11 ਘੰਟੇ ਬਲੈਕਆਊਟ ਨਾਲ ਬਿਜਲੀ-ਪਾਣੀ ਲਈ ਮਚੀ ਹਾਹਾਕਾਰ, ਕੰਮਕਾਜ ਪ੍ਰਭਾਵਿਤ

07/06/2023 6:40:08 PM

ਜਲੰਧਰ (ਪੁਨੀਤ) : ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਪਾਵਰਕਾਮ ਦੇ ਸਿਸਟਮ ਨੂੰ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਕੇ ਰੱਖ ਦਿੱਤਾ, ਜਿਸ ਨਾਲ ਨਾਰਥ ਜ਼ੋਨ ਅਧੀਨ ਬਿਜਲੀ ਖਰਾਬੀ ਦੀਆਂ 10,000 ਤੋਂ ਜ਼ਿਆਦਾ ਸ਼ਿਕਾਇਤਾਂ ਪ੍ਰਾਪਤ ਹੋਈਆਂ। ਸਰਕਲ ਅਧੀਨ ਵੱਖ-ਵੱਖ ਇਲਾਕਿਆਂ ਵਿਚ 11 ਘੰਟਿਆਂ ਦੇ ਬਲੈਕਆਊਟ ਕਾਰਨ ਪੀਣ ਵਾਲੇ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਰਹੀ। ਇਸ ਨਾਲ ਲੋਕਾਂ ਦੇ ਰੁਟੀਨ ਕੰਮਕਾਜ ਪ੍ਰਭਾਵਿਤ ਹੋਏ। ਪਹਿਲੀ ਬਾਰਿਸ਼ ਨੇ ਕਰਮਚਾਰੀਆਂ ਦੀ ਸ਼ਾਰਟੇਜ ਕਾਰਨ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਖੁੱਲ੍ਹ ਕੇ ਉਜਾਗਰ ਕਰ ਦਿੱਤਾ। ਸਰਕਲ ਦੇ 67 ਤੋਂ ਜ਼ਿਆਦਾ ਫੀਡਰਾਂ ਵਿਚ ਖਰਾਬੀ ਆਉਣ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਘੰਟਿਆਂ ਤੱਕ ਬੰਦ ਰਹੀ, ਜਿਸ ਕਾਰਨ ਬਿਜਲੀ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਵਿਚ ਬਿਜਲੀ ਖਰਾਬੀ ਨੇ ਲੋਕਾਂ ਦਾ ਹਾਲ-ਬੇਹਾਲ ਕਰ ਦਿੱਤਾ। ਬਿਜਲੀ ਖਰਾਬੀ ਨਾਲ ਸਰਕਲ ਦੀਆਂ ਸਾਰੀਆਂ ਸਬ-ਡਵੀਜ਼ਨਾਂ ਪ੍ਰਭਾਵਿਤ ਹੋਈਆਂ। ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ, ਜਿਥੇ ਬੱਤੀ ਬੰਦ ਨਾ ਹੋਈ ਹੋਵੇ। ਕਈ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਨ੍ਹਾਂ ਵਿਚ ਅਰਬਨ ਅਸਟੇਟ ਫੀਡਰ ਸਵੇਰੇ 7.20 ’ਤੇ ਬੰਦ ਹੋਇਆ ਅਤੇ ਬਿਜਲੀ ਸਪਲਾਈ 11 ਘੰਟਿਆਂ ਬਾਅਦ ਸ਼ਾਮ ਨੂੰ 6.15 ਵਜੇ ਚਾਲੂ ਹੋਈ। ਇਸੇ ਤਰ੍ਹਾਂ ਕੈਂਟ ਦੇ ਲਾਲ ਕੁੜਤੀ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਬੰਦ ਹੋਈ ਅਤੇ ਸ਼ਾਮ ਨੂੰ 5.12 ’ਤੇ ਚਾਲੂ ਹੋਈ। ਡੀ. ਏ. ਵੀ. ਕਾਲਜ ਫੀਡਰ ਵਿਚ ਸਵੇਰੇ 9.30 ’ਤੇ ਬੰਦ ਹੋਈ ਬਿਜਲੀ ਸ਼ਾਮ 4.30 ਵਜੇ ਚਾਲੂ ਹੋਈ। ਇਨ੍ਹਾਂ 7 ਘੰਟਿਆਂ ਦੌਰਾਨ ਸਬੰਧਤ ਫੀਡਰ ਅਧੀਨ ਆਉਂਦੇ ਘਰੇਲੂ ਖਪਤਕਾਰਾਂ ਸਮੇਤ ਦੁਕਾਨਦਾਰਾਂ ਅਤੇ ਹੋਰ ਕਮਰਸ਼ੀਅਲ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਜਲੰਧਰ ਕੁੰਜ, ਪੀ. ਏ. ਪੀ., ਨੂਰਪੁਰ, ਗਰੀਨ ਮਾਰਕੀਟ, ਜੋਤੀ ਚੌਕ, ਸਬਜ਼ੀ ਮੰਡੀ, ਗੋਪਾਲ ਨਗਰ, ਮਾਈ ਹੀਰਾਂ ਗੇਟ, ਨੀਲਾਮਹਿਲ, ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਐਨਕਲੇਵ, ਰਾਮਾ ਮੰਡੀ, ਬਸਤੀਆਂ ਦੇ ਇਲਾਕੇ, ਮਕਸੂਦਾਂ ਦੇ ਆਸ-ਪਾਸ ਦਾ ਇਲਾਕਾ, ਸੰਤੋਖਪੁਰਾ, ਗੁਰੂ ਨਾਨਕਪੁਰਾ, ਅਮਰੀਕ ਨਗਰ ਪ੍ਰਮੁੱਖ ਤੌਰ ’ਤੇ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਸ਼ਹਿਰ ਦੇ ਦਰਜਨਾਂ ਗਲੀ-ਮੁਹੱਲਿਆਂ ਵਿਚ ਛੋਟੀਆਂ-ਮੋਟੀਆਂ ਸ਼ਿਕਾਇਤਾਂ ਪੇਸ਼ ਆਈਆਂ।

