ਮੰਗੇਤਰ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਮੁੰਡੇ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

2021-07-26T15:53:40.387

ਫ਼ਰੀਦਕੋਟ (ਰਾਜਨ) :  ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਵਿਆਹ ਕਰਵਾਉਣ ਤੋਂ ਨਾਂਹ ਕਰਨ ’ਤੇ ਸਦਮੇ ’ਚ ਆਏ ਪ੍ਰੇਮੀ ਵੱਲੋਂ ਸਥਾਨਕ ਪੁਲ ਤੋਂ ਸਰਹੰਦ ਨਹਿਰ ’ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ’ਤੇ ਥਾਣਾ ਸਿਟੀ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਕੁਆਟਰ ਨੰਬਰ 27, ਮਾਡਰਨ ਜੇਲ ਫ਼ਰੀਦਕੋਟ ਨੇ ਦੱਸਿਆ ਕਿ ਉਸਦੇ ਭਰਾ ਹਰਪ੍ਰੀਤ ਸਿੰਘ ਦੇ ਅੰਜਲੀ ਪੁੱਤਰੀ ਅਸ਼ਵਨੀ ਕੁਮਾਰ ਵਾਸੀ ਨੇੜੇ ਚੁੰਗੀ ਨੰਬਰ 7, ਫ਼ਿਰੋਜ਼ਪੁਰ ਛਾਉਣੀ ਨਾਲ ਪਿਛਲੇ 4 ਸਾਲਾਂ ਤੋਂ ਪ੍ਰੇਮ ਸਬੰਧ ਸਨ। ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਨ੍ਹਾਂ ਦਾ ਵਿਆਹ ਕਰਨ ਲਈ ਮੰਗਣੀ ਵੀ ਕਰ ਦਿੱਤੀ ਗਈ ਸੀ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਹਾਲ ਹੀ ’ਚ ਅੰਜਲੀ ਨੇ ਉਸਦੇ ਭਰਾ ਹਰਪ੍ਰੀਤ ਸਿੰਘ ਨਾਲ ਵਿਆਹ ਕਰਨ ਤੋਂ ਨਾਹ ਕਰ ਦਿੱਤੀ ਸੀ ਜਿਸ ਕਾਰਣ ਉਸਦਾ ਭਰਾ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਉਸਨੇ ਅੰਜਲੀ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਇਹ ਵੀ ਪੜ੍ਹੋ : ਦਾਜ ਦੀ ਮੰਗ ਤੋਂ ਪਰੇਸ਼ਾਨ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਇਨ੍ਹਾਂ ਬਿਆਨਾਂ ’ਤੇ ਥਾਣਾ ਸਿਟੀ ਵਿਖੇ ਅੰਜਲੀ ’ਤੇ ਅਧੀਨ ਧਾਰਾ 306 ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮੁਕੱਦਮੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਬੇਅੰਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਪਾਰਟੀ ਵੱਲੋਂ ਮ੍ਰਿਰਤਕ ਹਰਪ੍ਰੀਤ ਸਿੰਘ ਦੀ ਲਾਸ਼ ਨਹਿਰ ’ਚੋਂ ਬਰਾਮਦ ਕਰਕੇ ਪੋਸਟਮਾਰਟਮ ਕਰਵਾਉਣ ਉਪਰੰਤ  25 ਜੁਲਾਈ ਨੂੰ ਅੰਤਿਮ ਸੰਸਕਾਰ ਕਰਨ ਲਈ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਸੀ ਅਤੇ ਹੁਣ ਅਗਲੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਵ੍ਹਟਸਐਪ ਚੈਟ ਨੇ ਖੋਲ੍ਹੇ ਵੱਡੇ ਰਾਜ਼: ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਇਸ ਕੰਪਨੀ ’ਚ ਪਾਰਟਨਰ ਹੈ ਕੁੰਦਰਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor Anuradha