1947 ਹਿਜਰਤਨਾਮਾ-11 : ਬੂਟਾ ਮੁਹੰਮਦ

Monday, May 18, 2020 - 04:28 PM (IST)

1947 ਹਿਜਰਤਨਾਮਾ-11 : ਬੂਟਾ ਮੁਹੰਮਦ

" ਮੈਂ ਬੂਟਾ ਮੁਹੰਮਦ ਵਲਦ ਚਿਰਾਗਦੀਨ/ਬੀਬੀ ਅਮਰੋ ਵਲਦ ਫਕੀਰੀਆ ਮੌਜਾ ਕੋਟਲਾ ਹੇਰਾਂ, ਤਹਿਸੀਲ ਸ਼ਾਹਕੋਟ, ਜ਼ਿਲਾ ਜਲੰਧਰ ਤੋਂ ਬੋਲ ਰਿਹੈਂ। ਮੇਰਾ ਜਨਮ ਅੰਮੀ ਦੇ ਦੱਸਣ ਮੁਤਾਬਕ 1940 ਦਾ ਵਾ। ਮੇਰਾ ਦਾਦਕਾ ਪਿੰਡ ਸ਼ਾਹਕੋਟ ਤਹਿਸੀਲ ਦਾ ਹੀ ਢੰਡੋਵਾਲ ਤੇ ਇਹ ਮੇਰਾ ਨਾਨਕਾ ਪਿੰਡ ਵਾ। ਮੇਰੀਆਂ ਦੋ ਭੈਣਾ ਸੀਬੋ ਅਤੇ ਕਰਮੀ ਮੈਥੋਂ 18 - 20 ਸਾਲ ਉਮਰ ਵਿਚ ਵੱਡੀਆਂ ਸਨ ਅਤੇ ਕਰਮਵਾਰ ਸੀਬੋ ਪਹਿਲਾਂ, ਇਹੋ ਨਾਲ ਦੇ ਪਿੰਡ ਪੰਧੇਰ ਵਿਆਹੀ ਹੋਈ ਸੀ। ਫਿਰ ਦੂਜੀ ਸ਼ਾਦੀ ਮੀਰ ਖਾਂ ਦੀ ਹਵੇਲੀ ਬਸਤੀਆਤ ਜਲੰਧਰ ਅਤੇ  ਦੂਜੀ ਭੈਣ ਕਰਮੀ ਸਾਡੇ ਨਜਦੀਕੀ ਪਿੰਡ ਆਧੀ ਵਿਖੇ ਰੌਲਿਆ ਤੋਂ ਪਹਿਲਾਂ ਹੀ ਵਿਆਹੀਆਂ ਹੋਈਆਂ ਸਨ। ਰੌਲਿਆਂ ਵਕਤ ਮੇਰੀ ਨਿਆਣੀ ਉਮਰ ਕੇਵਲ 7 ਕੁ ਸਾਲ ਹੀ ਸੀ। ਮੇਰੇ ਅੱਬਾ ਰੌਲਿਆਂ ਅਤੇ ਮੇਰੇ ਸੁਰਤ ਸੰਭਾਲਣ ਤੋਂ ਪਹਿਲੇ ਹੀ ਫੌਤ ਹੋ ਚੁੱਕੇ ਸਨ। ਅਸੀਂ ਮੁਸਲਮਾਨ ਮੋਚੀ ਹੁੰਦੇ ਆਂ। ਸਾਡੇ ਬਜ਼ੁਰਗ ਜੁੱਤੀਆਂ ਗੰਢਣ ਜਾਂ ਨਵੀਆਂ ਸਿਊਣ ਦੇ ਨਾਲ-ਨਾਲ ਮੱਝਾਂ ਦੀ ਖਰੀਦ ਵੇਚ ਦਾ ਵੀ ਕੰਮ ਕਰਦੇ ਸਨ। ਮੈਂ ਵੀ ਇਹੋ ਦੋਨੋਂ ਕੰਮ ਕੀਤੇ। ਜੁੱਤੀਆਂ ਗੰਢਣ ਦਾ ਕੰਮ ਮੈਂ ਗੁਆਂਢੀ ਪਿੰਡ ਕੁਲਾਰਾਂ ਦੇ ਆਦਿ ਧਰਮੀ ਭਰਾ ਦੌਲਤੀ ਅਤੇ ਸ਼ੈਂਕਰ ਤੋਂ ਸਿੱਖਿਆ।             
                                
