ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ

Tuesday, Sep 03, 2019 - 05:47 PM (IST)

ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਹੋਈ ਮੁਲਤਵੀ

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਉਸ ਸਮੇਂ ਅੱਧ-ਵਿਚਾਲੇ ਲਟਕ ਗਈ ਜਦੋਂ ਕੋਰਮ ਪੂਰਾ ਨਾ ਹੋਣ ਦੀ ਦਲੀਲ ਦੇ ਕੇ ਚੋਣ ਅਧਿਕਾਰੀ ਐੱਸ. ਡੀ. ਐੱਮ. ਮਲੋਟ ਗੋਪਾਲ ਸਿੰਘ ਨੇ ਚੋਣ ਨੂੰ ਮੁਲਤਵੀ ਕਰ ਦਿੱਤਾ। ਪਿਛਲੇ ਸਾਲ 18 ਸਤੰਬਰ 2018 ਨੂੰ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਸਨ ਪਰ ਉਸ ਮਗਰੋਂ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਟਕਦੀ ਆ ਰਹੀ ਹੈ। ਬਲਾਕ ਸੰਮਤੀ 'ਚ ਵਿਰੋਧੀ ਧਿਰ ਅਕਾਲੀ ਦਲ ਅਤੇ ਭਾਜਪਾ ਕੋਲ ਬਹੁਮਤ ਹੈ, ਜਦਕਿ ਸੱਤਾਧਾਰੀ ਪਾਰਟੀ ਕਾਂਗਰਸ ਕੋਲ ਘੱਟ ਮੈਂਬਰ ਹਨ, ਜਿਸ ਕਾਰਨ ਇਹ ਚੋਣ ਸਿਰੇ ਨਹੀਂ ਚੜ੍ਹ ਰਹੀ। ਇਸ ਚੋਣ ਨੂੰ ਲੈ ਕੇ ਸਥਾਨਕ ਬੀ. ਡੀ. ਪੀ. ਓ. ਦਫਤਰ ਮਲੋਟ ਵਿਖੇ ਚੋਣ ਮੀਟਿੰਗ ਰੱਖੀ ਗਈ ਸੀ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਨਾਲ ਸਬੰਧਤ 14 ਮੈਂਬਰ ਅਤੇ ਕਾਂਗਰਸ ਪਾਰਟੀ ਦੇ 8 ਮੈਂਬਰਾਂ ਨੇ ਸਰਬਸੰਮਤੀ ਨਾਲ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰਨੀ ਸੀ। ਚੋਣ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾ ਪੁੱਜਣ ਕਾਰਣ ਚੋਣ ਮੁਲਤਵੀ ਕਰ ਦਿੱਤੀ।

ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਮੈਂਬਰ ਨਾ ਭੇਜ ਕੇ ਲੋਕਤੰਤਰ ਦਾ ਘਾਣ ਕੀਤਾ ਹੈ। ਕਾਂਗਰਸ ਨੂੰ ਆਪਣੀ ਸਪੱਸ਼ਟ ਹਾਰ ਦਿਖਾਈ ਦੇ ਰਹੀ ਸੀ, ਜਿਸ ਕਰ ਕੇ ਉਨ੍ਹਾਂ ਨੇ ਚੋਣਾਂ ਨੂੰ ਮੁਲਤਵੀ ਕਰਵਾਇਆ ਹੈ। ਇਸ ਸਬੰਧੀ ਬੀ. ਡੀ. ਪੀ. ਓ. ਮਲੋਟ ਜਸਵੰਤ ਸਿੰਘ ਨੇ ਕਿਹਾ ਕਿ ਚੋਣ ਦੌਰਾਨ ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ਕਾਰਣ ਚੋਣ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਚੋਣ ਦੀਆਂ ਅਗਲੀਆਂ ਤਾਰੀਖਾਂ ਦਾ ਛੇਤੀ ਹੀ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਨਿੱਪੀ ਔਲਖ, ਲੱਕੀ ਉੜਾਂਗ, ਅਸ਼ਵਨੀ ਗੋਇਲ, ਜੱਸਾ ਸੇਖੋਂ ਆਦਿ ਹਾਜ਼ਰ ਸਨ।


author

rajwinder kaur

Content Editor

Related News