ਕੋਰੋਨਾ ਦਾ ਕਹਿਰ ਜਾਰੀ : ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ

4/7/2020 9:16:54 AM

ਲੁਧਿਆਣਾ (ਸਰਬਜੀਤ ਸਿੱਧੂ) - ਕੋਵਿਡ-19 ਦੇ ਵੱਧ ਰਹੇ ਕਹਿਰ ਦੇ ਕਾਰਨ ਦੁਨੀਆਂ ਭਰ ’ਚ ਲੱਗੇ ਕਰਫਿਊ ਨੇ ਬਾਕੀ ਪੰਜਾਬ ਦੇ ਕਿਸਾਨਾਂ ਨਾਲੋਂ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀ ਮੁਸ਼ਕਲ ਵੱਡੀ ਮਾਤਰਾ ’ਚ ਵਧਾ ਦਿੱਤੀਆਂ ਹਨ। ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲਿਆਂ ਦੇ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਤਾਰ ਤੋਂ ਪਾਰ ਹਨ। ਪਿਛਲੇ ਤਿੰਨ ਦਹਾਕਿਆਂ ਦੌਰਾਨ ਕਿਸਾਨ ਤਾਰ ਤੋਂ ਪਾਰ ਜਾ ਕੇ ਆਪਣੀ ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਉਗਾਉਂਦੇ ਹਨ। ਇਨ੍ਹਾਂ ਦਿਨਾਂ ਵਿਚ ਕਿਸਾਨ ਸਰ੍ਹੋਂ ਦੀ ਵਾਢੀ, ਕਮਾਦ ਦੀ ਬੀਜਾਈ ਅਤੇ ਪਛੇਤੀ ਕਣਕ ਉੱਤੇ ਸਪਰੇਅ, ਪਾਣੀ ਆਦਿ ਲਾਉਣ ਲਈ ਤਾਰ ਤੋਂ ਪਾਰ ਆਪਣੇ ਖੇਤਾਂ ਵਿਚ ਜਾਂਦੇ ਹਨ। ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਦੇ ਚਿੱਟੇ ਅਤੇ ਮਜ਼ਦੂਰਾਂ ਦੇ ਨੀਲੇ ਰੰਗ ਦੇ ਕਾਰਡ ਬਣੇ ਹਨ। ਕਿਸਾਨਾਂ ਨਾਲ ਇੱਕ ਬੀ.ਐੱਸ.ਐੱਫ. ਦਾ ਜਵਾਨ ਕਿਸਾਨ ਗਾਰਡ ਦੇ ਰੂਪ ਵਿਚ ਜਾਂਦਾ ਹੈ । 