ਇਸ ਪਿੰਡ ਵਿਚ ਹੋਰ ਮੁਸਲਮਾਨ ਘਰਾਂ ਵਿਚ ਜੁਲਾਹਾ ਪਰਿਵਾਰ ਜਿਨ੍ਹਾਂ ਵਿਚ ਪੰਜ ਭਰਾ ਕਰਮਵਾਰ ਜਵਾਲਾ, ਫੁੰਮਣ, ਗਨੀ, ਜਾਨਾ ਅਤੇ ਖੁਸ਼ੀਆ ਸਨ। ਇਨ੍ਹਾਂ ਦਾ ਬਾਪ ਦਾ ਨਾਮ ਰੁਲੀਆ ਅਤੇ ਮਾਂ ਦਾ ਨਾਮ ਸ਼ਾਇਰਾਂ ਸੀ। ਇਨ੍ਹਾਂ ਦੇ ਦੋ ਮੁੰਡੇ ਭੁੱਟੋ ਅਤੇ ਮੀਦਾ ਮੇਰੇ ਹਾਣੀ ਸਨ। ਇਕ ਹੋਰ ਫਕੀਰਾਂ ਦਾ ਪਰਿਵਾਰ, ਜਿਨ੍ਹਾਂ ਵਿਚ ਸਕੇ ਭਰਾ ਮਹਿਤਾਬ, ਨਿਆਜੀ, ਗਾਬੀ, ਮਲਿਆਰ, ਗੁਲਜਾਰ ਅਤੇ ਬਹਾਰ ਸਨ। ਇਨ੍ਹਾਂ ਦਾ ਬਾਪ ਵੀਰਦੀਨ ਅਤੇ ਮਾਤਾ ਐਸਾਂ ਸੀ। ਹੋਰ ਵੀ 1 - 2 ਘਰ ਮੁਸਲਮਾਨਾਂ ਦੇ ਸਨ ਪਰ ਹੁਣ ਨਾਮ ਯਾਦ ਨਹੀਂ ਰਹੇ। ਜਦ ਰੌਲੇ ਸਿਖਰ ’ਤੇ ਸਨ ਤਾਂ ਪਿੰਡ ਦੇ ਮੁਸਲਮਾਨਾਂ ਨੂੰ ਮਾਰਨ ਜਾਂ ਲੁੱਟਣ ਲਈ ਬਾਹਰੋਂ ਜਥਾ ਪਿਆ। ਅਫਸੋਸ ਕਿ ਉਸ ਜਥੇ ਵਿਚ ਗੁਆਂਢੀ ਪਿੰਡ ਬਲਕੋਨੇ ਤੋਂ ਮੇਰੇ ਚਾਚਾ ਦਾ ਸਾਲਾ ਵੀ ਸੀ। ਕਈ ਘਰਾਂ ਨੂੰ ਉਨ੍ਹਾਂ ਲੁੱਟ ਪੁੱਟ ਲਿਆ ਅਤੇ ਫਕੀਰ ਮੁਸਲਿਮਾ ਦੀ ਇਕ ਬੀਬੀ ਵੀ ਉਠਾ ਕੇ ਲੈ ਗਏ, ਜੋ ਕਿ ਬਾਅਦ ਵਿਚ ਮੁੜਵਾ ਲਈ ਗਈ ਸੀ ਪਰ ਜਾਨੋਂ ਕਿਸੇ ਤਾਈਂ ਨਾ ਮਾਰਿਆ। ਪਿੰਡ ਦੇ ਸਿੱਖਾਂ ਕਿਸੇ ਮੁਸਲਿਮ ਨੂੰ ਨਾ ਮਾਰਿਆ ਤੇ ਨਾ ਕਿਸੇ ਤਾਈਂ ਲੁੱਟਿਆ।

