ਸਿਟੀ ਪੁਲਸ ਵਲੋਂ ਦੇਹ ਵਪਾਰ ਗਿਰੋਹ ਦੇ 5 ਮੈਂਬਰ ਗ੍ਰਿਫਤਾਰ, 2 ਲੜਕੀਆਂ ਫਰਾਰ

Tuesday, Apr 09, 2019 - 08:15 PM (IST)

ਸਿਟੀ ਪੁਲਸ ਵਲੋਂ ਦੇਹ ਵਪਾਰ ਗਿਰੋਹ ਦੇ 5 ਮੈਂਬਰ ਗ੍ਰਿਫਤਾਰ, 2 ਲੜਕੀਆਂ ਫਰਾਰ

ਹੁਸ਼ਿਆਰਪੁਰ,(ਅਮਰਿੰਦਰ) : ਥਾਣਾ ਸਿਟੀ ਦੀ ਪੁਲਸ ਨੇ ਦੇਹ ਵਪਾਰ ਦੀ ਆੜ 'ਚ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਮੰਗਲਵਾਰ ਥਾਣਾ ਸਿਟੀ ਵਲੋਂ ਉਕਤ ਗਿਰੋਹ 'ਚ ਸ਼ਾਮਲ 7 ਦੋਸ਼ੀਆਂ 'ਚੋਂ 2 ਮਹਿਲਾਵਾਂ ਸਮੇਤ ਕੁੱਲ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਵਲੋਂ ਇਹ ਕਾਰਵਾਈ ਥਾਣਾ ਸਿਟੀ ਅਧੀਨ ਆਉਂਦੇ ਇਕ ਮੁਹੱਲੇ ਦੇ ਰਹਿਣ ਵਾਲੇ ਸਰਕਾਰੀ ਸਕੂਲ 'ਚ ਤਾਇਨਾਤ ਅਧਿਆਪਕ ਨੂੰ ਅਸ਼ਲੀਲ ਤਸਵੀਰਾਂ ਦਾ ਡਰ ਦਿਖਾ ਕੇ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਕੀਤੀ ਹੈ।

ਗਿਰੋਹ ਦੀਆਂ 2 ਲੜਕੀਆਂ ਫਰਾਰ
ਥਾਣਾ ਸਿਟੀ 'ਚ ਐਸ. ਐਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਨੇ ਗਿਰੋਹ ਦੇ 5 ਦੋਸ਼ੀਆਂ ਰਮੇਸ਼ ਕੁਮਾਰ ਉਰਫ ਲੋਟਾ ਪੁੱਤਰ ਅਮਰਚੰਦ ਨਿਵਾਸੀ ਲੰਬੀ ਗਲੀ ਬਹਾਦੁਰਪੁਰ, ਗੁਰਜੀਤ ਕੁਮਾਰ ਪੁੱਤਰ ਤ੍ਰਿਪਾਲ ਨਿਵਾਸੀ ਰਾਮਨਗਰ, ਬਲਵਿੰਦਰ ਕੁਮਾਰ ਪੁੱਤਰ ਰੁਪਚੰਦ ਨਿਵਾਸੀ ਸੁੰਦਰ ਨਗਰ ਤੋਂ ਇਲਾਵਾ ਲਾਜਵੰਤੀ ਨਗਰ ਤੇ ਆਦਰਸ਼ ਨਗਰ ਪਿਪਲਾਂਵਾਲਾ ਦੀਆਂ 2 ਵਿਆਹੁਤਾ ਦੋਸ਼ੀ ਮਹਿਲਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਗਿਰੋਹ ਦੀਆਂ 2 ਲੜਕੀਆਂ ਫਰਾਰ ਹਨ, ਜਿਨਾਂ ਨੂੰ ਪੁਲਸ ਜਲਦ ਹੀ ਗ੍ਰਿਫਤਾਰ ਕਰ ਲਵੇਗੀ।

ਇੰਟਰਨੈਟ 'ਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ
ਐਸ. ਐਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ 'ਚ ਤਾਇਨਾਤ ਅਧਿਆਪਕ ਨੂੰ ਦੋਸ਼ੀ ਰਮੇਸ਼ ਕੁਮਾਰ ਵਲੋਂ ਝਾਂਸਾ ਦਿੱਤਾ ਗਿਆ ਸੀ ਕਿ ਉਹ 2000 ਰੁਪਏ ਦੇਣ ਤਾਂ ਉਨ੍ਹਾਂ ਕੋਲ ਲੜਕੀਆਂ ਭੇਜ ਦਿੱਤੀਆਂ ਜਾਣਗੀਆਂ। ਸੌਦਾ ਤੈਅ ਹੋਣ ਤੋਂ ਬਾਅਦ ਜਦ 2 ਲੜਕੀਆਂ ਕਮਰੇ 'ਚ ਆਈਆਂ। ਜਿਨ੍ਹਾਂ ਤੋਂ ਬਾਅਦ ਰਮੇਸ਼ ਤੇ ਉਸ ਦੇ 7 ਹੋਰ ਸਾਥੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਅਧਿਆਪਕ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਅਧਿਆਪਕ ਨੂੰ ਡਰਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਨੂੰ 5 ਲੱਖ ਰੁਪਏ ਦੇਵੇ ਨਹੀਂ ਤਾਂ ਉਸ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ।  

