ਦੇਹ ਵਪਾਰ ਦਾ ਅੱਡਾ ਬੇਨਕਾਬ, ਪਤੀ-ਪਤਨੀ ਸਮੇਤ 6 ਗ੍ਰਿਫਤਾਰ

01/29/2020 11:49:10 AM

ਲੁਧਿਆਣਾ (ਅਮਨ) : ਸ਼ਿਮਲਾਪੁਰੀ ਪੁਲਸ ਨੇ ਪ੍ਰੀਤ ਨਗਰ ਸ਼ਿਮਲਾਪੁਰੀ ਇਲਾਕੇ 'ਚ ਪਿਛਲੇ 2 ਸਾਲ ਤੋਂ ਇਕ ਘਰ 'ਚ ਇਕ ਆਂਟੀ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਨੂੰ ਬੇਨਕਾਬ ਕਰਕੇ ਸੰਚਾਲਕਾ ਅਤੇ ਉਸ ਦੇ ਪਤੀ ਸਮੇਤ 6 ਮਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਮਲਾਪੁਰੀ ਪੁਲਸ ਸਟੇਸ਼ਨ ਇੰਚਾਰਜ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਦੇ ਮਕਸਦ ਨਾਲ ਗਿੱਲ ਨਹਿਰ 'ਤੇ ਆਪਣੀ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ। ਉਦੋਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰੀਤ ਨਗਰ ਇਲਾਕੇ 'ਚ ਇਕ ਔਰਤ ਵੱਲੋਂ ਆਪਣੇ ਘਰ 'ਚ ਹੀ ਆਪਣੇ ਪਤੀ ਨਾਲ ਮਿਲ ਕੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਰੇਡ ਕਰਨ 'ਤੇ ਘਰੋਂ ਅੱਡੇ ਦੀ ਸੰਚਾਲਕਾ ਤੇ ਉਸ ਦੇ ਪਤੀ ਤੋਂ ਇਲਾਵਾ 3 ਔਰਤਾਂ ਅਤੇ ਇਕ ਗਾਹਕ ਦੇ ਰੂਪ 'ਚ ਲੜਕੇ ਨੂੰ ਦਬੋਚ ਲਿਆ।

ਜਾਣਕਾਰੀ ਅਨੁਸਾਰ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਇਹ ਪਤੀ-ਪਤਨੀ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਝਾਂਸੇ 'ਚ ਲੈ ਕੇ ਉਨ੍ਹਾਂ ਤੋਂ ਇਹ ਧੰਦਾ ਕਰਵਾਉਂਦੇ ਆ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਆਂਟੀ ਗਾਹਕਾਂ ਤੋਂ ਇਕ ਹਜ਼ਾਰ ਰੁਪਏ 'ਚ ਸੌਦਾ ਤੈਅ ਕਰਨ ਤੋਂ ਬਾਅਦ 500 ਰੁਪਏ ਖੁਦ ਰੱਖ ਲੈਂਦੀ ਸੀ ਅਤੇ 500 ਰੁਪਏ ਸਬੰਧਤ ਲੜਕੀ ਨੂੰ ਕੈਸ਼ ਅਦਾ ਕਰ ਦਿੰਦੀ ਸੀ। ਇਹ ਆਂਟੀ ਆਨ ਡਿਮਾਂਡ 'ਤੇ ਵੀ ਲੜਕੀਆਂ ਦੀ ਸਪਲਾਈ ਗਾਹਕਾਂ ਨੂੰ ਡਲਿਵਰ ਕਰਨ 'ਚ ਵੀ ਮਾਹਿਰ ਦੱਸੀ ਜਾਂਦੀ ਹੈ। ਇਥੇ ਇਹ ਦੱਸ ਦੇਈਏ ਕਿ ਪੁਲਸ ਦੀ ਗ੍ਰਿਫਤ 'ਚ ਸੰਚਾਲਕਾ ਸਮੇਤ ਆਈਆਂ ਤਿੰਨੇ ਲੜਕੀਆਂ ਸ਼ਾਦੀਸ਼ੁਦਾ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅੱਡਾ ਸੰਚਾਲਕਾ ਜੋਤੀ ਪਤਨੀ ਪ੍ਰਵੀਨ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ, ਪ੍ਰਵੀਨ (ਜੋਤੀ ਦਾ ਪਤੀ), ਅਜੈ ਪੁੱਤਰ ਧਰਮਪਾਲ ਨਿਊ ਅਗਰ ਨਗਰ, ਹਰਵਿੰਦਰ ਕੌਰ ਪਤਨੀ ਹਰਬੰਸ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ, ਗੀਤਾ ਰਾਣੀ ਪੁੱਤਰੀ ਰਾਮਚੰਦਰ ਵਾਸੀ ਢਿੱਲੋਂ ਕਾਲੋਨੀ, ਬਲਵੀਰ ਕੌਰ ਪਤਨੀ ਨਿਰਮਲ ਸਿੰਘ ਪ੍ਰੀਤ ਨਗਰ ਸ਼ਿਮਲਾਪੁਰੀ ਦੇ ਤੌਰ 'ਤੇ ਹੋਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਪਤੀ-ਪਤਨੀ ਨੇ ਆਪਣੇ ਘਰ ਦੀ ਪਹਿਲੀ ਮੰਜ਼ਿਲ 'ਤੇ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ, ਜਿਥੋਂ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਇਹ ਧੰਦਾ ਕਰਵਾ ਰਹੇ ਸਨ। ਪੁਲਸ ਨੇ ਇਨ੍ਹਾਂ ਨੂੰ ਦਬੋਚਣ ਲਈ ਫਰਜ਼ੀ ਗਾਹਕ ਭੇਜਿਆ ਅਤੇ ਰੰਗੇ ਹੱਥੀਂ ਦਬੋਚ ਲਿਆ। ਪੁਲਸ ਸਟੇਸ਼ਨ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਅਜੈ ਕੁਮਾਰ ਅਤੇ ਪ੍ਰਵੀਨ ਕੁਮਾਰ ਸਮੇਤ 6 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।


Gurminder Singh

Content Editor

Related News