ਦੋ ਧਿਰਾਂ ’ਚ ਖੂਨੀ ਝੜਪ, ਚੱਲੇ ਇੱਟਾਂ ਰੋੜੇ, ਕਈ ਜ਼ਖ਼ਮੀ

Wednesday, Aug 24, 2022 - 06:06 PM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਪਿੰਡ ਨਾਥਪੁਰ ’ਚ ਦੋ ਧਿਰਾਂ ਦੇ ਵਿਚਕਾਰ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਪੀੜਤ ਇਕ ਧਿਰ ਦੇ ਅੰਮ੍ਰਿਤਧਾਰੀ ਸਿੰਘ ਬਾਬਾ ਲਾਲੂ ਨਿਹੰਗ ਅਤੇ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਦੂਸਰੀ ਧਿਰ ਦੇ ਲੋਕ ਪਿੰਡ ਵਿਚ ਨਸ਼ਾ ਵੇਚਦੇ ਹਨ ਅਤੇ ਬਾਬਾ ਲਾਲੂ ਨਿਹੰਗ ਵਲੋਂ ਲਗਾਤਾਰ ਇਨ੍ਹਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ ਜਾਂਦਾ ਸੀ, ਜਿਸ ਸਬੰਧੀ ਕਈ ਵਾਰ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਸਭ ਤੋਂ ਦੂਸਰੀ ਧਿਰ ਨਾਰਾਜ਼ ਰਹਿੰਦੀ ਸੀ ਅਤੇ ਉਸੇ ਰੰਜਿਸ਼ ਤਹਿਤ ਦੂਸਰੀ ਧਿਰ ਨੇ ਬਾਬਾ ਲਾਲੂ ਨਿਹੰਗ ਅਤੇ ਉਸਦੇ ਪਰਿਵਾਰ ਨਾਲ ਝਗੜਦੇ ਹੋਏ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਦਿਆਂ ਨਿਹੰਗੀ ਬਾਣੇ ਦੀ ਬੇਅਦਬੀ ਕੀਤੀ ਅਤੇ ਉਸਦੀ ਪਤਨੀ ਨਾਲ ਮਾਰਕੁਟਾਈ ਵੀ ਕੀਤੀ।ਇਸ ਝਗੜੇ ਦੌਰਾਨ ਇੱਟਾਂ ਰੋੜੇ ਵੀ ਚਲਾਏ ਗਏ, ਉਥੇ ਨਾਲ ਹੀ ਨਿਹੰਗ ਆਗੂ ਅਤੇ ਪੀੜਤ ਬਾਬਾ ਲਾਲੂ ਨਿਹੰਗ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਬੰਧਤ ਵਿਅਕਤੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਦੂਸਰੇ ਪਾਸੇ ਦੂਸਰੀ ਧਿਰ ਨਾਲ ਸਬੰਧਤ ਲੋਕਾਂ ਦਾ ਕਹਿਣਾ ਸੀ ਕਿ ਬਾਬਾ ਲਾਲੂ ਨਿਹੰਗ ਅਤੇ ਪਿੰਡ ਦੇ ਹੀ ਰਹਿਣ ਵਾਲੇ ਪੀੜਤ ਰਾਜੂ ਮਿਸਤਰੀ ਦੇ ਵਿਚਕਾਰ ਝਗੜਾ ਹੋ ਗਿਆ। ਇਸੇ ਦੌਰਾਨ ਬਾਬਾ ਲਾਲੂ ਨਿਹੰਗ ਨੇ ਆਪਣੀ ਕਿਰਚ ਨਾਲ ਉਸਦੇ ਸਿਰ ਵਿਚ ਵਾਰ ਕਰਦੇ ਹੋਏ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਘਰਾਂ ’ਤੇ ਇੱਟਾਂ ਰੋੜੇ ਵੀ ਚਲਾਏ, ਉਥੇ ਹੀ ਦੂਸਰੀ ਧਿਰ ਵਲੋਂ ਨਸ਼ਾ ਵੇਚਣ ਨੂੰ ਨਕਾਰਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਉਥੇ ਹੀ ਝਗੜੇ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਝਗੜੇ ਦੋ ਧਿਰਾਂ ਦਰਮਿਆਨ ਹੋਇਆ, ਜਿਸ ਦੌਰਾਨ ਇੱਟਾਂ ਰੋੜੇ ਵੀ ਚਲਾਏ ਗਏ ਅਤੇ ਦੋਵਾਂ ਧਿਰਾਂ ਦੇ ਕੁਝ ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਅੱਗੇ ਬਿਆਨ ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ. ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਨੂੰਨ ਮੁਤਾਬਿਕ ਸਖਤ ਐਕਸ਼ਨ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਹੋਰ ਵਧੇਰੇ ਪੁਸ਼ਟੀ ਕਰਨ ਲਈ ਜਦੋਂ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਰਾਜ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਸੰਪਰਕ ਕਰਨ ’ਤੇ ਵੀ ਉਨ੍ਹਾਂ ਦਾ ਫੋਨ ਸਵਿਚ ਬੰਦ ਆ ਰਿਹਾ ਸੀ।


Gurminder Singh

Content Editor

Related News