ਪਿੰਡ ਦੇ ਜੁਲਾਹੇ ਮੁਸਲਿਮਾਂ ਨੂੰ ਨਾਲ ਜੁੜਵੇਂ ਪਿੰਡ ਪੰਧੇਰ ਦਿਆਂ ਸਿੱਖਾਂ, ਜੋ ਖਾੜਕੂ ਬਿਰਤੀ ਵਾਲੇ ਅਤੇ ਉਨ੍ਹਾਂ ਦੇ ਲਿਹਾਜੀ ਸਨ, ਨੇ ਆਪਣੀ ਹਿਫਾਜ਼ਤ ਨਾਲ ਗੱਡਿਆਂ ਤੇ ਨਕੋਦਰ ਕੈਂਪ ਵਿਚ ਛੱਡ ਕੇ ਆਂਦਾ ਹੀ ਨਹੀਂ ਸਗੋਂ ਅਗਲੇ ਕਈ ਦਿਨਾਂ ਤੱਕ ਦਾਣਾ ਫੱਕਾ ਦੀ ਵੀ ਪੈਰਵੀ ਕੀਤੀ। ਫਕੀਰ ਮੁਸਲਿਮ ਪਰਿਵਾਰ ਇਥੋਂ ਉੱਠ ਕੇ ਗੁਆਂਢੀ ਪਿੰਡ ਸ਼ੇਖੂਪੁਰਾ ਵਿਚ ਆਪਣੇ ਰਿਸ਼ਤੇਦਾਰ ਪਾਸ ਚਲੇ ਗਏ ਅਤੇ ਉੱਥੋਂ ਹੀ ਟਰੱਕ ਵਿਚ ਸਵਾਰ ਹੋ ਕੇ ਕਾਫਲੇ ਨਾਲ ਗਏ। ਸਾਨੂੰ ਮਾਂ ਪੁੱਤ ਨੂੰ ਪਿੰਡ ਦੇ ਲਿਹਾਜੀ ਬਜ਼ੁਰਗ ਲੋਕਾਂ ਨੇ ਜਾਣ ਨਾ ਦਿੱਤਾ। ਉਨ੍ਹਾਂ ਸਾਡੀ ਹਰ ਤਰਾਂ ਦਾਣਾ ਫੱਕਾ ਅਤੇ ਪੱਠੇ ਦੱਥੇ ਨਾਲ ਵੀ ਮਦਦ ਕੀਤੀ। ਅਪਣਾ ਮਕਾਨ ਵੀ ਰਹਿਣ ਲਈ ਦਿੱਤਾ। ਮਦਦ ਕਰਨ ਵਾਲਿਆਂ ਵਿਚ ਉਜਾਗਰ ਸਿੰਘ, ਬੰਤਾ ਸਿੰਘ, ਲਛਮਣ ਸਿੰਘ, ਪ੍ਰੀਤਮ ਸਿੰਘ ਅਤੇ ਧਰਮ ਸਿੰਘ ਵਗੈਰਾ ਸ਼ਾਮਲ ਸਨ। ਰੌਲਿਆਂ ਵੇਲੇ ਹੋਰ ਸਾਡਾ ਸਾਰਾ ਕੁਨਬਾ ਪਾਕਿਸਤਾਨ ਲਈ ਹਿਜਰਤ ਕਰ ਗਿਆ। ਮੇਰੀ ਜਲੰਧਰ ਵਾਲੀ ਭੈਣ ਸੀਬੋ ਨੇ ਪਾਕਿਸਤਾਨ ਪਹੁੰਚ ਕੇ ਸਾਡੇ ਲਈ ਪੈਰਵੀ ਕੀਤੀ ਕਿ ਅਸੀਂ ਵੀ ਪਾਕਿਸਤਾਨ ਪਹੁੰਚ ਜਾਈਏ। ਇਧਰ ਪੁਲਸ ਵੀ ਸਾਨੂੰ ਲੈਣ ਲਈ ਆਈ ਪਰ ਨਾ ਤੇ ਪਿੰਡ ਦੇ ਲੋਕਾਂ ਜਾਣ ਦਿੱਤਾ ਨਾ ਹੀ ਮੇਰੀ ਮਾਂ ਮੰਨੀ। ਭੈਣ ਦੀਆਂ ਦੋ ਕੁ ਸਾਲ ਤੱਕ ਚਿੱਠੀਆਂ ਆਉਂਦੀਆਂ ਰਹੀਆਂ। ਪਰ ਮਾਂ ਨੇ ਹਾਂਮੀ ਨਾ ਭਰੀ। ਅਖੀਰ ਭੈਣ ਦੀ ਉਲਾਂਭਾ ਦਿੰਦੀ ਰੋਹ ਭਰੀ ਆਖਰੀ ਚਿੱਠੀ ਆਈ, "ਅਖੇ ਅਸੀਂ ਤੁਹਾਡੇ ਲਈ ਮਰ ਗਏ - ਤੁਸੀਂ ਸਾਡੇ ਲਈ ਮਰ ਗਏ "।      

