2022 ’ਚ ਪੰਜਾਬ ’ਚ ਭਾਜਪਾ ਬਣਾਵੇਗੀ ਸਰਕਾਰ : ਅਸ਼ਵਨੀ ਸ਼ਰਮਾ
Sunday, Apr 04, 2021 - 02:37 AM (IST)
ਚੰਡੀਗੜ੍ਹ,(ਸ਼ਰਮਾ)- ਭਾਜਪਾ ਪੰਜਾਬ ਵਲੋਂ ਭਾਜਪਾ ਪ੍ਰਦੇਸ਼ ਯੁਵਾ ਮੋਰਚਾ ਅਤੇ ਭਾਜਪਾ ਪ੍ਰਦੇਸ਼ ਮਹਿਲਾ ਮੋਰਚਾ ਦੀ ਪੰਜਾਬ ਕਾਰਜਕਾਰਨੀ ਮੀਟਿੰਗ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਦੇ ਆਡੀਟੋਰੀਅਮ ਵਿਚ ਆਯੋਜਿਤ ਕੀਤੀ ਗਈ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੌਮੀ ਸੈਕਟਰੀ ਅਤੇ ਸੂਬਾ ਸਹਿ ਇੰਚਾਰਜ ਡਾ. ਨਰਿੰਦਰ ਸਿੰਘ ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਦੋਵਾਂ ਕਾਰਜਕਾਰਨੀਆਂ ਦਾ ਉਦਘਾਟਨ ਦੀਪ ਜਗਾ ਕੇ ਕੀਤਾ ਗਿਆ।
ਸੂਬਾ ਮਹਿਲਾ ਮੋਰਚੇ ਦੀ ਕਾਰਜਕਾਰਨੀ ਦਾ ਆਯੋਜਨ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਉਧਰ ਦੂਜੇ ਪਾਸੇ, ਭਾਜਪਾ ਪ੍ਰਦੇਸ਼ ਯੁਵਾ ਮੋਰਚਾ ਦੀ ਕਾਰਜਕਾਰਨੀ ਦੀ ਪ੍ਰਧਾਨਗੀ ਸੂਬਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਨੇ ਕੀਤੀ। ਦੋਵਾਂ ਕਾਰਜਕਾਰਨੀਆਂ ਵਿਚ ਪਿਛਲੇ ਸਾਲ ਦੌਰਾਨ ਕੀਤੀਆਂ ਗਈਆਂ ਸੰਗਠਨਾਤਮਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਸਮੀਖਿਆ ਕੀਤੀ ਗਈ.ਅਤੇ ਕੋਵਿਡ-19 ਦੌਰਾਨ ਮਹਿਲਾ ਮੋਰਚਾ ਅਤੇ ਯੁਵਾ ਮੋਰਚਾ ਵਰਕਰਾਂ ਨੂੰ ਜਨਤਾ ਦੇ ਹਿੱਤਾਂ ਲਈ ਕੀਤੇ ਸੇਵਾ ਕਾਰਜਾਂ ਲਈ ਵਧਾਈ ਦਿੱਤੀ ਗਈ।
ਅਸ਼ਵਨੀ ਸ਼ਰਮਾ ਨੇ ਵਰਕਰਾਂ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਮੈਦਾਨ ਵਿਚ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਜਪਾ ਪਹਿਲੀ ਵਾਰ ਆਪਣੇ ਬਲਬੂਤੇ ’ਤੇ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਦੇ ਲਈ, ਹਰ ਵਰਕਰ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਹਰ ਵਰਕਰ ਨੂੰ ਆਪਣੇ ਖੇਤਰ ਦੇ ਲੋਕਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਸੂਬੇ ਦੀ ਭਿ੍ਰਸ਼ਟ ਕਾਂਗਰਸ ਸਰਕਾਰ ਦੀ ਲੋਕ ਵਿਰੋਧੀ ਸੋਚ ਬਾਰੇ ਜਾਣਕਾਰੀ ਦੇ ਕੇ ਭਾਜਪਾ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮੋਰਚਾ ਅਤੇ ਯੁਵਾ ਮੋਰਚਾ ਦੋਵੇਂ ਹੀ ਸਮਾਜ ਲਈ ਸ਼ਾਨਦਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ, ਕਿਉਂਕਿ ਸੂਬੇ ਦੇ ਲੋਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਅਗਾਮੀ ਚੋਣਾਂ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਵਰਕਰਾਂ ਤੋਂ ਸੁਝਾਅ ਵੀ ਮੰਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵਲੋਂ ਆਉਣ ਵਾਲੇ ਦਿਨਾਂ ਵਿਚ ਕੈਪਟਨ ਸਰਕਾਰ ਤੋਂ ਤੰਗ ਜਨਤਾ ਨੂੰ ਜਾਗਰੂਕ ਕਰਨ ਲਈ ਇਕ ਵਿਸ਼ਾਲ ਅਤੇ ਵਿਆਪਕ ਮੁਹਿੰਮ ਚਲਾਈ ਜਾਵੇਗੀ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜ ਵਿਚ ਪੰਜਾਬ ਵਿਚ ਹਰ ਜਗ੍ਹਾ ਗੈਂਗਸਟਰਾਂ ਅਤੇ ਮਾਫੀਆ ਦਾ ਬੋਲਬਾਲਾ ਹੈ, ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਸੂਬੇ ’ਚ ਨਹੀਂ ਹੈ, ਕੋਈ ਵੀ ਪੁਲਸ ਦੀ ਗਲ ਨੂੰ ਹੱਥ ਪਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਵਿਧਾਇਕ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸੂਬੇ ਦੇ ਲੋਕਾਂ ਦੀ ਰੱਖਿਆ ਕੀ ਕਰੇਗਾ?