ਸ਼ੂਗਰ ਮਿੱਲ ਬਟਾਲਾ ’ਚ ਬੋਇਲਰ ਮਸ਼ੀਨ ਦਾ ਪਾਇਪ ਫੱਟਣ ਨਾਲ 4 ਮਜ਼ਦੂਰ ਜ਼ਖਮੀ
Monday, Jan 24, 2022 - 01:40 PM (IST)
ਬਟਾਲਾ (ਬੇਰੀ) : ਅੱਜ ਸਵੇਰੇ ਤੜਕਸਾਰ ਸ਼ੂਗਰ ਮਿੱਲ ਬਟਾਲਾ ਵਿਖੇ ਬੋਇਲਰ ਮਸ਼ੀਨ ਨੂੰ ਖੋਲ੍ਹਣ ਦੌਰਾਨ ਅਚਾਨਕ ਬੋਇਲਰ ਦਾ ਇਕ ਪਾਇਪ ਫੱਟਣ ਨਾਲ ਗਰਮ ਪਾਣੀ ਮਜ਼ਦੂਰਾਂ ’ਤੇ ਪੈਣ ਕਾਰਨ 4 ਮਜ਼ਦੂਰ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼ੂਗਰ ਮਿੱਲ ਬਟਾਲਾ ਦੇ ਵਰਕਸ਼ਾਪ ਫੋਰਮੈਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ 5 ਵਜੇ ਮਿੱਲ ਦੇ ਮਜ਼ਦੂਰ ਬੋਇਲਰ ਮਸ਼ੀਨ ਨੂੰ ਖੋਲ੍ਹ ਰਹੇ ਸਨ ਕਿ ਅਚਾਨਕ ਮਸ਼ੀਨ ਦਾ ਨੱਟ ਟੁੱਟ ਗਿਆ, ਜਿਸਦੇ ਚਲਦਿਆਂ ਉਕਤ ਮਸ਼ੀਨ ਦੀ ਪਾਇਪ ਫੱਟ ਗਈ ਅਤੇ ਉਸ ’ਚੋਂ ਨਿਕਲਿਆ ਗਰਮ ਪਾਣੀ ਮਸ਼ੀਨ ਠੀਕ ਕਰ ਰਹੇ ਮਜ਼ਦੂਰਾਂ ’ਤੇ ਪੈ ਗਿਆ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸ਼ੂਗਰ ਮਿੱਲ ਦੇ ਜੀ. ਐੱਮ. ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾਸਥਲ ਦਾ ਜਾਇਜ਼ਾ ਲਿਆ।
ਇਸ ਸੰਬੰਧੀ ਜਦੋਂ ਸ਼ੂਗਰ ਮਿੱਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਹਾਦਸੇ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪਾਇਪ ਫੱਟਣ ਨਾਲ 4 ਮਜ਼ਦੂਰ ਜ਼ਖਮੀ ਹੋਏ ਹਨ ਅਤੇ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਇਸ ਲਈ ਜ਼ਿੰਮੇਵਾਰ ਹੋਵੇਗਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਖਮੀ ਹੋਣ ਵਾਲੇ ਮਜ਼ਦੂਰਾਂ ਦੀ ਪਛਾਣ ਮੈਨੂਅਲ ਮਸੀਹ ਵਾਸੀ ਪਿੰਡ ਸ਼ੱਕਰੀ, ਸੁਖਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕੰਡਿਆਲ, ਸਲੋਰ ਮਸੀਹ ਪੁੱਤਰ ਸਦੀਕ ਮਸੀਹ ਵਾਸੀ ਬਹਾਦਰਪੁਰ, ਮੁਖਤਿਆਰ ਮਸੀਹ ਪੁੱਤਰ ਤਾਜਰ ਮਸੀਹ ਵਾਸੀ ਉਦੋਵਾਲ ਵਜੋਂ ਹੋਈ ਹੈ।