PunjabKesari
                                 
ਗੁਆਂਢੀ ਪਿੰਡ ਕੁਲਾਰਾਂ ਦੀ ਵੀ ਇਕ ਬੜੀ ਦਰਦਨਾਕ ਕਹਾਣੀ ਵਾ। ਇਕ ਮੁਸਲਿਮ ਮੌਲਵੀ ਨੇ ਸਿੱਖ ਧਾੜਵੀਆਂ ਦੇ ਹਮਲੇ ਸਮੇਂ ਆਪਣੇ ਹੱਥੀਂ ਹੀ ਆਪਣੇ ਦੋ ਹੋਰ ਭਰਾਵਾਂ ਨਾਲ ਮਿਲ ਕੇ ਅਪਣੇ ਹੀ ਪਰਿਵਾਰ ਦੇ 20-25 ਜੀਆਂ ਨੂੰ ਵੱਡ ਕੇ ਖੁਦ ਵੀ ਖੂਹ ਵਿਚ ਛਾਲਾਂ ਮਾਰ ਦਿੱਤੀਆਂ। ਇਥੇ ਕੁਲਾਰਾਂ ਪਿੰਡ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਕ ਸਿੱਖ ਸਰਦਾਰ ਸੁੰਦਰ ਸਿੰਘ ਨੇ ਅਪਣੀ ਜਾਨ ਤੇ ਖੇਡ ਕੇ 8 -10 ਮੁਸਲਿਮ ਬੱਚਿਆਂ ਦੀ ਜਾਨ ਵੀ ਬਚਾਈ ਸੀ।

ਮੇਰੇ ਅੰਮਾ ਤਾਂ 1994 ਵਿਚ ਪੂਰੇ ਹੋ ਗਏ ਸਨ ਪਰ ਆਪਣੇ ਪੁੱਤ ਪੋਤਰਿਆਂ ਵਿਚ ਖੇਡ ਕੇ ਸਕੂਨ ਨਾਲ ਹੀ ਗਏ ਹਨ। ਅੱਲਾ ਦੀ ਮਿਹਰ ਹੈ ਕਿ ਹੁਣ ਮੈਂ ਪੁੱਤ ਪੋਤਿਆਂ ਵਿਚ ਖੇਡਦਾ ਹਾਂ। ਮੇਰੇ ਦੋ ਬੇਟੀਆਂ ਜੋ ਕਿ ਕ੍ਰਮਵਾਰ ਚੁੱਪ ਕੀਤੀ - ਮੋਗਾ ਅਤੇ ਸੰਗਲ ਸੋਹਲ - ਨਕੋਦਰ ਸ਼ਾਦੀ ਸ਼ੁਦਾ ਹਨ। ਮੈਂ ਇਸ ਵਕਤ ਆਪਣੇ ਪੁੱਤਰ ਇੰਦਰਪਾਲ (ਪੰਚਾਇਤ ਸੈਕਟਰੀ), ਇਕਬਾਲ (ਸਕਿਓਰਿਟੀ ਗਾਰਡ) ਅਤੇ ਨੇਕ ਬਖਤ ਪੋਤਿਆਂ ਨਾਲ ਜ਼ਿੰਦਗੀ ਦਾ ਪਿਛਲਾ ਪਹਿਰ ਹੰਢਾਅ ਰਿਹੈਂ। ਪਰ 47 ਦੀ ਪੀੜ ਹਾਲੇ ਭੁਲਾਇਆ ਵੀ ਨਹੀਂ ਭੁੱਲਦੀ। ਇਸ ਮੀਡੀਏ ਜ਼ਰੀਏ ਮੇਰਾ ਵਾਸਤਾ ਐ ਕਿ ਮੇਰੀਆਂ ਪੰਜਾਬ - ਪਾਕਿਸਤਾਨ ਰਹਿੰਦੀਆਂ ਭੈਣਾ ਸੀਬੋ ਅਤੇ ਕਰਮੀ ਨੂੰ ਮਿਲਾ ਦਿਓ, ਕੋਈ । ਜੇ ਜੀਵਤ ਨਾ ਹੋਣ ਤਾਂ ਧੀਆਂ ਪੁੱਤਰ ਹੋਣਗੇ, ਉਨ੍ਹਾਂ ਦੇ। ਮੇਰੇ ਪਾਸ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਐ। ਜੇ ਜਾਨ ਸੌਖੀ ਨਿੱਕਲ ਜਾਏ, ਮੇਰੀ  ਭੁੱਬ ਮਾਰ ਕੇ ਰੋ ਪੈਂਦਾ ਹੈ।

ਸਤਵੀਰ ਸਿੰਘ ਚਾਨੀਆਂ
 92569-73526


author

rajwinder kaur

Content Editor

Related News