ਇਹ ਵੀ ਪੜ੍ਹੋ : ਸ਼ਰਾਬ ਪੀਣ ਤੋਂ ਰੋਕਣ ’ਤੇ ਕਹੀ ਮਾਰ ਕੇ ਪਤਨੀ ਦਾ ਕਤਲ ਕਰਨ ਵਾਲਾ ਪਤੀ ਗ੍ਰਿਫਤਾਰ

PunjabKesari

ਰੈਣਕ ਬਾਜ਼ਾਰ ’ਚ ਟਰਾਂਸਫਾਰਮਰ ’ਚੋਂ ਨਿਕਲੇ ਪਟਾਕੇ, ਮਚੀ ਭਗਦੜ
ਸ਼ਹਿਰ ਦੇ ਸਭ ਤੋਂ ਬਿਜ਼ੀ ਰੈਣਕ ਬਾਜ਼ਾਰ ਵਿਚ ਲੱਗਾ 200 ਕੇ. ਵੀ. ਏ. ਦਾ ਟਰਾਂਸਫਾਰਮਰ ਸਵੇਰੇ 11.20 ਦੇ ਲਗਭਗ ਫਾਲਟ ਪੈਣ ਕਾਰਨ ਸ਼ਾਰਟ ਹੋ ਗਿਆ ਅਤੇ ਇਸ ਵਿਚੋਂ ਪਟਾਕੇ ਅਤੇ ਚੰਗਿਆੜੀਆਂ ਨਿਕਲਣ ਲੱਗੀਆਂ। ਅੱਗ ਇੰਨੀ ਭਿਆਨਕ ਰੂਪ ਅਖਤਿਆਰ ਕਰ ਚੁੱਕੀ ਸੀ ਕਿ ਇਸ ਨਾਲ ਭਗਦੜ ਮਚ ਗਈ ਅਤੇ ਲੋਕ ਆਪਣੇ ਵਾਹਨਾਂ ਨੂੰ ਛੱਡ ਕੇ ਸੁਰੱਖਿਅਤ ਥਾਂ ’ਤੇ ਜਾਣ ਲੱਗੇ। ਸਿਵਲ ਲਾਈਨ ਸਬ-ਡਵੀਜ਼ਨ ਅਧੀਨ ਆਉਂਦੇ ਇਸ ਇਲਾਕੇ ’ਚ ਟਰਾਂਸਫਾਰਮਰ ਸ਼ਾਰਟ ਹੋਣ ਨਾਲ 2 ਘੰਟੇ ਤਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਸਬੰਧਤ ਜੇ. ਈ. ਕਮਲੇਸ਼ ਨੇ ਬਾਰਿਸ਼ ਵਿਚ ਰਿਪੇਅਰ ਦਾ ਕੰਮ ਕਰ ਕੇ ਸਪਲਾਈ ਨੂੰ ਚਾਲੂ ਕਰਵਾਇਆ।

 

