ਅੰਮ੍ਰਿਤਸਰ 'ਚ ਕਈ ਥਾਵਾਂ ’ਤੇ ਚੱਲਣਗੇ ‘ਬੰਬ ਅਤੇ ਗੋਲੀਆਂ’, ਪੁਲਸ ਕਮਿਸ਼ਨਰ ਨੇ ਲੋਕਾਂ ਨੂੰ ਕੀਤਾ Alert

Thursday, Nov 03, 2022 - 12:09 AM (IST)

ਅੰਮ੍ਰਿਤਸਰ (ਅਕਸ਼ੇ) : ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਨੈਸ਼ਨਲ ਸਕਿਓਰਿਟੀ ਗਾਰਡ ਅਤੇ ਪੰਜਾਬ ਪੁਲਸ ਅੰਮ੍ਰਿਤਸਰ ਵੱਲੋਂ ਕਿਸੇ ਵੀ ਵੱਡੇ ਹਮਲੇ ਨਾਲ ਨਜਿੱਠਣ ਦੀ ਤਿਆਰੀ ਲਈ ਜੰਗੀ ਅਭਿਆਸ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਹੈਂਡ ਗ੍ਰਨੇਡ ਅਤੇ ਹੋਰ ਬੰਬ ਧਮਾਕਿਆਂ ਦੀ ਆਵਾਜ਼ ਅਤੇ ਪ੍ਰਭਾਵ ਦੀ ਵਰਤੋਂ ਅਭਿਆਸ ਲਈ ਕੀਤੀ ਜਾਵੇਗੀ। ਇਸ ਦੌਰਾਨ ਪੁਲਸ ਅਤੇ ਨੈਸ਼ਨਲ ਸਕਿਓਰਿਟੀ ਗਾਰਡ ਦੇ ਜਵਾਨਾਂ ਵੱਲੋਂ ਅਗਨੀ ਸ਼ਸਤਰਾਂ ਦੀ ਵਰਤੋਂ ਵੀ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਸ ਨੂੰ ਹਾਈਟੈੱਕ ਬਣਾਉਣ ਲਈ ਅਜਿਹੇ ਅਭਿਆਸਾਂ ਦੀ ਸਖ਼ਤ ਲੋੜ ਹੁੰਦੀ ਹੈ ਅਤੇ ਸਾਨੂੰ ਨੈਸ਼ਨਲ ਸਕਿਓਰਿਟੀ ਗਾਰਡ ਨੇ ਇਸ ਕੰਮ ਲਈ ਚੁਣਿਆ ਹੈ, ਜੋ ਕਿ ਚੰਗੀ ਗੱਲ ਹੈ। ਇਸ ਦੌਰਾਨ ਆਵਾਜਾਈ ਵੀ ਰੋਕੀ ਜਾਵੇਗੀ, ਮੀਡੀਆ ਦਾ ਦਖਲ ਵੀ ਰੋਕਿਆ ਜਾਵੇਗਾ ਅਤੇ ਮੈਡੀਕਲ ਸੇਵਾਵਾਂ ਲਈ ਐਂਬੂਲੈਂਸ ਦੀ ਵਰਤੋਂ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ‘ਆਪ’ ਨੇ ਮੀਡੀਆ ਇਸ਼ਤਿਹਾਰਾਂ ’ਤੇ ਜਨਤਾ ਦੇ ਪੈਸੇ ਦੀ ਬਰਬਾਦੀ ਲਈ ਕਾਂਗਰਸ ਨੂੰ ਘੇਰਿਆ

ਉਨ੍ਹਾਂ ਦੱਸਿਆ ਕਿ ਇਹ ਅਭਿਆਸ ਵੀਰਵਾਰ ਦੁਪਹਿਰ ਤੋਂ ਪਰਸੋਂ ਭਾਵ 4 ਨਵੰਬਰ ਤੱਕ ਚੱਲਣਗੇ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਇਸ ਲਈ ਰੇਲਵੇ ਸਟੇਸ਼ਨ, ਖੰਨਾ ਪੇਪਰ ਮਿੱਲ, ਸਰਕਾਰੀ ਮੈਡੀਕਲ ਕਾਲਜ, ਪੁਲਸ ਕਮਿਸ਼ਨਰ ਦਫ਼ਤਰ, ਡਿਪਟੀ ਕਮਿਸ਼ਨਰ ਦਫ਼ਤਰ, ਹਵਾਈ ਅੱਡਾ, ਅਦਾਲਤ ਕੰਪਲੈਕਸ, ਤਾਜ ਹੋਟਲ, ਟ੍ਰਿਲੀਅਮ ਮਾਲ ਆਦਿ ਥਾਵਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਸ ਨਾਲ ਜਿੱਥੇ ਸਾਨੂੰ ਅਜਿਹੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਾਕਤ ਮਿਲੇਗੀ, ਉਥੇ ਸਾਨੂੰ ਸਾਡੀਆਂ ਕਮੀਆਂ ਦਾ ਵੀ ਪਤਾ ਲੱਗੇਗਾ, ਜਿਸ ਨੂੰ ਦੂਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਇਨ੍ਹਾਂ ਚੀਜ਼ਾਂ 'ਤੇ 51,875 ਕਰੋੜ ਦੀ ਸਬਸਿਡੀ ਨੂੰ ਮਨਜ਼ੂਰੀ

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਆਵਾਜ਼ਾਂ ਤੋਂ ਡਰਨ ਨਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਣ ਕਿਉਂਕਿ ਇਹ ਸਿਰਫ ਪੁਲਸ ਦੇ ਅਭਿਆਸ ਲਈ ਕੀਤਾ ਜਾਵੇਗਾ। ਇਸ ਤਰ੍ਹਾਂ ਦੇ ਮਾਹੌਲ ਵਿੱਚ ਕੋਈ ਵੀ ਵਿਅਕਤੀ ਸਵੈ-ਰੱਖਿਆ ਲਈ ਆਪਣੇ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਜ਼ਰੂਰੀ ਸੇਵਾਵਾਂ, ਨਿੱਜੀ ਅਤੇ ਜਨਤਕ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਸ ਲਈ ਪੁਲਸ ਪ੍ਰਸ਼ਾਸਨ ਦਾ ਸਾਥ ਦੇਣ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਬਾਰੇ ਦੋਹਾਂ ਅਧਿਕਾਰੀਆਂ ਨੇ ਨੈਸ਼ਨਲ ਸਕਿਓਰਿਟੀ ਗਾਰਡ, ਪੁਲਸ ਅਤੇ ਸਿਵਲ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਵੀ ਕੀਤੀ।

ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼ ਦੇ ਨਵੇਂ ਹਵਾਈ ਅੱਡੇ ਦਾ ਨਾਂ 'ਡੋਨੀ ਪੋਲੋ', ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News