ਕੋਵਿਡ 19 ਕਰ ਕੇ ਪੈਦਾ ਹੋਏ ਹਾਲਾਤ ਕਾਰਣ ਰਾਸ਼ਟਰੀ ਪੱਧਰ ਉੱਤੇ ਬਾਰਡਰ ਸੀਲ ਕੀਤੇ ਗਏ ਹਨ। ਇਸ ਦਾ ਅਸਰ ਇਨ੍ਹਾਂ ਪਿੰਡਾਂ ਵਿਚ ਵੀ ਦੇਖਣ ਨੂੰ ਮਿਲਿਆ ਹੈ। ਫ਼ਿਰੋਜ਼ਪੁਰ ਜ਼ਿਲੇ ਵਿਚ ਪੈਂਦੇ ਪਿੰਡ ਬਸਤੀ ਰਾਮ ਲਾਲ ਦੇ ਕਿਸਾਨਾਂ ਦਾ ਕਹਿਣਾ ਹੈ ਕਿ 22 ਮਾਰਚ ਨੂੰ ਤਾਰ ਤੋਂ ਪਾਰ ਜਾਣ ਵਾਲੇ ਗੇਟ ਬੰਦ ਕਰ ਦਿੱਤੇ ਗਏ ਸਨ ਜੋ ਕਿਸਾਨਾਂ ਲਈ ਅੱਜ ਤੱਕ ਨਹੀਂ ਖੁੱਲ੍ਹੇ। ਅੱਜ ਲਗਭਗ ਪੰਦਰਾਂ ਦਿਨ ਹੋ ਗਏ ਅਸੀਂ ਆਪਣੇ ਖੇਤਾਂ ਵਿਚ ਕੰਮ ਕਰਨ ਨਹੀਂ ਗਏ। ਕਿਸਾਨ ਇਸ ਗੱਲੋਂ ਦੁਖੀ ਹਨ ਕਿ ਉਨ੍ਹਾਂ ਨੇ ਕਣਕ ਨੂੰ ਪਾਣੀ, ਸਪਰੇਅ ਅਤੇ ਫਸਲ ਨੂੰ ਜੋ ਜੰਗਲੀ ਜਾਨਵਰ ਖ਼ਰਾਬ ਕਰਦੇ ਹਨ ਉਨ੍ਹਾਂ ਤੋਂ ਕਣਕ ਦੀ ਰਾਖੀ ਨਾ ਕਰ ਸਕਣ ਕਰ ਕੇ ਕਣਕ ਦੀ ਫ਼ਸਲ ਖ਼ਰਾਬ ਹੋ ਰਹੀ ਹੈ। ਜੇਕਰ ਗੇਟ ਖੁੱਲ੍ਹਦਾ ਵੀ ਹੈ ਤਾਂ ਕਿਸੇ ਵੀ ਕਿਸਾਨ ਨੂੰ ਤਾਰ ਤੋਂ ਪਾਰ ਨਹੀਂ ਜਾਣ ਦਿੱਤਾ ਜਾਂਦਾ। ਕਿਸਾਨਾਂ ਨੇ ਕਿਹਾ ਕਿ ਇਸ ਬਾਰੇ ਉਹ ਬੀ.ਐੱਸ.ਐੱਫ. ਦੇ ਸੀ. ਓ. ਨਾਲ ਵੀ ਗੱਲ ਕਰ ਚੁੱਕੇ ਹਨ। ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ।

ਇਸ ਬਾਰੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਜਨਰਲ ਸੈਕਟਰੀ ਰਤਨ ਸਿੰਘ ਰੰਧਾਵਾ ਨੇ ਕਿਸਾਨਾਂ ਦੀ ਖਰਾਬ ਹੋ ਰਹੀ ਫਸਲ ਲਈ ਅਫਸੋਸ ਜਤਾਇਆ ਅਤੇ ਕਿਹਾ ਕਿ ਕਿਸਾਨਾਂ ਨੂੰ ਤਾਰ ਤੋਂ ਪਾਰ ਜਾਣ ਲਈ ਗੇਟ ਨਾ ਖੋਲ੍ਹਣ ਦੇ ਸਬੰਧ ਵਿਚ ਉਹ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸਾਨਾਂ ਲਈ ਗੇਟ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਕਣਕ ਦੀ ਵਾਢੀ ਨਿਰਵਿਘਨ ਮੁਕੰਮਲ ਕੀਤੀ ਜਾ ਸਕੇ। ਡੀ. ਆਈ. ਜੀ. ਬੀ. ਐੱਸ. ਐੱਫ. ਫਿਰੋਜ਼ਪੁਰ ਦਾ ਕਹਿਣਾ ਹੈ ਕਿ ਕਰਫ਼ਿਊ ਤੋਂ ਬਾਅਦ ਸਿਰਫ ਦੋ ਦਿਨ ਲਈ ਤਾਰ ਤੋਂ ਪਾਰ ਜਾਣ ਲਈ ਗੇਟ ਬੰਦ ਕੀਤੇ ਸਨ ਪਰ ਹੁਣ ਕਿਸਾਨਾਂ ਦੀ ਸਹੂਲਤ ਲਈ ਗੇਟ ਖੁੱਲ੍ਹੇ ਹਨ।


rajwinder kaur

Edited By rajwinder kaur