ਸੌਦਾ ਤੈਅ ਹੋਣ ਤੋਂ ਬਾਅਦ ਵੀ ਕੀਤਾ ਬਲੈਕਮੇਲ
ਐਸ. ਐਚ. ਓ. ਨੇ ਦੱਸਿਆ ਕਿ ਪੁਲਸ ਕੋਲ ਦਰਜ ਸ਼ਿਕਾਇਤ ਮੁਤਾਬਕ ਪੀੜਤ ਅਧਿਆਪਕ ਤੇ ਗਿਰੋਹ ਦੇ ਮੈਂਬਰਾਂ ਵਿਚਾਲੇ ਕਾਫੀ ਗੱਲ ਬਾਤ ਤੋਂ ਬਾਅਦ ਅੰਤ 'ਚ ਸੌਦਾ 1 ਲੱਖ ਰੁਪਏ 'ਚ ਤੈਅ ਹੋਇਆ। ਅਧਿਆਪਕ ਨੇ ਗਿਰੋਹ ਦੇ ਮੈਂਬਰਾਂ ਨੂੰ ਉਸੇ ਸਮੇਂ 5000 ਰੁਪਏ ਨਕਦ ਤੇ 95000 ਰੁਪਏ ਦਾ ਚੈਕ ਦੇ ਕੇ ਜਾਨ ਛੁਡਾਈ। ਇਸ ਦੇ ਬਾਵਜੂਦ ਗਿਰੋਹ ਦੇ ਮੈਂਬਰ ਅਧਿਆਪਕ ਨੂੰ ਫੋਨ 'ਤੇ ਧਮਕੀ ਦੇਣ ਲੱਗੇ ਕਿ ਉਹ ਬੈਂਕ 'ਚ ਜਾ ਕੇ ਪੈਸੇ ਨਹੀਂ ਕਢਵਾਉਣਗੇ। ਉਹ ਉਨ੍ਹਾਂ ਨੂੰ 95000 ਰੁਪਏ ਨਕਦ ਕੱਢਵਾ ਕੇ ਦੇਵੇ। ਬਲੈਕਮੇਲਰ ਤੋਂ ਪਰੇਸ਼ਾਨ ਹੋ ਕੇ ਅਖੀਰ ਅਧਿਆਪਕ ਨੇ ਆਪਣੀ ਸ਼ਿਕਾਇਤ ਸਿਟੀ ਪੁਲਸ ਨੂੰ ਦਰਜ ਕਰਵਾਈ।।

ਗਿਰੋਹ ਦੇ ਪੰਜ ਦੋਸ਼ੀ ਪਹੁੰਚੇ ਜੂਡੀਸ਼ੀਅਲ ਰਿਮਾਂਡ 'ਤੇ ਜੇਲ
ਸਰਕਾਰੀ ਸਕੂਲ ਦੇ ਪੀੜਤ ਅਧਿਆਪਕ ਦੀ ਸ਼ਿਕਾਇਤ 'ਤੇ ਪੁਲਸ ਨੇ ਉਕਤ ਗਿਰੋਹ 'ਚ ਸ਼ਾਮਲ ਕੁੱਲ 7 ਦੋਸ਼ੀਆਂ ਖਿਲਾਫ ਧਾਰਾ 389, 420 ਤੇ 120 ਬੀ ਅਧੀਨ ਕੇਸ ਦਰਜ ਕਰ ਮਾਮਲੇ ਦੀ ਜਾਂਚ ਏ. ਐਸ. ਆਈ. ਅਨਿਲ ਕੁਮਾਰ ਨੂੰ ਸੌਂਪ ਦਿੱਤੀ। ਪੁਲਸ 7 'ਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਥਾਣੇ ਲੈ ਗਈ। ਜਿਥੇ ਸਿਟੀ ਪੁਲਸ ਵਲੋਂ ਪੰਜ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਦੋਸ਼ੀਆਂ ਨੂੰ 14 ਦਿਨਾਂ ਲਈ ਜੂਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ ਭੇਜ ਦਿੱਤਾ ਗਿਆ ਹੈ।


Related News