਼ ਵੀ ਕੀਤੀ ਗਈ। ਇਸ ਨਾਲ ਪੁਲਸ ਨੇ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਪਰ ਸਿਵਾਏ ਪੁਲਸ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਲਈ ਕੁਝ ਔਰਤਾਂ ਤੇ ਇਕ ਬਜ਼ੁਰਗ ਨੂੰ ਹੀ ਫੜ ਲੈ ਆਈ, ਜਿਸ ’ਤੇ ਪਿੰਡ ਵਾਸੀ ਹੋਰ ਭੜਕ ਉਠੇ, ਜਿਨ੍ਹਾਂ ਕਿਹਾ ਕਿ ਕਿਸੇ ਨਾਜਾਇਜ਼ ਦੇ ਖ਼ਿਲਾਫ਼ ਪਿੰਡ ਵਾਸੀ ਕਾਰਵਾਈ ਨਹੀਂ ਹੋਣ ਦੇਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਨੇ ਛੱਡਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪੁਲਸ ਦੀ ਸ਼ਹਿ ’ਤੇ ਹੀ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਵਿਕਦਾ ਹੈ, ਜਿਸ ਕਾਰਨ ਉਹ ਆਪਣੇ ਪਿੰਡ ਤੋਂ ਚੌਕੀ ਨੂੰ ਵੀ ਜਿੰਦਰਾ ਲਾ ਕੇ ਇਥੋਂ ਪੁਲਸ ਚੌਂਕੀ ਚੁਕਾਉਣਗੇ। 

ਇਹ ਵੀ ਪੜ੍ਹੋ: ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

PunjabKesari

ਉਨ੍ਹਾਂ ਦੱਸਿਆ ਕਿ ਹੁਣ ਤਕ ਤਿੰਨ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਦੋ ਹੋਰ ਨੌਜਵਾਨ ਬੀਮਾਰ ਹਨ। ਧਰਨੇ ’ਚ ਪਿੰਡ ਦਾ ਹੀ ਨੌਜਵਾਨ ਪਹੁੰਚਿਆ, ਜਿਸ ਨੇ ਬੇਬਾਕ ਹੋ ਕੇ ਪੁਲਸ ਪ੍ਰਸ਼ਾਸਨ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਦੀ ਪੋਲ ਮੀਡੀਆ ਤੇ ਪੁਲਸ ਦੇ ਸਾਹਮਣੇ ਹੀ ਖੋਲ੍ਹੀ। ਧਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਲਾਗਲੇ ਪਿੰਡਾਂ ਦੇ ਲੋਕ ਵੀ ਵੱਡੀ ਗਿਣਤੀ ਵਿਚ ਧੁਲੇਤਾ ਚੌਕੀ ਦੇ ਸਾਹਮਣੇ ਪਹੁੰਚੇ। ਪੁਲਸ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਵੱਲੋਂ ਪਹਿਲਾਂ ਉਨ੍ਹਾਂ ਦੋਸ਼ੀਆਂ ’ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇ, ਉਸ ਤੋਂ ਬਾਅਦ ਹੀ ਪਿੰਡ ਵਾਸੀ ਇੱਥੋਂ ਜਾਣਗੇ। ਇਸ ਸਾਰੇ ਮਾਮਲੇ ਤੋਂ ਬਾਅਦ ਮੌਕੇ ’ਤੇ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ ਪਹੁੰਚੇ, ਜਿਨ੍ਹਾਂ ਨੇ ਵੀ ਧਰਨਾਕਾਰੀਆਂ ਨੂੰ ਮਨਾਉਣ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀ ਮੰਗ ’ਤੇ ਅੜੇ ਰਹੇ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਦੋ ਦਿਨ ਦਾ ਸਮਾਂ ਲੈ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਅਤੇ ਪਿੰਡ ’ਚ ਨਸ਼ਾ ਵਿਕਣਾ ਬੰਦ ਨਹੀਂ ਹੁੰਦਾ ਤਾਂ ਪਿੰਡ ਵਿਚੋਂ ਚੌਕੀ ਨੂੰ ਜਿੰਦਰਾ ਲਾ ਕੇ ਬੰਦ ਕਰਵਾਇਆ ਜਾਵੇਗਾ।

PunjabKesari

ਇਸ ਸਬੰਧੀ ਡੀ. ਐੱਸ. ਪੀ. ਹਰਲੀਨ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੰਦੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿਹੜੇ ਪੁਲਿਸ ਮੁਲਾਜ਼ਮਾਂ ਦੀ ਮਿਲੀਭੁਗਤ ਹੋਵੇਗੀ, ਉਨ੍ਹਾਂ ਖ਼ਿਲਾਫ਼ ਵੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੇਕਰ ਇਕ ਮਹੀਨੇ ਵਿਚ ਪਿੰਡ ਵਿਚੋਂ ਨਸ਼ਾ ਵਿਕਣਾ ਬੰਦ ਨਹੀਂ ਹੁੰਦਾ ਤਾਂ ਪਿੰਡ ਵਾਸੀਆਂ ਵੱਲੋਂ ਚੌਕੀ ਨੂੰ ਜਿੰਦਰਾ ਲਾ ਕੇ ਬੰਦ ਕਰਨ ਦੀ ਜੋ ਗੱਲ ਕਹੀ ਗਈ ਹੈ, ਉਸ ਬਾਰੇ ਕੀ ਕਹਿਣਾ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਨੌਬਤ ਪਿੰਡ ਵਾਸੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਹੀ ਦੋਸ਼ੀ ਜਲਦ ਤੋਂ ਜਲਦ ਕਾਬੂ ਕਰਕੇ ਸਲਾਖਾਂ ਪਿੱਛੇ ਕੀਤੇ ਜਾਣਗੇ ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਵੰਡਾਇਆ ਪਰਿਵਾਰ ਨਾਲ ਦੁੱਖ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News