ਵਿਦਿਅਕ ਸੈਸ਼ਨ ਦੇ 3 ਮਹੀਨੇ ਬਾਅਦ ਵੀ ਸਕੂਲਾਂ ''ਚ ਪਾਠ ਪੁਸਤਕਾਂ ਨਹੀਂ ਉਪਲਬਧ

Friday, Jul 07, 2017 - 06:50 AM (IST)

ਵਿਦਿਅਕ ਸੈਸ਼ਨ ਦੇ 3 ਮਹੀਨੇ ਬਾਅਦ ਵੀ ਸਕੂਲਾਂ ''ਚ ਪਾਠ ਪੁਸਤਕਾਂ ਨਹੀਂ ਉਪਲਬਧ

ਚੰਡੀਗੜ੍ਹ (ਭੁੱਲਰ) - ਵਿਦਿਅਕ ਸੈਸ਼ਨ ਦੇ 3 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਤੇ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਦੇ ਬਾਅਦ ਪੰਜਾਬ 'ਚ ਸਕੂਲ ਮੁੜ ਖੁੱਲ੍ਹ ਚੁੱਕੇ ਹਨ ਪਰ ਐੱਸ. ਸੀ. ਵਿਦਿਆਰਥੀਆਂ ਲਈ ਅਜੇ ਤਕ ਪਾਠ-ਪੁਸਤਕਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਇਸ ਕਾਰਨ ਲੱਖਾਂ ਵਿਦਿਆਰਥੀਆਂ ਦੇ ਭਵਿੱਖ 'ਤੇ ਅਸਰ ਪੈ ਰਿਹਾ ਹੈ। ਸੂਬਾ ਐੈੱਸ. ਸੀ. ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਲਾਵਾ ਕਲਿਆਣ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਸਬੰਧੀ ਤੱਥ ਰੱਖੇ ਹਨ।
ਕਮਿਸ਼ਨ ਨੇ ਐੱਸ. ਸੀ. ਵਿਦਿਆਰਥੀਆਂ ਲਈ ਪਾਠ ਪੁਸਤਕਾਂ ਦੀ ਕਮੀ ਦਾ ਸਖਤ ਨੋਟਿਸ ਲੈਂਦੇ ਹੋਏ ਅਧਿਕਾਰੀਆਂ ਨੂੰ ਫਟਕਾਰ ਲਾਉਂਦੇ ਹੋਏ 20 ਜੁਲਾਈ ਤਕ ਇਸ ਮਾਮਲੇ ਦੀ ਪੂਰੀ ਸਟੇਟਸ ਰਿਪੋਰਟ ਦੇਣ ਲਈ ਕਿਹਾ। ਕਮਿਸ਼ਨ ਦੇ ਚੇਅਰਮੈਨ ਬਾਘਾ ਨੇ ਬੈਠਕ ਦੇ ਬਾਅਦ ਦੱਸਿਆ ਕਿ ਇਸ ਹੱਦ ਤਕ ਇਸ ਮਾਮਲੇ 'ਚ ਸੰਬੰਧਤ ਵਿਭਾਗਾਂ ਵਲੋਂ ਲਾਪ੍ਰਵਾਹੀ ਵਰਤੀ ਜਾ ਰਹੀ ਹੈ ਕਿ ਅਜੇ ਤਕ ਕਿਤਾਬਾਂ ਛਾਪਣ ਲਈ ਕਾਗਜ਼ ਤਕ ਨਹੀਂ ਖਰੀਦਿਆ ਗਿਆ। ਇਸ ਸੰਬੰਧੀ ਬੈਠਕ 'ਚ ਅਧਿਕਾਰੀਆਂ ਨੇ ਸੰਬੰਧਤ ਵਿਭਾਗ ਵਲੋਂ ਫੰਡ ਜਾਰੀ ਨਾ ਹੋਣ ਦਾ ਰੋਣਾ ਰੋਇਆ।
ਮੀਟਿੰਗ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਜੀ. ਆਰ. ਮਹਿਰੋਕ ਨੇ ਦੱਸਿਆ ਕਿ ਅਕੈਡਮਿਕ ਸੈਸ਼ਨ 2017-2018 ਲਈ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਪਾਠ ਪੁਸਤਕਾਂ ਦੀ ਛਪਾਈ 'ਚ ਹੋ ਰਹੀ ਦੇਰੀ ਦਾ ਕਾਰਨ ਯੋਗ ਟੈਂਡਰਕਾਰ ਨਾ ਮਿਲਣ ਕਰ ਕੇ ਕਿਤਾਬਾਂ ਦੀ ਛਪਾਈ ਲਈ ਭਾਰਤ ਸਰਕਾਰ ਦੇ ਮਾਪਦੰਡ ਅਨੁਸਾਰ ਲੋੜੀਂਦੀ ਮਾਤਰਾ 'ਚ ਪੇਪਰ ਨਹੀਂ ਮਿਲ ਰਿਹਾ।
