ਖੂਨੀ ਬਣਨ ਲੱਗੀ ਮੋਰਿੰਡਾ-ਰੂਪਨਗਰ ਸਡ਼ਕ, ਲੋਕਾਂ ਵਿਚ ਭਾਰੀ ਰੋਸ
Friday, Jul 27, 2018 - 03:17 AM (IST)
ਮੋਰਿੰਡਾ, (ਅਰਨੌਲੀ)- ਖਸਤਾ ਹੋ ਚੁੱਕੀ ਮੋਰਿੰਡਾ-ਰੂਪਨਗਰ ਸਡ਼ਕ ’ਤੇ ਆਏ ਦਿਨ ਹੋ ਰਹੇ ਸਡ਼ਕ ਹਾਦਸਿਆਂ ਕਾਰਨ ਲੋਕਾਂ ਵਿਚ ਕੈਪਟਨ ਸਰਕਾਰ ਤੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਸ਼ਹਿਰ ਦੇ ਮੋਹਤਵਰ ਲੋਕਾਂ ਵੱਲੋਂ 6 ਅਗਸਤ ਨੂੰ ਰੋਸ ਧਰਨਾ ਲਾਉਣ ਦਾ ਐਲਾਨ ਵੀ ਕੀਤਾ ਹੈ। ਜੇਕਰ ਇਸ ਰੋਡ ਦੀ ਗੱਲ ਕਰੀਏ ਤਾਂ ਮੋਰਿੰਡਾ ਤੋਂ ਪਿੰਡ ਕਾਈਨੌਰ ਤੱਕ ਇਸ ਸਡ਼ਕ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਰੋਜ਼ਾਨਾ ਹੀ ਸਡ਼ਕ ਹਾਦਸਿਆਂ ਕਾਰਨ ਲੋਕ ਜ਼ਖਮੀ ਹੋ ਰਹੇ ਹਨ। ਬੀਤੀ ਰਾਤ ਪਿੰਡ ਕਾਈਨੌਰ ਨੇਡ਼ੇ ਪਿੰਡ ਰੋਲੇਮਾਜਰਾ ਦੇ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਸਡ਼ਕ ਵਿਚ ਪਏ ਵੱਡੇ ਟੋਏ ਕਾਰਨ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੌਜਵਾਨ ਆਗੂ ਰਾਜਵੀਰ ਸਿੰਘ ਕਲਸੀ, ਗੁਰੀ ਗੋਪਾਲਪੁਰ, ਦੀਪਕ ਸ਼ਰਮਾ, ਰਮਨਦੀਪ ਸਿੰਘ ਗੋਪਾਲਪੁਰ, ਮਨਜੀਤ ਸਿੰਘ ਕਾਈਨੌਰ ਤੇ ਸਤਨਾਮ ਸਿੰਘ ਗੋਪਾਲਪੁਰ ਨੇ ਮੋਰਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ। ਉਪਰੋਕਤ ਨੌਜਵਾਨਾਂ ਨੇ ਦੱਸਿਆ ਕਿ ਇਸ ਰੋਡ ਦੀ ਖਸਤਾ ਹਾਲਤ ਕਾਰਨ ਰੋਜ਼ਾਨਾ ਕੋਈ ਨਾ ਕੋਈ ਸਡ਼ਕ ਹਾਦਸਾ ਵਾਪਰਦਾ ਰਹਿੰਦਾ ਹੈ ਜਦਕਿ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਜ਼ਿਲਾ ਪ੍ਰੀਸ਼ਦ ਮੈਂਬਰ ਜਸਵੀਰ ਸਿੰਘ ਕਾਈਨੌਰ, ਮੇਜਰ ਸਿੰਘ ਕਾਈਨੌਰ, ਹਰਪਾਲ ਸਿੰਘ ਦਤਾਰਪੁਰ, ਜੋਗਿੰਦਰ ਸਿੰਘ ਬੰਗੀਆਂ ਤੇ ਮਨਜੀਤ ਕੌਰ ਧਾਲੀਵਾਲ ਚੇਅਰਮੈਨ ਬਲਾਕ ਸੰਮਤੀ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਪ੍ਰਸ਼ਾਸਨ ਤੋਂ ਆਪਣੇ ਖਰਚੇ ’ਤੇ ਸਡ਼ਕਾਂ ਬਣਾਉਣ ਦੀ ਇਜਾਜ਼ਤ ਮੰਗਦੇ ਸਨ ਪਰ ਹੁਣ ਆਪਣੀ ਸਰਕਾਰ ਵਿਚ ਕੈਬਨਿਟ ਮੰਤਰੀ ਹਨ, ਉਨ੍ਹਾਂ ਕੈਬਨਿਟ ਮੰਤਰੀ ਚੰਨੀ ਨੂੰ ਅਪੀਲ ਕੀਤੀ ਕਿ ਮੋਰਿੰਡਾ-ਰੂਪਨਗਰ ਰੋਡ ਦੀ ਖਸਤਾ ਹਾਲਤ ਨੂੰ ਵੇਖਦਿਆਂ ਸਡ਼ਕ ਨੂੰ ਬਣਾਇਆ ਜਾਵੇ।
