ਭਾਜਪਾ ਮਹਿਲਾ ਆਗੂ ਕੋਲੋਂ ਤਿੰਨ ਲੱਖ ਦੀ ਮੰਗੀ ਫਿਰੌਤੀ, ਪੈਸੇ ਨਾ ਭੇਜਣ 'ਤੇ ਦਿੱਤੀ ਧਮਕੀ
Sunday, Feb 26, 2023 - 09:59 AM (IST)
ਖੰਨਾ ( ਬਿਪਨ)- ਖੰਨਾ ਦੇ ਇੱਕ ਭਾਜਪਾ ਮਹਿਲਾ ਆਗੂ ਨੂੰ ਵਟਸਐਪ ਨੰਬਰ 'ਤੇ ਧਮਕੀ ਭਰਿਆ ਸੁਨੇਹਾ ਭੇਜ ਕੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਪੈਸੇ ਨਾ ਭੇਜਣ 'ਤੇ ਗੋਲੀਆਂ ਨਾਲ ਭੁੰਨਣ ਦੀ ਧਮਕੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਮੁੱਢਲੇ ਤੌਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਇਹ ਧਮਕੀ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਉਪ ਪ੍ਰਧਾਨ ਮਨੀਸ਼ਾ ਸੂਦ ਨੂੰ ਦਿੱਤੀ ਗਈ। ਮਨੀਸ਼ਾ ਦੇ ਮੋਬਾਈਲ ਨੰਬਰ 'ਤੇ ਕਿਉ ਆਰ ਕੋਡ ਅਤੇ ਧਮਕੀ ਭਰਿਆ ਸੁਨੇਹਾ ਭੇਜ ਕੇ 3 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਮਨੀਸ਼ਾ ਸੂਦ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਜੇ ਸੂਦ ਦੀ ਪਤਨੀ ਹੈ। ਅਜੇ ਸੂਦ ਨੇ ਪੁਲਸ ਨੂੰ ਦੱਸਿਆ ਕਿ 21 ਫਰਵਰੀ ਨੂੰ ਰਾਤ 9.34 ਵਜੇ ਵਟਸਐਪ 'ਤੇ ਉਸ ਦੀ ਪਤਨੀ ਮਨੀਸ਼ਾ ਸੂਦ ਦੇ ਫ਼ੋਨ 'ਤੇ ਕਿਉ ਆਰ ਕੋਡ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਇਸ ਦੇ ਨਾਲ ਹੀ ਮੈਸੇਜ 'ਚ ਤਿੰਨ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ। ਇਸ ਦੇ ਨਾਲ ਹੀ ਦੂਜੇ ਫ਼ੋਨ ਤੋਂ ਫ਼ੋਨ ਕਰਕੇ ਧਮਕੀਆਂ ਵੀ ਦਿੱਤੀਆਂ ਗਈਆਂ। ਮੈਸੇਜ 'ਚ ਫਿਰੌਤੀ ਦੀ ਰਕਮ ਨਾ ਦੇਣ 'ਤੇ ਉਨ੍ਹਾਂ ਨੂੰ ਮਾਰਨ ਦੀ ਗੱਲ ਕਹੀ ਗਈ ਹੈ। ਅਜੇ ਸੂਦ ਨੇ ਇਸ ਮੈਸੇਜ ਦਾ ਸਕ੍ਰੀਨ ਸ਼ਾਟ ਵੀ ਪੁਲਸ ਨੂੰ ਸੌਂਪਿਆ ਹੈ। ਅਜੇ ਸੂਦ ਨੇ ਇਨ੍ਹਾਂ ਅਣਪਛਾਤੇ ਲੋਕਾਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ ਹੈ। ਪੁਲਸ ਕੋਲੋਂ ਪਰਿਵਾਰ ਦੀ ਸੁਰੱਖਿਆ ਦੇ ਵੀ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਐੱਸ.ਐੱਚ.ਓ ਸੰਦੀਪ ਕੁਮਾਰ ਨੇ ਮੁਕੱਦਮਾ ਦਰਜ ਕਰਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਕਥਿਤ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਤਕਨੀਕੀ ਤਰੀਕੇ ਨਾਲ ਜਾਂਚ ਚੱਲ ਰਹੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।