ਬੋਰਡ ਦੇ ਨੁਮਾਇੰਦੇ ਵਲੋਂ ਕਮਿਸ਼ਨ ਦੇ ਧਿਆਨ 'ਚ ਇਹ ਵੀ ਲਿਆਂਦਾ ਗਿਆ ਕਿ ਬੋਰਡ ਵਲੋਂ ਮਈ 2016 ਤੋਂ ਲੈ ਕੇ ਹੁਣ ਤਕ ਪੇਪਰ ਦੀ ਖਰੀਦ ਲਈ ਟੈਂਡਰ ਕੀਤਾ ਗਿਆ ਤੇ 31. 1. 2017 ਨੂੰ ਡੀ. ਜੀ. ਐੱਸ. ਐਂਡ ਡੀ. ਰੇਟ ਖਤਮ ਹੋਣ ਕਾਰਨ ਫਿਰ ਤਿੰਨ ਵਾਰ ਟੈਂਡਰ ਕਰਨ/ਕਰਵਾਉਣ ਦੀ ਤਰੀਕ 'ਚ ਵਾਧਾ ਕਰਨ 'ਤੇ ਵੀ ਕੇਵਲ ਇਕ ਹੀ ਟੈਂਡਰਕਾਰ ਵਲੋਂ 59642 ਰੁਪਏ ਪ੍ਰਤੀ ਮੀਟ੍ਰਿਕ ਟਨ ਐੈੱਫ. ਓ. ਆਰ. ਬੋਰਡ ਸਟੋਰ ਕਾਗਜ਼ ਦੇਣ ਲਈ ਸਹਿਮਤੀ ਦਿੱਤੀ ਗਈ ਹੈ।
ਮੀਟਿੰਗ ਦੌਰਾਨ ਬੋਰਡ ਦੇ ਅਧਿਕਾਰੀ ਨੇ ਕਮਿਸ਼ਨ ਨੂੰ ਦੱਸਿਆ ਕਿ ਭਲਾਈ ਵਿਭਾਗ ਵਲੋਂ ਬੋਰਡ ਦੀ ਪਿਛਲੀ ਦੇਣਦਾਰੀ ਅਜੇ ਤਕ ਬਕਾਇਆ ਪਈ ਹੈ ਤੇ ਉਨ੍ਹਾਂ ਇਹ ਅਦਾਇਗੀ ਕਰਨ ਲਈ ਮੰਗ ਕੀਤੀ ।  
ਬੈਠਕ ਮਗਰੋਂ ਬਾਘਾ ਨੇ ਮਾਮਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਨਾਲ ਲਗਦੇ ਗੁਆਂਢੀ ਰਾਜਾਂ 'ਚ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਪਾਠ ਪੁਸਤਕਾਂ ਦੀ ਸਪਲਾਈ ਹੋ ਚੁੱਕੀ ਹੈ ਪਰ ਪੰਜਾਬ 'ਚ ਅਜੇ ਤਕ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਦੀ ਸਪਲਾਈ ਨਹੀਂ ਹੋ ਸਕੀ।
ਬੈਠਕ 'ਚ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਪਰਸਨ ਰਾਜ ਸਿੰਘ, ਮੈਂਬਰ ਭਾਰਤੀ ਕੈਨੇਡੀ, ਬਾਬੂ ਸਿੰਘ ਪੰਜਾਵਾ, ਪ੍ਰਭਦਿਆਲ, ਦਰਸ਼ਨ ਸਿੰਘ, ਗਿਆਨ ਚੰਦ ਦੇ ਇਲਾਵਾ ਵਿਭਾਗਾਂ ਵਲੋਂ ਕਲਿਆਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਅੰਜਨਾ ਸੰਧੂ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ, ਸਕੂਲ ਸਿੱਖਿਆ ਵਿਭਾਗ ਵਲੋਂ ਨਲਿਨੀ ਸ਼ਰਮਾ ਮੌਜੂਦ ਸਨ।


Related News