ਵੱਡੀ ਖ਼ਬਰ : ਪੰਜਾਬ ''ਚ ''ਬਲੈਕ ਆਊਟ'', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ ''ਬਿਜਲੀ ਕੱਟ''

Thursday, Jul 01, 2021 - 10:35 AM (IST)

ਵੱਡੀ ਖ਼ਬਰ : ਪੰਜਾਬ ''ਚ ''ਬਲੈਕ ਆਊਟ'', 9 ਸਾਲ ਬਾਅਦ ਲੱਗੇ ਅਣ-ਐਲਾਨੇ ਅਮਰਜੈਂਸੀ ''ਬਿਜਲੀ ਕੱਟ''

ਪਟਿਆਲਾ (ਮਨਦੀਪ ਜੋਸਨ) : ਕੜਾਕੇ ਦੀ ਗਰਮੀ ਤੇ ਪੈਡੀ ਸੀਜ਼ਨ ਨੇ ਪਾਵਰਕਾਮ ਦੇ ਵੱਟ ਕੱਢ ਦਿੱਤੇ ਹਨ ਅਤੇ ਇਸ ਸਮੇਂ ਪਾਵਰਕਾਮ ਬੁਰੀ ਤਰ੍ਹਾਂ ਹਾਲੋ-ਬੇਹਾਲ ਹੋ ਗਿਆ ਹੈ। 9 ਸਾਲ ਬਾਅਦ ਹਾਲਾਤ ਇਹ ਹਨ ਕਿ ਸੂਬੇ ’ਚ 250 ਲੱਖ ਯੂਨਿਟ ਬਿਜਲੀ ਦੀ ਘਾਟ ਪੈਦਾ ਹੋ ਗਈ, ਜਿਸ ਕਾਰਨ ਪੰਜਾਬ ’ਚ ਅਮਰਜੈਂਸੀ ਅਣ-ਐਲਾਨੇ ਕੱਟ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪਾਵਰਕਾਮ ਨੇ ਸਮੁੱਚੇ ਪੰਜਾਬ ’ਚ ਅੰਦਰ ਖਾਤੇ ਲੋਡ ਵੱਧਦੇ ਹੀ ਬਿਜਲੀ ਕੱਟ ਲਗਾਉਣ ਦੇ ਹੁਕਮ ਦੇ ਦਿੱਤੇ ਹਨ। ਸੂਬੇ ’ਚ ਨਾ ਲੋਕਾਂ ਨੂੰ ਬਿਜਲੀ ਪੂਰੀ ਮਿਲ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ। ਉਧਰੋਂ ਕਿਸਾਨ ਧਰਨੇ, ਮੁਜ਼ਾਹਰੇ ਲਗਾ ਰਹੇ ਹਨ ਕਿ ਉਨ੍ਹਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਵੇ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਕਾਰਨ ਮਸਾਂ ਹੀ 5-6 ਘੰਟੇ ਬਿਜਲੀ ਮਿਲ ਪਾ ਰਹੀ ਹੈ, ਜਿਸ ਕਾਰਨ ਸੂਬੇ ’ਚ ਪੂਰੀ ਤਰ੍ਹਾਂ ਉਥਲ-ਪੁਥਲ ਹੋ ਗਿਆ ਹੈ। ਇਸ ਸਮੇਂ ਤਲਵੰਡੀ ਸਾਬੋ ਦਾ ਪੂਰਾ ਹੀ ਯੂਨਿਟ ਜੋ ਕਿ ਸਾਢੇ 600 ਮੈਗਾਵਾਟ ਦਾ ਹੈ, ਮਾਰਚ ਤੋਂ ਹੀ ਬੰਦ ਪਿਆ ਹੈ ਅਤੇ ਰੋਪੜ ਦਾ ਯੂਨਿਟ ਵੀ ਅੱਜ ਤੱਕ ਨਹੀਂ ਚੱਲ ਸਕਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਰਾਹੁਲ ਨੇ 'ਸਿੱਧੂ' ਨੂੰ ਦਿੱਤਾ ਇਹ ਫ਼ਾਰਮੂਲਾ
ਪਾਵਰਕਾਮ ਨੇ ਪੈਡੀ ਅਤੇ ਗਰਮੀ ਦੇ ਸੀਜ਼ਨ ਦੀ ਨਹੀਂ ਕੀਤੀ ਤਿਆਰੀ?
ਪਾਵਰਕਾਮ ਨੂੰ ਪਿਛਲੇ ਕਈ ਮਹੀਨਿਆਂ ਤੋਂ ਰੈਗੂਲਰ ਚੇਅਰਮੈਨ ਨਹੀਂ ਮਿਲ ਸਕਿਆ ਹੈ। ਇੱਥੇ ਪਾਵਰਕਾਮ ਦਾ ਚਾਰਜ ਇਕ ਸੀਨੀਅਰ ਆਈ. ਏ. ਐੱਸ. ਅਫ਼ਸਰ ਨੂੰ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ ਤੇ ਇਹ ਅਧਿਕਾਰੀ ਹਫ਼ਤੇ ’ਚ ਵੀ ਇਕ ਵਾਰ ਹੀ ਮਸਾ ਪਾਵਰਕਾਮ ਦੇ ਦਫ਼ਤਰ ’ਚ ਬੈਠਦਾ ਹੈ, ਜਦੋਂ ਕਿ ਗਰਮੀ ਦੇ ਸੀਜ਼ਨ ’ਚ ਇੱਥੇ ਰੈਗੂਲਰ ਚੇਅਰਮੈਨ ਦੀ ਲੋੜ ਹੈ। ਹਾਲਾਂਕਿ ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਅਤੇ ਹੋਰ ਡਾਇਰੈਕਟਰ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਪਰ ਬਹੁਤ ਸਾਰੇ ਫ਼ੈਸਲੇ ਚੇਅਰਮੈਨ ਕਮ ਸੀ. ਐੱਮ. ਡੀ. ਨੇ ਲੈਣੇ ਹੁੰਦੇ ਹਨ, ਜਿਸ ਕਾਰਨ ਗਰਮੀ ਦੇ ਸੀਜ਼ਨ ਦੀ ਤਿਆਰੀ ਹੀ ਨਹੀਂ ਹੋ ਸਕੀ ਅਤੇ ਸਹੀ ਢੰਗ ਨਾਲ ਬਿਜਲੀ ਦਾ ਇੰਤਜ਼ਾਮ ਨਹੀਂ ਹੋ ਸਕਿਆ, ਜਿਸ ਕਾਰਨ ਸੂਬੇ ਦੇ ਹਾਲਾਤ ਹਾਲੋ-ਬੇਹਾਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਖ਼ੁਸ਼ਖ਼ਬਰੀ, ਦੁੱਧ ਦੇ ਖ਼ਰੀਦ ਭਾਅ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ
ਸਿਰਫ਼ ਇੰਦਰ ਦੇਵਤਾ ਹੀ ਹੁਣ ਪਾਵਰਕਾਮ ਦਾ ਇਕ ਮਾਤਰ ਸਹਾਰਾ
ਪਾਵਰਕਾਮ ਨੂੰ ਇਸ ਸਮੇਂ ਬਾਹਰੋਂ ਵੀ ਫ਼ਾਲਤੂ ਬਿਜਲੀ ਨਹੀਂ ਮਿਲ ਰਹੀ ਕਿਉਂਕਿ ਚਾਰੇ ਪਾਸੇ ਗਰਮੀ ਦਾ ਮਾਹੌਲ ਹੈ। ਇਸ ਸਮੇਂ ਪਾਵਰਕਾਮ ਦਾ ਸਹਾਰਾ ਸਿਰਫ਼ ਤੇ ਸਿਰਫ਼ ਇੰਦਰ ਦੇਵਤਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਪੰਜਾਬ ਵਿਚ ਮੀਂਹ ਨਾ ਪਿਆ ਤਾਂ ਸ਼ਹਿਰਾਂ ’ਚ ਵੀ ਬਿਜਲੀ ਦੇ ਕੱਟ 8 ਘੰਟੇ ਤੱਕ ਪੁੱਜ ਸਕਦੇ ਹਨ। ਇਸ ਲਈ ਸੂਬੇ ਦੇ ਲੋਕਾਂ ਨੂੰ ਵੱਡੇ ਕੱਟਾਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਅੱਗ ਵਰ੍ਹਾਉਂਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਵਿਸ਼ੇਸ਼ ਬੁਲੇਟਿਨ ਜਾਰੀ
ਭਾਖੜਾ ਡੈਮ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 57 ਫੁੱਟ ਹੇਠਾਂ ਆਇਆ
ਭਾਖੜਾ ਡੈਮ ’ਚ ਪਿਛਲੇ ਸਾਲ ਅੱਜ ਦੇ ਦਿਨ ਪਾਣੀ ਦਾ ਲੈਵਲ 1581.50 ਫੁੱਟ ਸੀ, ਜਦੋਂ ਕਿ ਇਸ ਸਾਲ ਡੈਮ ’ਚ ਪਾਣੀ ਦਾ ਲੈਵਲ 1524.60 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਭਾਖੜਾ ਡੈਮ ਪੰਜਾਬ ਦੀ ਬਿਜਲੀ ਦਾ ਵੱਡਾ ਸਰੋਤ ਹੈ। ਪਾਣੀ ਦਾ ਲੈਵਲ ਘੱਟਣ ਕਾਰਨ ਉੱਥੇ ਬਿਜਲੀ ਦਾ ਉਤਪਾਦਨ ਵੀ ਘੱਟ ਹੋ ਰਿਹਾ ਹੈ, ਜਿਸ ਕਾਰਨ ਚੇਅਰਮੈਨ ਪਾਵਰਕਾਮ ਭਾਖੜਾ ਡੈਮ ਦੇ ਦੁਆਰ ਜਾ ਪੁੱਜੇ ਹਨ। ਇਸ ਸਮੇਂ ਪਾਵਰਕਾਮ ਨੂੰ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਵੱਲੋਂ 194 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News