PunjabKesari

ਮਾਡਲ ਟਾਊਨ ’ਚ 265 ਸ਼ਿਕਾਇਤਾਂ ਨਾਲ ਨਜਿੱਠਣ ਲਈ ਸਿਰਫ 2 ਕਰਮਚਾਰੀ
ਮਾਡਲ ਟਾਊਨ ਸਬ-ਡਿਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਸਬ-ਡਵੀਜ਼ਨ ਅਧੀਨ ਰਾਤ 10 ਵਜੇ ਤਕ 265 ਸ਼ਿਕਾਇਤਾਂ ਪ੍ਰਾਪਤ ਹੋਈਆਂ। ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਰਹੀ ਕਿ ਇਨ੍ਹਾਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਇਕ ਟੀਮ ਉਪਲੱਬਧ ਸੀ, ਜਿਸ ਵਿਚ 2 ਕਰਮਚਾਰੀ ਕੰਮ ਕਰ ਰਹੇ ਸਨ। ਪਾਸ਼ ਇਲਾਕਾ ਹੋਣ ਦੇ ਬਾਵਜੂਦ ਇਥੇ ਕਰਮਚਾਰੀਆਂ ਦੀ ਉਪਲੱਬਧਤਾ ਨਾ ਹੋਣਾ ਵਿਭਾਗੀ ਨੀਤੀਆਂ ’ਤੇ ਸਵਾਲ ਉਠਾਉਂਦਾ ਹੈ।

ਇਹ ਵੀ ਪੜ੍ਹੋ : ਨਸ਼ਿਆਂ ’ਤੇ ਕਾਬੂ ਪਾਉਣ ਲਈ ਪੰਜਾਬ ’ਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇ : ਚੁਘ

ਕਈ ਬਾਜ਼ਾਰਾਂ ਦੇ ਦੁਕਾਨਦਾਰਾਂ ਨੇ ਹਨ੍ਹੇਰੇ ’ਚ ਸਮਾਂ ਗੁਜ਼ਾਰਿਆ
ਬੱਤੀ ਗੁੱਲ ਹੋਣ ਕਾਰਨ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀਆਂ ਆਈਆਂ। ਰੌਸ਼ਨੀ ਘੱਟ ਹੋਣ ਕਾਰਨ ਤੰਗ ਬਾਜ਼ਾਰਾਂ ਵਿਚ ਹਨੇਰਾ ਛਾਇਆ ਰਿਹਾ ਕਿਉਂਕਿ ਧੁੱਪ ਤੋਂ ਬਚਣ ਲਈ ਦੁਕਾਨਦਾਰਾਂ ਨੇ ਗਲੀ ਦੀ ਛੱਤ ਅਤੇ ਦੁਕਾਨ ਦੇ ਅੱਗੇ ਦੇ ਹਿੱਸੇ ਨੂੰ ਬੋਰਡ ਅਤੇ ਤਰਪਾਲਾਂ ਨਾਲ ਢਕਿਆ ਹੋਇਆ ਹੈ। ਇਸ ਕਾਰਨ ਬੱਤੀ ਗੁੱਲ ਰਹਿਣ ’ਤੇ ਦੁਕਾਨਾਂ ਵਿਚ ਸਹੀ ਢੰਗ ਨਾਲ ਰੌਸ਼ਨੀ ਨਹੀਂ ਆਉਂਦੀ।

ਐੱਸ. ਡੀ. ਓ., ਐਕਸੀਅਨ ਫੀਲਡ ’ਚ ਰਹੇ ਤਾਇਨਾਤ : ਇੰਜੀ. ਚੁਟਾਨੀ
ਸਰਕਲ ਹੈੱਡ ਇੰਜੀ. ਗੁਲਸ਼ਨ ਕੁਮਾਰ ਚੁਟਾਨੀ ਨੇ ਕਿਹਾ ਕਿ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਜੇ. ਈ., ਐੱਸ. ਡੀ. ਓ. ਅਤੇ ਐਕਸੀਅਨ ਫੀਲਡ ਵਿਚ ਡਿਊਟੀ ’ਤੇ ਤਾਇਨਾਤ ਰਹੇ ਤਾਂ ਜੋ ਸਪਲਾਈ ਨੂੰ ਚਾਲੂ ਕਰਵਾਇਆ ਜਾ ਸਕੇ। ਇੰਜੀ. ਚੁਟਾਨੀ ਨੇ ਕਿਹਾ ਕਿ ਹਰੇਕ ਫੀਡਰ ਵਿਚ ਸੈਂਕੜੇ ਕੁਨੈਕਸ਼ਨ ਚੱਲਦੇ ਹਨ, ਜਿਸ ਕਾਰਨ ਵਿਭਾਗ ਦਾ ਮੁੱਖ ਫੋਕਸ ਫੀਡਰਾਂ ’ਤੇ ਰਿਹਾ। ਦੇਰ ਸ਼ਾਮ ਪੂਰੇ ਸ਼ਹਿਰ ਦੀ ਸਪਲਾਈ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਖ਼ਿਲਾਫ਼ ਕੇਸ ਦਰਜ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


 


Anuradha

Content Editor

Related News